Close

Recent Posts

ਮੁੱਖ ਖ਼ਬਰ

ਚੰਗੀ ਖ਼ਬਰ -ਦੀ ਪੰਜਾਬ ਵਾਇਰ ਦੀ ਖ਼ਬਰ ਦਾ ਹੋਇਆ ਅਸਰ, ਗੁਰਦਾਸਪੁਰ ਮੁਕੇਰਿਆਂ ਰੇਲ ਲਾਈਨ ਲਈ ਅੰਤਿਮ ਜ਼ਮੀਨੀ ਸਰਵੇ ਨੂੰ ਮਿਲੀ ਮਨਜ਼ੂਰੀ

ਚੰਗੀ ਖ਼ਬਰ -ਦੀ ਪੰਜਾਬ ਵਾਇਰ ਦੀ ਖ਼ਬਰ ਦਾ ਹੋਇਆ ਅਸਰ, ਗੁਰਦਾਸਪੁਰ ਮੁਕੇਰਿਆਂ ਰੇਲ ਲਾਈਨ ਲਈ ਅੰਤਿਮ ਜ਼ਮੀਨੀ ਸਰਵੇ ਨੂੰ ਮਿਲੀ ਮਨਜ਼ੂਰੀ
  • PublishedMay 28, 2025

ਗੁਰਦਾਸਪੁਰ, 28 ਮਈ (ਮੰਨਨ ਸੈਣੀ)। ਜਿਸ ਮਸਲੇ ‘ਚ ਸਾਲਾਂ ਤੋਂ ਸਿਰਫ਼ ਫਾਈਲਾਂ ਹੀ ਘੁੰਮ ਰਹੀਆਂ ਸਨ, ਉਸ ‘ਤੇ ‘ਦੀ ਪੰਜਾਬ ਵਾਇਰ’ ਦੀ ਖ਼ਬਰ ਨੇ ਦਮ ਲਿਆ। ਹੁਣ ਸਰਕਾਰ ਵੱਲੋਂ ਗੁਰਦਾਸਪੁਰ ਤੋਂ ਮੁਕੇਰੀਆਂ ਤੱਕ ਨਵੀਂ ਰੇਲ ਲਾਈਨ ਲਈ ਅੰਤਿਮ ਜ਼ਮੀਨੀ ਸਰਵੇ ਦੀ ਮੰਜੂਰੀ ਦੇ ਦਿੱਤੀ ਗਈ। ਇਹ ਕੋਈ ਸਧਾਰਣ ਵਿਕਾਸ ਨਹੀਂ, ਸੱਗੋਂ ਸਰਹੱਦੀ ਪੰਜਾਬ ਵਾਸੀਆਂ ਦੀ ਕਈ ਦਹਾਕਿਆਂ ਤੋਂ ਚੁੱਪ ਕਰ ਰਹੀ ਆਵਾਜ਼ ਨੂੰ ਮਿਲੀ ਅਜ਼ਾਦੀ ਹੈ। ਕੇਂਦਰ ਦੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਸੰਬੰਧੀ ਟਵੀਟ ਕਰ ਜਾਣਕਾਰੀ ਦਿੱਤੀ ਹੈ।

ਕੀ ਲਗਾਈ ਗਈ ਸੀ ਖ਼ਬਰ, ਪੜੋ

ਗੁਰਦਾਸਪੁਰ–ਮੁਕੇਰੀਆਂ ਨੂੰ ਚਾਹੀਦੀ ਹੈ ਪਟੜੀ ਤੇ ਚੌੜੀ ਸੜਕ: ਸਰਹੱਦੀ ਜ਼ਿਲ੍ਹੇ ਦੀ ਅਹਿਮ ਮੰਗ

ਅਦਭੁਤ ਸੁਰੱਖਿਆ ਕਵਰ S-400 ਨੇ ਸਰਹੱਦੀ ਕਸਬੇ ਗੁਰਦਾਸਪੁਰ ਦੀਆਂ ਉਮੀਦਾਂ ਨੂੰ ਜਗਾਇਆ

ਮੰਨਨ ਸੈਣੀ

ਗੁਰਦਾਸਪੁਰ, 5 ਮਈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਸ਼ਹਿਰ ਗੁਰਦਾਸਪੁਰ ਵਿੱਚ ਬੁਨਿਆਦੀ ਢਾਂਚੇ ਦੀ ਲਗਾਤਾਰ ਅਣਗਹਿਲੀ ਨੇ ਸੁਰੱਖਿਆ ਅਤੇ ਵਿਕਾਸ ਦੇ ਮੁੱਦਿਆਂ ਨੂੰ ਇੱਕ ਗੰਭੀਰ ਸੰਕਟ ਵਿੱਚ ਬਦਲ ਦਿੱਤਾ ਹੈ। ਸਰਹੱਦੀ ਪਿੰਡ ਪੰਧੇਰ ਵਿੱਚ ਹਾਲ ਹੀ ਵਿੱਚ ਹੋਈ ਅਚਾਨਕ ਗੋਲੀਬਾਰੀ ਅਤੇ ਰਾਜੂਬੇਲਾ ਵਿੱਚ ਹੋਏ ਧਮਾਕਿਆਂ ਨੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਇਨ੍ਹਾਂ ਘਟਨਾਵਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰਦਾਸਪੁਰ ਤੋਂ ਮੁਕੇਰੀਆਂ ਰੇਲਵੇ ਲਾਈਨ ਅਤੇ ਸੜਕ ਨੂੰ ਚਾਰ-ਮਾਰਗੀ ਬਣਾਉਣ ਦੀ ਜ਼ਰੂਰਤ ਹੁਣ ਸਿਰਫ਼ ਇੱਕ ਵਿਕਲਪ ਨਹੀਂ ਰਹੀ, ਸਗੋਂ ਇੱਕ ਜ਼ਰੂਰੀ ਹੱਲ ਬਣ ਗਈ ਹੈ ਤਾਂ ਜੋ ਫੌਜ ਦੀ ਤੇਜ਼ ਆਵਾਜਾਈ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲ ਸਕੇ। ਪਰ ਇਹ ਸਪੱਸ਼ਟਤਾ ਜੋਂ ਸਰਹੱਦੀ ਖੇਤਰ ਦੇ ਲੋਕਾਂ ਅੰਦਰ ਆਈ ਹੈ ਉਸ ਨੂੰ ਲਿਆਉਣ ਵਿੱਚ ਵੱਡਮੁੱਲਾ ਯੋਗਦਾਨ ਭਾਰਤ ਦੇ ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀ S-400 ਅਤੇ ਹੋਰ ਸੁਰੱਖਿਆ ਉਪਕਰਣਾਂ ਕਾਰਨ ਹੈ। ਜਿਸ ਕਾਰਨ ਉਨ੍ਹਾਂ ਨੇ ਹੁਣ ਸਰਕਾਰ ਤੋਂ ਮੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

15 ਦਸੰਬਰ 1971: ਇਤਿਹਾਸ ਜੋ ਕਦੇ ਨਹੀਂ ਭੁੱਲੇਗਾ

ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ 15 ਦਸੰਬਰ 1971 ਨੂੰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ‘ਤੇ ਪਾਕਿਸਤਾਨੀ ਜਹਾਜ਼ਾਂ ਨੇ ਬੰਬਾਰੀ ਕੀਤੀ ਸੀ, ਜਿਸ ਵਿੱਚ ਉੱਤਰੀ ਰੇਲਵੇ ਦੇ ਅੱਠ ਕਰਮਚਾਰੀ ਪ੍ਰਕਾਸ, ਅਛੱਰ, ਬਿਸ਼ਨ ਦਾਸ, ਓਮ ਪ੍ਰਕਾਸ਼, ਗਿਆਨ ਚੰਦ, ਹਰਬੰਸ ਲਾਲ, ਤੁਲਸੀ, ਕਿਸ਼ਨ ਗੈਂਗਮੈਨ ਪਿਆਰਾ ਸਿੰਘ ਟ੍ਰਾਲੀ ਮੈਨ ਸ਼ਹੀਦ ਹੋ ਗਏ ਸਨ। ਇਨ੍ਹਾਂ ਨਾਇਕਾਂ ਦੀ ਯਾਦ ਵਿੱਚ, ਸਟੇਸ਼ਨ ਪਰਿਸਰ ਵਿੱਚ ਸਥਾਪਿਤ ਸ਼ਹੀਦ ਸਮਾਰਕ ਅੱਜ ਵੀ ਸਾਨੂੰ ਸਰਹੱਦੀ ਖੇਤਰਾਂ ਦੀ ਸੁਰੱਖਿਆ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਦੀ ਯਾਦ ਦਿਵਾਉਂਦਾ ਹੈ। ਰੇਲਵੇ ਸਟੇਸ਼ਨ ‘ਤੇ ਹਮਲੇ ਤੋਂ ਬਾਅਦ, ਸਰਕਾਰਾਂ ਨੇ ਇਸ ਸਟੇਸ਼ਨ ਨੂੰ ਲੋੜੀਂਦਾ ਮਹੱਤਵ ਨਹੀਂ ਦਿੱਤਾ, ਪਰ ਹਾਲ ਹੀ ਵਿੱਚ ਭਾਰਤੀ ਫੌਜ ਦੁਆਰਾ ਅਭੇਦ ਸੁਰੱਖਿਆ ਢਾਲ S-400 ਹਵਾਈ ਰੱਖਿਆ ਪ੍ਰਣਾਲੀ ਨੂੰ ਅਪਣਾਉਣ ਨਾਲ ਲੋਕਾਂ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਆਈ ਹੈ। ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੇਲਵੇ ਲਿੰਕ ਅਤੇ ਚਾਰ-ਮਾਰਗੀ ਸੜਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਿਉਂਕਿ ਹੁਣ ਭਾਰਤ 1971 ਵਾਲਾ ਭਾਰਤ ਨਹੀਂ ਰਿਹਾ ਸਗੋਂ ਇੱਕ ਖੁਸ਼ਹਾਲ ਅਤੇ ਵਿਕਸਤ ਦੇਸ਼ ਬਣਨ ਵੱਲ ਵਧ ਰਿਹਾ ਹੈ।

