Close

Recent Posts

ਪੰਜਾਬ

ਕ੍ਰਿਕਟ ਦਾ ਚੈਂਪੀਅਨ ਹੁਣ ਬਣੇਗਾ ਕੈਂਸਰ ਖ਼ਾਤਮੇ ਦਾ ਚੈਂਪੀਅਨ: ਯੁਵਰਾਜ ਸਿੰਘ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸਕ੍ਰੀਨਿੰਗ ਮੁਹਿੰਮ ਦੀ ਕਰਨਗੇ ਅਗਵਾਈ

ਕ੍ਰਿਕਟ ਦਾ ਚੈਂਪੀਅਨ ਹੁਣ ਬਣੇਗਾ ਕੈਂਸਰ ਖ਼ਾਤਮੇ ਦਾ ਚੈਂਪੀਅਨ: ਯੁਵਰਾਜ ਸਿੰਘ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸਕ੍ਰੀਨਿੰਗ ਮੁਹਿੰਮ ਦੀ ਕਰਨਗੇ ਅਗਵਾਈ
  • PublishedOctober 12, 2026

ਕੈਂਸਰ ਦੇ ਫੈਲਣ ਤੋਂ ਪਹਿਲਾਂ ਇਲਾਜਯੋਗ ਪੜਾਅ ‘ਤੇ ਹੀ ਇਸ ਦੀ ਪਛਾਣ ਕਰਨ ਲਈ ਸਿਹਤ ਵਿਭਾਗ ਪੱਬਾਂ ਭਾਰ : ਡਾ. ਬਲਬੀਰ ਸਿੰਘ

ਪਟਿਆਲਾ ਵਿੱਚ ਪ੍ਰੀਵੈਂਟਿਵ ਸਕ੍ਰੀਨਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਲਈ ਸਿਹਤ ਵਿਭਾਗ ਵੱਲੋਂ ‘ਯੂ.ਵੁਈ.ਕੈਨ.‘ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

12 ਮਹੀਨਿਆਂ ਵਿੱਚ 20,000 ਵਿਅਕਤੀਆਂ ਦੀ ਹੋਵੇਗੀ ਜਾਂਚ; 10,000 ਔਰਤਾਂ ਦੀ ਦਰਦ ਅਤੇ ਰੇਡੀਏਸ਼ਨ-ਮੁਕਤ ‘ਆਈ-ਬ੍ਰੈਸਟ ਐਗਜ਼ਾਮ‘ ਰਾਹੀਂ ਕੀਤੀ ਜਾਵੇਗੀ ਜਾਂਚ

ਚੰਡੀਗੜ੍ਹ, 12 ਅਕਤੂਬਰ 2026 (ਦੀ ਪੰਜਾਬ ਵਾਇਰ)– ਜ਼ਮੀਨੀ ਪੱਧਰ ‘ਤੇ ਕੈਂਸਰ ਦੀ ਸਕ੍ਰੀਨਿੰਗ ਅਤੇ ਸ਼ੁਰੂਆਤੀ ਪੜਾਅ ਵਿੱਚ ਜਾਂਚ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਭਾਰਤ ਦੇ ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਸਥਾਪਤ ‘ਯੂ.ਵੁਈ.ਕੈਨ. ਫਾਊਂਡੇਸ਼ਨ’ ਨਾਲ ਜ਼ਿਲ੍ਹਾ ਪਟਿਆਲਾ ਵਿਖੇ ਛਾਤੀ ਅਤੇ ਮੂੰਹ ਦੇ ਕੈਂਸਰ ਦੀ ਵਿਆਪਕ ਸਕ੍ਰੀਨਿੰਗ ਦਾ ਪ੍ਰਾਜੈਕਟ ਚਲਾਉਣ ਲਈ ਇੱਕ ਸਮਝੌਤਾ ਸਹੀਬੰਦ (ਐਮ.ਓ.ਯੂ.) ਕੀਤਾ ਹੈ।

ਇਸ ਸਮਝੌਤੇ ‘ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ ਯੁਵਰਾਜ ਸਿੰਘ ਫਾਊਂਡੇਸ਼ਨ ਦੀ ਟਰੱਸਟੀ ਪੂਨਮ ਨੰਦਾ ਵੱਲੋਂ ਰਸਮੀ ਤੌਰ ‘ਤੇ ਹਸਤਾਖ਼ਰ ਕੀਤੇ ਗਏ।

