ਬਿਜਲੀ ਵਿਭਾਗ ਵੱਲੋਂ ਖੇਤੀਬਾੜੀ ਖਪਤਕਾਰਾਂ ਲਈ ਵੀ.ਡੀ.ਐਸ.ਸਕੀਮ ਸ਼ੁਰੂ-ਐਸ.ਡੀ.ਓ.ਅਨਮੋਲਪ੍ਰੀਤ ਸਿੰਘ
ਖੇਤੀਬਾੜੀ (ਏ.ਪੀ.) ਦੇ ਖਪਤਕਾਰ ਘੱਟ ਖਰਚੇ ਤੇ ਕਰਵਾ ਸਕਣਗੇ ਆਪਣਾ ਲੋਡ ਨਿਯਮਤ
ਜਗਰਾਉਂ, 09 ਅਕਤੂਬਰ 2026 (ਦੀ ਪੰਜਾਬ ਵਾਇਰ )- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ (ਏ.ਪੀ.) ਖਪਤਕਾਰਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਸਵੈਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਜਾਰੀ ਕੀਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਦੇ ਸਬਅਰਬਨ ਉਪ ਮੰਡਲ ਜਗਰਾਉਂ ਦੇ ਐਸ.ਡੀ.ਓ.ਇੰਜ:ਅਨਮੋਲਪ੍ਰੀਤ ਸਿੰਘ ਮਲੌਦ ਨੇ ਦੱਸਿਆ ਕਿ ਇਸ ਸਕੀਮ ਤਹਿਤ ਖੇਤੀਬਾੜੀ ਟਿਊਬਵੈਲ (ਏ.ਪੀ.) ਨਾਲ ਸਬੰਧਿਤ ਬਿਜਲੀ ਖਪਤਕਾਰ 14 ਨਵੰਬਰ 2026 ਤੱਕ ਆਪਣਾ ਲੋਡ ਵਧਾਕੇ ਨਿਯਮਤ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਵੀ.ਡੀ.ਐਸ.ਸਕੀਮ ਰਾਹੀਂ ਖੇਤੀਬਾੜੀ ਟਿਊਬਵੈਲ (ਏ.ਪੀ.) ਖਪਤਕਾਰਾਂ ਨੂੰ ਵਾਧੂ ਲੋਡ ਨਿਯਮਤ ਕਰਵਾਉਣ ਲਈ ਸਰਵਿਸ ਕੁਨੈਕਸ਼ਨ ਚਾਰਜਿਜ਼ ਪ੍ਰਤੀ ਹਾਰਸ ਪਾਵਰ 6572-00 ਰੁਪਏ ਦੀ ਬਜਾਏ 2500-00 ਰੁਪਏ ਪ੍ਰਤੀ ਹਾਰਸ ਪਾਵਰ ਅਤੇ ਸੁਰੱਖਿਆ (ਖਪਤ) 400-00 ਰੁਪਏ ਦੀ ਬਜਾਏ 200-00 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ। ਐਸ.ਡੀ.ਓ.ਇੰਜ:ਅਨਮੋਲਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਟਿਊਬਵੈਲ (ਏ.ਪੀ.) ਖਪਤਕਾਰਾਂ ਨੂੰ ਲੋਡ ਵਧਾਉਣ ਲਈ ਲੋੜੀਂਦਾ ਸਵੈ-ਘੋਸ਼ਣਾ/ਨਿਰਧਾਰਿਤ ਫਾਰਮ ਸਬੰਧਿਤ ਉਪ ਮੰਡਲ ਦਫ਼ਤਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਵੀ.ਡੀ.ਐਸ. ਸਕੀਮ ਦੀ ਚੋਣ ਕਰਨ ਵਾਲੇ ਖਪਤਕਾਰਾਂ ਤੋਂ ਤਾਜਾ ਏ.ਐਂਡ.ਏ.ਫਾਰਮ/ ਟੈਸਟ ਰਿਪੋਰਟ ਆਦਿ ਨਹੀਂ ਲਏ ਜਾਣਗੇ। ਕੇਵਲ ਅਧਾਰ ਕਾਰਡ ਜਾਂ ਪਛਾਣ ਪੱਤਰ ਦੀ ਕਾਪੀ ਲਈ ਜਾਵੇਗੀ। ਐਸ.ਡੀ.ਓ.ਇੰਜ:ਅਨਮੋਲਪ੍ਰੀਤ ਸਿੰਘ ਮਲੌਦ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਆਪਣੇ ਏਰੀਏ ਨਾਲ ਸਬੰਧਿਤ ਉਪ ਮੰਡਲ ਦਫਤਰਾਂ ਵਿੱਚ ਪਹੁੰਚਕੇ 14 ਨਵੰਬਰ ਤੋਂ ਪਹਿਲਾਂ-ਪਹਿਲਾਂ ਆਪਣਾ ਲੋਡ ਨਿਯਮਤ ਕਰਵਾਉਣ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤੀ ਗਈ ਸਵੈਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਦਾ ਲਾਹਾ ਲੈਣ।