ਹਵਾ ਵਿੱਚ ਫਟ ਰਹੇ ਡਰੋਨਾਂ ਅਤੇ ਟੁੱਟੇ ਹੋਏ ਮਲਬੇ ਨੇ ਵਧਾਇਆ ਹੌਂਸਲਾ

ਹਾਲ ਹੀ ਵਿੱਚ, ਭਾਰਤ ਪਾਕਿਸਤਾਨ ਜੰਗ ਵਰਗੀ ਸਥਿਤੀ ਦੌਰਾਨ, ਲੋਕਾਂ ਨੇ ਅਸਮਾਨ ਵਿੱਚ ਉੱਡਦੇ ਡਰੋਨਾਂ ਦੀ ਗਤੀਵਿਧੀ ਅਤੇ ਫੌਜ ਦੁਆਰਾ ਉਨ੍ਹਾਂ ਨੂੰ ਨਸ਼ਟ ਕੀਤੇ ਜਾਣ ਨੂੰ ਰਿਕਾਰਡ ਕੀਤਾ। ਕੋਈ ਪਤਾ ਨਹੀਂ ਸੋਸ਼ਲ ਮੀਡੀਆ ‘ਤੇ ਅਜੇ ਵੀ ਅਜਿਹੇ ਕਿੰਨੇ ਧਮਾਕੇ ਭਰੀਆਂ ਵੀਡੀਓ ਚੱਲ ਰਹੀਆਂ। ਪਰ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਫੌਜ ਦੀ ਤਾਕਤ ਨੂੰ ਦੇਖਿਆ ਜਿਸ ਨਾਲ ਆਮ ਲੋਕਾਂ ਦਾ ਆਪਣੀ ਫੌਜ ਪ੍ਰਤੀ ਸਤਿਕਾਰ ਅਤੇ ਵਿਸ਼ਵਾਸ ਵਧਿਆ। ਜਿਸ ਕਾਰਨ ਗੁਰਦਾਸਪੁਰ ਦੇ ਵਸਨੀਕਾਂ ਨੇ ਹੁਣ ਰੇਲਵੇ ਲਾਈਨ ਅਤੇ ਸੜਕ ਨੂੰ ਚਾਰ-ਮਾਰਗੀ ਕਰਨ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ ਹੈ।