ਬਿਮਾਰੀ ਹੋਣ ਮਗਰੋਂ ਇਲਾਜ ਕਰਵਾਉਣ ਦੀ ਥਾਂ ਪਹਿਲਾਂ ਹੀ ਸਿਹਤ ਸੰਭਾਲ ਪ੍ਰਤੀ ਸਰਗਰਮ ਰਹਿਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਨਿਯਮਤ ਜਾਂਚ ਨੂੰ ਉਤਸ਼ਾਹਿਤ ਕਰਨਾ ਅਤੇ ਸਕ੍ਰੀਨਿੰਗ ਪ੍ਰਤੀ ਲੋਕਾਂ ਦੇ ਡਰ ਨੂੰ ਦੂਰ ਕਰਨਾ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਜਿਸ ਤਰ੍ਹਾਂ ਯੁਵਰਾਜ ਸਿੰਘ ਨੇ ਕ੍ਰਿਕਟ ਦੇ ਮੈਦਾਨ ਵਿੱਚ ਭਾਰਤੀ ਕ੍ਰਿਕਟ ਟੀਮ ਦੀਆਂ ਇਤਿਹਾਸਕ ਜਿੱਤਾਂ ਦੀ ਅਗਵਾਈ ਕੀਤੀ ਅਤੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਕੈਂਸਰ ਨੂੰ ਮਾਤ ਦਿੱਤੀ, ਉਸੇ ਤਰ੍ਹਾਂ ਹੁਣ ਉਹ ਸਾਡੇ ਲੋਕਾਂ ਵਿੱਚ ਸਮੇਂ ਸਿਰ ਜਾਂਚ ਦੀ ਮੁਹਿੰਮ ਦੀ ਅੱਗੇ ਹੋ ਕੇ ਅਗਵਾਈ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੈਂਸਰ ਦੀ ਪਛਾਣ ਸ਼ੁਰੂਆਤੀ ਦੌਰ ਵਿੱਚ ਹੋ ਜਾਵੇ ਤਾਂ ਇਹ ਪੂਰੀ ਤਰ੍ਹਾਂ ਇਲਾਜਯੋਗ ਹੈ।

ਸਿਹਤ ਮੰਤਰੀ ਨੇ ਅੱਗੇ ਕਿਹਾ, “ਸਾਡਾ ਟੀਚਾ ਬਿਲਕੁਲ ਸਪੱਸ਼ਟ ਹੈ: ਕੈਂਸਰ ਦੇ ਫੈਲਣ ਤੋਂ ਪਹਿਲਾਂ ਹੀ, ਜਦੋਂ ਇਹ ਇਲਾਜਯੋਗ ਹੈ, ਇਸ ਦੀ ਪਛਾਣ ਕਰਨਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਅਸੀਂ ਆਧੁਨਿਕ ਅਤੇ ਦਰਦ-ਰਹਿਤ ਸਕ੍ਰੀਨਿੰਗ ਸੁਵਿਧਾ ਸਿੱਧੀ ਲੋਕਾਂ ਦੇ ਦਰ ਤੱਕ ਪਹੁੰਚਾਉਣ ਜਾ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਨਾਗਰਿਕ ਆਪਣੀ ਝਿਜਕ ਛੱਡਣ ਅਤੇ ਆਪਣੀ ਨਿਯਮਤ ਸਿਹਤ ਸੰਭਾਲ ਨੂੰ ਤਰਜੀਹ ਦੇਣ।”

ਮਰੀਜ਼ਾਂ ਨੂੰ ਮੁਕੰਮਲ ਵਿੱਤੀ ਸੁਰੱਖਿਆ ਦਾ ਭਰੋਸਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੀ ਵੱਕਾਰੀ ‘ਮੁੱਖ ਮੰਤਰੀ ਸਿਹਤ ਯੋਜਨਾ‘ (ਐੱਮ.ਐੱਮ.ਐੱਸ.ਵਾਈ.) ਤਹਿਤ ਯੋਗ ਲਾਭਪਾਤਰੀਆਂ ਨੂੰ ਕੈਂਸਰ ਦਾ ਮੁਕੰਮਲ ਇਲਾਜ ਬਿਲਕੁਲ ਮੁਫ਼ਤ ਅਤੇ ਨਕਦੀ-ਰਹਿਤ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ 12 ਮਹੀਨਿਆਂ ਦੇ ਸਾਂਝੇ ਉਪਰਾਲੇ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ 20,000 ਲਾਭਪਾਤਰੀਆਂ ਦੀ ਜਾਂਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਵਿੱਚ ਅਤਿ-ਆਧੁਨਿਕ ‘ਆਈ-ਬ੍ਰੈਸਟ-ਐਗਜ਼ਾਮ’ ਯੰਤਰ ਰਾਹੀਂ 10,000 ਔਰਤਾਂ ਦੀ ਛਾਤੀ ਦੇ ਕੈਂਸਰ ਦੀ ਵਿਸ਼ੇਸ਼ ਜਾਂਚ ਸ਼ਾਮਲ ਹੈ—ਜੋ ਕਿ ਸਹੀ ਕਲੀਨਿਕਲ ਮੁਲਾਂਕਣ ਲਈ ਤਿਆਰ ਕੀਤਾ ਗਿਆ ਇੱਕ ਨਵੀਨਤਾਕਾਰੀ, ਨਾਨ-ਇਨਵੇਸਿਵ ਅਤੇ ਰੇਡੀਏਸ਼ਨ-ਮੁਕਤ ਉਪਕਰਨ ਹੈ। ਇਸ ਤੋਂ ਇਲਾਵਾ 10,000 ਪੁਰਸ਼ਾਂ ਅਤੇ ਔਰਤਾਂ ਦੀ ਮੂੰਹ ਦੇ ਕੈਂਸਰ ਦੀ ਵਿਆਪਕ ਕਲੀਨਿਕਲ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਪ੍ਰਾਜੈਕਟ ਵਿੱਚ ਇੱਕ ਮਜ਼ਬੂਤ ਰੈਫਰਲ ਪ੍ਰਣਾਲੀ ਵੀ ਸ਼ਾਮਲ ਹੈ ਤਾਂ ਜੋ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਠੋਸ ਜਾਂਚ ਅਤੇ ਤੁਰੰਤ ਇਲਾਜ ਲਈ ਟਰਸ਼ਰੀ ਹੈਲਥ ਫੈਸੀਲਿਟੀਜ਼ ਵਿੱਚ ਭੇਜਿਆ ਜਾ ਸਕੇ।

