ਅਗਲੀ ਅਕਾਲੀ ਦਲ ਦੀ ਸਰਕਾਰ ਮੁਫਤ ਸਿੱਖਿਆ ਦੇ ਨਾਲ-ਨਾਲ ਹਰ ਪਰਿਵਾਰ ਲਈ ਸਾਲਾਨਾ 25 ਲੱਖ ਰੁਪਏ ਦਾ ਮੈਡੀਕਲ ਬੀਮਾ ਦੇਵੇਗੀ: ਸੁਖਬੀਰ ਸਿੰਘ ਬਾਦਲ
ਮੁੱਖ ਮੰਤਰੀ ਦੇ ਕਲੀਨ ਚਿੱਟ ਦੇ ਦਾਅਵੇ ਨੂੰ ਦਿੱਤੀ ਚੁਣੌਤੀ, ਪੁੱਛਿਆ ਕਿ ਜੇਕਰ ਕਲੀਨ ਚਿੱਟ ਮਿਲੀ ਤਾਂ ਫਿਰ ਓ ਐਸ ਡੀ ਰਾਜਬੀਰ ਘੁੰਮਣ ਤੇ ਰਿਸ਼ਤੇਦਾਰ ਅਮਰਦੀਪ ਗਰੇਵਾਲ ਸੀ ਬੀ ਆਈ ਤੋਂ ਭੱਜੇ ਕਿਉਂ
ਸੰਗਰੂਰ/ਚੰਡੀਗੜ੍ਹ, 8 ਅਕਤੂਬਰ 2026 (ਦੀ ਪੰਜਾਬ ਵਾਇਰ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਾ ਸਿਰਫ ਸੂਬੇ ਵਿਚ ਗਰੈਜੂਏਸ਼ਨ ਪੱਧਰ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਵੇਗੀ ਬਲਕਿ ਹਰ ਪਰਿਵਾਰ ਨੂੰ ਸਾਲਾਨਾ 25 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਵੀ ਦਿੱਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪੰਜਾਬ ਬਚਾਓ ਮੁਹਿੰਮ ਤਹਿਤ ਲਹਿਰਾਗਾਗਾ ਅਤੇ ਖਨੌਰੀ ਵਿਖੇ ਨਗਰ ਕੌਂਸਲ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੌਰ ਅਤੇ ਸਤਗੁਰ ਸਿੰਘ ਬੰਗੜ ਵੱਲੋਂ ਆਯੋਜਿਤ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਅਕਾਲੀ ਦਲ ਦਾ ਮੰਨਣਾ ਹੈ ਕਿ ਨਾਗਰਿਕਾਂ ਨੂੰ ਸਿੱਖਿਆ ਤੇ ਸਿਹਤ ਸੰਭਾਲ ਸਹੂਲਤਾਂ ਦੇਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਅਸੀਂ ਨਾ ਸਿਰਫ ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਗਰੈਜੂਏਸ਼ਨ ਪੱਧਰ ਤੱਕ ਮੁਫਤ ਸਿੱਖਿਆ ਪ੍ਰਦਾਨ ਕਰਾਂਗੇ ਸਗੋਂ ਕਿ ਇਹ ਵੀ ਯਕੀਨੀ ਬਣਾਵਾਂਗੇ ਕਿ ਸਾਰੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿਚ ਘੱਟ ਤੋਂ ਘੱਟ 50 ਫੀਸਦੀ ਵਿਦਿਆਰਥੀ ਗਰੀਬ ਵਰਗ ਤੋਂ ਦਾਖਲ ਕੀਤੇ ਜਾਣ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਸਿਰਫ ਵਿਆਪਕ ਭ੍ਰਿਸ਼ਟਾਚਾਰ ਕੀਤਾ ਬਲਕਿ ਨਸ਼ਿਆਂ ਦੇ ਪਸਾਰ ਤੇ ਕਾਨੂੰਨ ਵਿਵਸਥਾ ਦੇ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਵੀ ਕੀਤੀ ਹੈ।
ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਆਪ ਤੇ ਆਪਣੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਨੂੰ ਕਲੀਨ ਚਿੱਟ ਦੇਣ ਅਤੇ ਇਹ ਆਖਣ ਕਿ ਸੀ ਬੀ ਆਈ ਨੂੰ ਉਹਨਾਂ ਦੇ ਦਫਤਰ ਤੋਂ ਕੁਝ ਨਹੀਂ ਮਿਲਿਆ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਭਗਵੰਤ ਮਾਨ ਨੂੰ ਇਸ ਗੱਲ ਦੀ ਸ਼ਰਮ ਨਹੀਂ ਆ ਰਹੀ ਕਿ ਸੀ ਬੀ ਆਈ ਦੀ ਟੀਮ ਨੇ ਉਸਦੇ ਕੈਂਪ ਆਫਿਸ ’ਤੇ ਛਾਪਾ ਮਾਰਿਆ ਹੈ ਅਤੇ ਉਸਦੇ ਓ ਐਸ ਡੀ ’ਤੇ ਤਾਇਨਾਤੀਆਂ ਤੇ ਤਬਾਦਲਿਆਂ ਵਾਸਤੇ ਕਰੋੜਾਂ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੁਝ ਹੀ ਸਮੇਂ ਦੀ ਗੱਲ ਹੈ ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਰਾਜਬੀਰ ਘੁੰਮਣ ਤੇ ਅਮਰਦੀਪ ਗਰੇਵਾਲ ਜਿਹਨਾਂ ਨੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨਾਲ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਬਦਲੇ 5 ਕਰੋੜ ਰੁਪਏ ਰਿਸ਼ਵਤਖੋਰੀ ਦਾ ਸੌਦਾ ਕੀਤਾ, ਨਿਰਦੋਸ਼ ਹਨ ਤਾਂ ਫਿਰ ਉਹਨਾਂ ਨੂੰ ਭੱਜਣਾ ਨਹੀਂ ਚਾਹੀਦਾ। ਉਹਨਾਂ ਨੂੰ ਆਪਣੇ ਆਪ ਸੀ ਬੀ ਆਈ ਤੇ ਈ ਡੀ ਅੱਗੇ ਪੇਸ਼ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਸਮੇਤ ਆਪ ਦੀ ਸਿਖ਼ਰਲੀ ਲੀਡਰਸ਼ਿਪ ਜੇਲ੍ਹ ਜਾਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਸਹੀ ਮੁੱਖ ਮੰਤਰੀ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਝੂਠੇ ਵਾਅਦਿਆਂ ਤੇ ਚੁਟਕਲਿਆਂ ਨਾਲ ਤੁਹਾਨੂੰ ਮੂਰਖ ਬਣਾਇਆ। ਉਹਨਾਂ ਕਿਹਾ ਕਿ ਉਸਨੇ ਦਾਅਵਾ ਕੀਤਾ ਸੀ ਕਿ ਉਹ ਤੁਹਾਡੀਆਂ ਸ਼ਿਕਾਇਤਾਂ ਦੂਰ ਕਰਨ ਵਾਸਤੇ ਹਰਾ ਪੈਨ ਚਲਾਵੇਗਾ ਪਰ ਉਸਨੇ ਕਿਸਾਨਾਂ, ਮੁਲਾਜ਼ਮਾਂ ਤੇ ਨੌਜਵਾਨਾਂ ਨੂੰ ਕੁੱਟਣ ਵਾਸਤੇ ਹਰਾ ਪੈਨ ਵਰਤਿਆ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ’ਤੇ ਉਸਨੇ ਆਪਣੇ ਵਿਧਾਇਕਾਂ ਨੂੰ ਨਸ਼ਾ ਤਸਕਰਾਂ ਤੋਂ ਮਹੀਨੇ ਲੈਣ ਦੀ ਆਗਿਆ ਦਿੱਤੀ। ਇਹੀ ਕਾਰਨ ਹੈ ਕਿ ਅੱਜ ਪੰਜਾਬ ਵਿਚ ਨਸ਼ਿਆਂ ਦੀ ਘਰ-ਘਰ ਡਲੀਵਰੀ ਹੋ ਰਹੀ ਹੈ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਤੇਜ਼ ਰਫਤਾਰ ਵਿਕਾਸ ਕਰਨ ਤੇ ਬੁਨਿਆਦੀ ਢਾਂਚਾ ਸਿਰਜਣ ਦਾ ਰਿਕਾਰਡ ਹੈ। ਅਸੀਂ ਨਵੇਂ ਥਰਮਲ ਪਲਾਂਟ ਲਗਾ ਕੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ। ਅਸੀਂ ਮੁੜ ਅਜਿਹਾ ਹੀ ਕਰਾਂਗੇ। ਇਸੇ ਤਰੀਕੇ ਅਕਾਲੀ ਦਲ ਦੀ ਸਰਕਾਰ ਉਹਨਾਂ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਸੁਰਜੀਤ ਕਰੇਗੀ ਜਿਹਨਾਂ ਵਿਚ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਜਾਂ ਤਾਂ ਕਟੌਤੀ ਕੀਤੀ ਗਈ ਹੈ ਜਾਂ ਫਿਰ ਉਹ ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਸੀਂ ਆਟਾ ਦਾਲ ਸਕੀਮ ਤਹਿਤ ਮੌਜੂਦਾ ਸਮੇਂ ਵਿਚ ਪ੍ਰਤੀ ਪਰਿਵਾਰ ਮਿਲਦੀ 10 ਕਿਲੋ ਕਣਕ ਨੂੰ ਵਧਾ ਕੇ 50 ਕਿਲੋ ਕਰਾਂਗੇ। ਇਸੇ ਤਰੀਕੇ ਅਸੀਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਾਂਗੇ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਾਂਗੇ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਬੁਢਾਪਾ ਪੈਨਸ਼ਨ ਲਈ ਉਮਰ ਹੱਦ ਵਿਚ ਕਟੌਤੀ ਕਰਾਂਗੇ ਤੇ ਪੁਰਸ਼ਾਂ ਲਈ 60 ਸਾਲ ਤੇ ਔਰਤਾਂ ਲਈ 55 ਸਾਲ ਉਮਰ ਹੱਦ ਤੈਅ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਨੂੰ ਸਿੰਜਾਈ ਵਾਸਤੇ ਜ਼ਮੀਨਦਾਰ ਪਾਈਪਾਂ ਵਿਛਾ ਕੇ ਦਿੱਤੀਆਂ ਜਾਣਗੀਆਂ।
ਇਸ ਮੌਕੇ ਵਿਨਰਜੀਤ ਗੋਲਡੀ, ਗਗਨਦੀਪ ਸਿੰਘ ਖੰਡੇਬਾਦ ਅਤੇ ਗੁਲਜ਼ਾਰੀ ਮੂਣਕ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।