ਰਾਸ਼ਟਰੀ ਪੁਰਸਕਾਰ ਜੇਤੂ ਰੋਮੇਸ਼ ਮਹਾਜਨ ਦਾ ਮੰਨਣਾ ਹੈ ਕਿ ਹੁਣ ਜਦੋਂ ਭਾਰਤ ਸੁਰੱਖਿਆ ਦੇ ਮਾਮਲੇ ਵਿੱਚ ਨਵੀਨਤਮ ਤਕਨਾਲੋਜੀ ਨਾਲ ਭਰਪੂਰ ਹੈ, ਇਹ ਦੋਵੇਂ ਪ੍ਰੋਜੈਕਟ ਜ਼ਿਲ੍ਹੇ ਦੀ ਸੁਰੱਖਿਆ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਸਥਾਨਕ ਕਾਰੋਬਾਰੀਆਂ ਰਾਕੇਸ਼ ਕੁਮਾਰ ਅਤੇ ਮੁਨੀਲ ਤੁਲੀ ਨੇ ਵੀ ਉਮੀਦ ਪ੍ਰਗਟਾਈ ਕਿ ਬਿਹਤਰ ਬੁਨਿਆਦੀ ਢਾਂਚੇ ਨਾਲ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਉਦਯੋਗਪਤੀ ਹਰਜਿੰਦਰ ਸਿੰਘ ਧੰਜਲ ਅਤੇ ਪਰਮਿੰਦਰ ਸਿੰਘ ਧੰਜਲ ਨੇ ਵੀ ਸਰਕਾਰ ਨੂੰ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਡਾ. ਕੇ.ਐਸ.ਬੱਬਰ, ਡਾ ਹਰਜੋਤ ਬੱਬਰ, ਡਾ ਰੁਪਿੰਦਰ, ਡਾ ਪਾਇਲ ਅਰੋੜਾ, ਡਾ. ਰੋਮਿੰਦਰ ਕਲੇਰ ਅਤੇ ਡਾ. ਰਾਜਨ ਨੇ ਕਿਹਾ ਕਿ ਕਈ ਵਾਰ ਮਰੀਜ਼ਾਂ ਨੂੰ ਚੰਡੀਗੜ੍ਹ ਜਾਂ ਜਲੰਧਰ ਭੇਜਣਾ ਪੈਂਦਾ ਹੈ ਪਰ ਸੜਕ ਚਾਰ ਮਾਰਗੀ ਨਾ ਹੋਣ ਕਾਰਨ ਬਹੁਤ ਸਮਾਂ ਲੱਗਦਾ ਹੈ। ਜੇਕਰ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਇਹ ਗੁਰਦਾਸਪੁਰ ਲਈ ਬਹੁਤ ਮਹੱਤਵਪੂਰਨ ਹੋਵੇਗਾ।

ਕਿਸਾਨਾਂ ਦੀਆਂ ਸਮੱਸਿਆਵਾਂ

ਅਲੀਸ਼ੇਰ ਦੇ ਵਸਨੀਕ ਕਿਸਾਨ ਨਿਰਮਲ ਸਿੰਘ ਅਤੇ ਰਿੰਕੂ ਦਾ ਕਹਿਣਾ ਹੈ ਕਿ ਚਾਰ-ਮਾਰਗੀ ਸੜਕ ਨਾ ਹੋਣ ਕਾਰਨ ਉਨ੍ਹਾਂ ਨੂੰ ਗੰਨੇ ਦੀ ਫ਼ਸਲ ਨੂੰ ਮੁਕੇਰੀਆਂ ਦੀ ਖੰਡ ਮਿੱਲ ਤੱਕ ਪਹੁੰਚਾਉਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਰਸਤੇ ਅੰਦਰ ਜਾਮ ਲੱਗ ਜਾਂਦਾ ਹੈ, ਟ੍ਰੈਫਿਕ ਬਹੁਤ ਜਿਆਦਾ ਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਹੀ ਚਾਰ ਮਾਰਗੀ ਬਣਾਇਆ ਜਾਵੇ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਹੋਣ।

ਮੁੱਖ ਚੁਣੌਤੀ: ਬਿਆਸ ਦਰਿਆ

ਰੇਲਵੇ ਅਤੇ ਚਾਰ-ਮਾਰਗੀ ਸੜਕ ਪ੍ਰੋਜੈਕਟ ਦੇ ਨਿਰਮਾਣ ਵਿੱਚ ਵੱਡੀ ਚੁਣੌਤੀ ਬਿਆਸ ਦਰਿਆ ਹੈ। ਹਾਲਾਂਕਿ, ਇਹ ਕੋਈ ਅਜਿਹੀ ਰੁਕਾਵਟ ਨਹੀਂ ਹੈ ਜਿਸਨੂੰ ਪਾਰ ਕਰਨਾ ਅਸੰਭਵ ਹੋਵੇ, ਕਿਉਂਕਿ ਸਰਕਾਰਾਂ ਨੇ ਪਹਿਲਾਂ ਵੀ ਇਸ ਨਦੀ ਉੱਤੇ ਪੁਲ ਬਣਾਏ ਹਨ। ਰੇਲਵੇ ਅਤੇ ਸੜਕ ਨਿਰਮਾਣ ਇੱਕੋ ਸਮੇਂ ਸ਼ੁਰੂ ਕਰਨ ਨਾਲ ਜ਼ਮੀਨ ਪ੍ਰਾਪਤੀ ਅਤੇ ਨਿਰਮਾਣ ਕਾਰਜ ਤੇਜ਼ ਹੋਣਗੇ।

