ਪੰਜਾਬ

ਅਟਾਰੀ ਵਿਚ ਪਿੰਡਾਂ ਵਾਲਿਆਂ ਨੇ ਘਰ-ਘਰ ਮੁਹਿੰਮ ਦੌਰਾਨ ਸੁਖਬੀਰ ਬਾਦਲ ਨੂੰ ਦੱਸਿਆ ਕਿ ਬੇਰੋਜ਼ਗਾਰੀ ਸਰਹੱਦੀ ਪੱਟੀ ਦੀ ਸਭ ਤੋਂ ਵੱਡੀ ਸਮੱਸਿਆ

ਅਟਾਰੀ ਵਿਚ ਪਿੰਡਾਂ ਵਾਲਿਆਂ ਨੇ ਘਰ-ਘਰ ਮੁਹਿੰਮ ਦੌਰਾਨ ਸੁਖਬੀਰ ਬਾਦਲ ਨੂੰ ਦੱਸਿਆ ਕਿ ਬੇਰੋਜ਼ਗਾਰੀ ਸਰਹੱਦੀ ਪੱਟੀ ਦੀ ਸਭ ਤੋਂ ਵੱਡੀ ਸਮੱਸਿਆ
  • PublishedOctober 7, 2026

ਕਿਹਾ ਕਿ ਨਸ਼ਾ ਤਸਕਰੀ ਕਾਰਨ ਡਕੈਤੀਆਂ ਵਧੀਆਂ। ਮੁਫਤ ਸਿੱਖਿਆ ਤੇ ਸਿਹਤ ਸਹੂਲਤਾਂ ਮੰਗੀਆਂ

ਅਕਾਲੀ ਦਲ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਨੇ ਹੁਣ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਨੂੰ ਕਲਾਵੇ ਵਿਚ ਲਿਆ

ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਲੁੱਟਣ ਬਦਲੇ ਇਹ ਜੇਲ੍ਹ ਜਾਣਗੇ

ਅਟਾਰੀ, 7 ਅਕਤੂਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਬੇਰੋਜ਼ਗਾਰੀ ਸਰਹੱਦੀ ਪੱਟੀ ਵਿਚ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਵਾਸਤੇ ਵਿਸ਼ੇਸ਼ ਸਨੱਅਤੀ ਪੈਕੇਜ ਦੇਵੇਗੀ ਅਤੇ ਖਾਲੀ ਪਈਆਂ ਤਿੰਨ ਲੱਖ ਸਰਕਾਰੀ ਆਸਾਮੀਆਂ ਭਰੇਗੀ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ।

23 ਸਾਲਾਂ ਦੀ ਸੁਖਜੀਤ ਕੌਰ ਨੇ ਇਸ ਮੁਸ਼ਕਿਲ ਬਾਰੇ ਅਕਾਲੀ ਦਲ ਪ੍ਰਧਾਨ ਦੇ ਚੀਚਾ ਪਿੰਡ ਵਿਚ ਘਰ-ਘਰ ਜਾਣ ਦੇ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਇਸ ਮੁਸ਼ਕਿਲ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੇਰੇ ਪਿਤਾ ਕੋਲ ਕੰਮ ਨਹੀਂ ਹੈ, ਮੇਰੀ ਮਾਂ ਘਰੇਲੂ ਸੁਆਣੀ ਹੈ। ਦੋਵੇਂ ਮੇਰੇ ਭਰਾ ਬੇਰੋਜ਼ਗਾਰ ਹਨ। ਉਹਨਾਂ ਨੂੰ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਰੋਜ਼ਗਾਰ ਚਾਹੀਦਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਾ ਸਿਰਫ ਸਰਹੱਦੀ ਪੱਟੀ ਵਿਚ ਉਦਯੋਗ ਲਿਆਂਦੇ ਜਾਣਗੇ ਬਲਕਿ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ-ਅੰਦਰ ਖਾਲੀ ਪਈਆਂ 3 ਲੱਖ ਆਸਾਮੀਆਂ ਵੀ ਭਰੀਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰ ਕੇ ਹਰ ਜ਼ਿਲ੍ਹੇ ਵਿਚ ਸੈਂਟਰ ਸਥਾਪਿਤ ਕਰਕੇ ਆਪਣੇ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦੇਵਾਂਗੇ। ਉਹਨਾਂ ਕਿਹਾ ਕਿ ਨੌਜਵਾਨ 10 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਲੈ ਕੇ ਉਦਮੀ ਵੀ ਬਣ ਸਕਦੇ ਹਨ।