ਸਿਹਤ ਵਿਭਾਗ ਨਾਲ ਹੱਥ ਮਿਲਾਉਣ ਲਈ ਯੂ.ਵੁਈ.ਕੈਨ. ਫਾਊਂਡੇਸ਼ਨ ਦੀ ਸ਼ਲਾਘਾ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਨੇ ਪਹਿਲਾਂ ਵੀ ਆਪਣੀ ‘ਸਵਸਥ ਮਹਿਲਾ, ਸਵਸਥ ਭਾਰਤ‘ ਮੁਹਿੰਮ ਤਹਿਤ ਸ਼ਲਾਘਾਯੋਗ ਨਤੀਜੇ ਦਿਖਾਏ ਹਨ, ਜਿਸ ਅਧੀਨ ਦੇਸ਼ ਭਰ ਵਿੱਚ ਲਗਭਗ 2,00,000 ਔਰਤਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਜ਼ਿਲ੍ਹਾ ਮੋਗਾ ਦੀਆਂ ਲਗਭਗ 14,000 ਔਰਤਾਂ ਵੀ ਸ਼ਾਮਲ ਸਨ। ਇਸੇ ਸਫ਼ਲਤਾ ਦੇ ਆਧਾਰ ‘ਤੇ ਪਟਿਆਲਾ ਵਿੱਚ ਇਹ ਟੀਚਾਬੱਧ ਪਹਿਲਕਦਮੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗੀ, ਸਕ੍ਰੀਨਿੰਗ ਸਬੰਧੀ ਝਿਜਕ ਨੂੰ ਦੂਰ ਕਰੇਗੀ ਅਤੇ ਪੰਜਾਬ ਭਰ ਵਿੱਚ ਕੈਂਸਰ ਦੀ ਰੋਕਥਾਮ ਲਈ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਦਾ ਇੱਕ ਸਫ਼ਲ ਮਾਡਲ ਸਥਾਪਤ ਕਰੇਗੀ।

ਇਸ ਮੌਕੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਸਕੱਤਰ ਹੈਲਥ-ਕਮ-ਐਮ.ਡੀ. ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ.) ਸਾਕਸ਼ੀ ਸਾਹਨੀ, ਐਮ.ਡੀ. ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਗੌਤਮ ਜੈਨ, ਸਹਾਇਕ ਡਾਇਰੈਕਟਰ-ਕਮ-ਸਟੇਟ ਪ੍ਰੋਗਰਾਮ ਅਫ਼ਸਰ (ਗ਼ੈਰ-ਸੰਚਾਰੀ ਰੋਗ) ਡਾ. ਗਗਨਦੀਪ ਸਿੰਘ ਗਰੋਵਰ ਅਤੇ ਮੈਡੀਕਲ ਅਫ਼ਸਰ ਡਾ. ਆਸ਼ੂ ਗੁਪਤਾ ਹਾਜ਼ਰ ਸਨ। ਯੂ.ਵੁਈ.ਕੈਨ. ਫਾਊਂਡੇਸ਼ਨ ਦੀ ਤਰਫ਼ੋਂ ਇਸ ਮੌਕੇ ਸੀਨੀਅਰ ਸਲਾਹਕਾਰ ਅਰਵਿੰਦ ਨੰਦਾ, ਸੀਨੀਅਰ ਪ੍ਰੋਗਰਾਮ ਮੈਨੇਜਰ ਡਾ. ਭਾਵਿਕਾ ਅਤੇ ਸੀਨੀਅਰ ਮੈਨੇਜਰ (ਨਿਗਰਾਨੀ ਅਤੇ ਮੁਲਾਂਕਣ) ਡਾ. ਦਿਵਿਆ ਮੌਜੂਦ ਸਨ।

Written By
The Punjab Wire