ਮੁਕੇਰੀਆਂ ਅਤੇ ਪਠਾਨਕੋਟ ਵਿਚਕਾਰ ਕੋਈ ਰੇਲਵੇ ਸਟੇਸ਼ਨ ਨਹੀਂ ਹੈ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮੁਕੇਰੀਆਂ ਤੋਂ ਪਠਾਨਕੋਟ ਛਾਉਣੀ ਤੱਕ ਰੇਲਵੇ ਲਾਈਨ ਹੈ। ਪਰ ਇਸ ਦੇ ਵਿਚਕਾਰ ਕੋਈ ਸਟੇਸ਼ਨ ਨਹੀਂ ਹੈ। ਜੇਕਰ ਰੇਲਵੇ ਮੁਕੇਰੀਆਂ ਨੂੰ ਗੁਰਦਾਸਪੁਰ ਰਾਹੀਂ ਪਠਾਨਕੋਟ ਨਾਲ ਜੋੜਿਆਂ ਜਾਂਦਾ ਹੈ, ਤਾਂ ਇਨ੍ਹਾਂ ਦੋਵਾਂ ਵਿਚਕਾਰ ਦੋ ਤੋਂ ਤਿੰਨ ਗੁਰਦਾਸਪੁਰ, ਦੀਨਾਨਗਰ, ਸਰਨਾ ਸਟੇਸ਼ਨ ਮਿਲਣਗੇ, ਜਿਸ ਨਾਲ ਰੇਲਵੇ ਦੀ ਆਮਦਨ ਵਧੇਗੀ ਅਤੇ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ।

ਸਥਾਨਕ ਲੀਡਰਸ਼ਿਪ ਪਹਿਲਕਦਮੀਆਂ

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਿਕ ਲੀਡਰਸ਼ਿਪ ਵੱਲੋਂ ਪਹਿਲ੍ਹਾਂ ਵੀ ਇਸ ਮਹੱਤਵਪੂਰਨ ਪ੍ਰੋਜੈਕਟ ਸੰਬੰਧੀ ਸਰਕਾਰ ਨੂੰ ਲਿਖਿਆ ਗਿਆ ਸੀ। ਸਾਬਕਾ ਸੰਸਦ ਮੈਂਬਰ ਸੰਨੀ ਦਿਓਲ ਨੇ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਸੀ, ਜਦਕਿ ਮੌਜੂਦਾ ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਸਦ ਵਿੱਚ ਇਹ ਮੁੱਦਾ ਉਠਾਇਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਚਾਰ ਮਾਰਗੀ ਸੜਕ ਸਬੰਧੀ ਮੰਗ ਪੱਤਰ ਸੌਂਪਿਆ ਹੈ। ਗੁਰਦਾਸਪੁਰ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਪਾਹੜਾ ਵੀ ਇਸ ਮਹੱਤਵਪੂਰਨ ਪ੍ਰੋਜੇਕਟ ਸੰਬੰਧੀ ਪਹਿਲਾਂ ਹਾਮੀ ਭਰ ਚੁੱਕੇ ਹਨ।

ਭਾਰਤ ਦੀ ਅਮੀਰ ਸੁਰੱਖਿਆ ਪ੍ਰਣਾਲੀ ਅਤੇ ਸਰਹੱਦੀ ਖੇਤਰਾਂ ਦੀਆਂ ਉਮੀਦਾਂ

ਭਾਰਤ ਦੇ ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀਆਂ ਜਿਵੇਂ ਕਿ S-400 ਨੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ। ਇਸ ਨਾਲ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਵੀ ਬਿਹਤਰ ਬੁਨਿਆਦੀ ਢਾਂਚੇ ਦੇ ਨਿਰਮਾਣ ਦੀਆਂ ਉਮੀਦਾਂ ਜਾਗੀਆਂ ਹਨ। ਖੇਤਰੀ ਵਿਕਾਸ ਅਤੇ ਸੁਰੱਖਿਆ ਲਈ ਰੇਲਵੇ ਲਾਈਨ ਅਤੇ ਚਾਰ-ਮਾਰਗੀ ਸੜਕ ਪ੍ਰੋਜੈਕਟਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।

Written By
The Punjab Wire