ਚੀਚਾ ਦੇ ਜਸਵੰਤ ਸਿੰਘ ਨੇ ਸਰਦਾਰ ਬਾਦਲ ਨੂੰ ਸਰਹੱਦੀ ਪੱਟੀ ਦੀ ਇਕ ਹੋਰ ਮੁਸ਼ਕਿਲ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਇਥੇ ਬਹੁਤ ਆਸਾਨੀ ਨਾਲ ਨਸ਼ੇ ਵੇਚੇ ਜਾਂਦੇ ਹਨ ਤੇ ਨਸ਼ੇੜੀ ਲੋਕਾਂ ਵਾਸਤੇ ਮੁਸ਼ਕਿਲਾਂ ਖੜ੍ਹੀਆਂ ਕਰਦੇ ਹਨ। ਇਹ ਨਸ਼ੇੜੀ ਮੋਟਰ ਪੰਪਾਂ ’ਤੇ, ਤਾਰਾਂ ਤੇ ਹੋਰ ਸਮਾਨ ਚੋਰੀ ਕਰ ਕੇ ਨਸ਼ਾ ਖਰੀਦਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਪਿੰਡਾਂ ਵਾਲਿਆਂ ਵਿਚ ਡਰ ਦਾ ਮਾਹੌਲ ਬਣਦਾ ਹੈ ਤੇ ਔਰਤਾਂ ਹਨੇਰਾ ਹੋਣ ਮਗਰੋਂ ਘਰ ਤੋਂ ਨਿਕਲਣ ਤੋਂ ਗੁਰੇਜ਼ ਕਰਦੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪਿੰਡ ਵਿਚ ਪੰਜ ਘਰਾਂ ਦਾ ਦੌਰਾ ਕੀਤਾ, ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੀ ਅਕਾਲੀ ਦਲ ਦੀ ਸਰਕਾਰ ਤੋਂ ਪੰਜ ਆਸਾਂ ਦਾ ਜ਼ਿਕਰ ਕਰਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਾਰਮ ਭਰਨ ਅਤੇ ਪਾਰਟੀ ਹੇਠਲੇ ਪੱਧਰ ਤੱਕ ਲੋਕਾਂ ਤੋਂ ਫੀਡਬੈਕ ਲੈ ਕੇ ਆਪਣਾ ਚੋਣ ਮਨੋਰਥ ਤਿਆਰ ਕਰੇਗੀ ਜੋ 1 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।

ਸਰਦਾਰ ਬਾਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰਾਂ ਵਿਚ ਜਾ ਕੇ ਹਾਲ ਵੇਖ ਕੇ ਬਹੁਤ ਤਕਲੀਫ ਮਹਿਸੂਸ ਕਰ ਰਹੇ ਹਨ। ਉਹਨਾਂ ਦੱਸਿਆ ਕਿ ਔਰਤਾਂ ਨੇ ਉਹਨਾਂ ਨੂੰ ਦੱਸਿਆ ਕਿ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਪੂਰੀ ਪੀੜੀ ਤਬਾਹ ਕਰ ਰਹੀ ਹੈ। ਉਹਨਾਂ ਨੇ ਆਪਣੇ ਪੁੱਤਰਾਂ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਰੋਜ਼ਗਾਰ ਨਾ ਮਿਲਣ ਕਾਰਨ ਉਹ ਮਾਯੂਸ ਹਨ ਤੇ ਨਸ਼ੇ ਕਰਨ ਲੱਗ ਪੈਂਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਮੁੜ ਆਰੰਭ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਥੇ ਕਿਤੇ ਵੀ ਮੈਂ ਜਾਂਦਾ ਹਾਂ, ਲੋਕ ਮੈਨੂੰ ਦੱਸਦੇ ਹਨ ਕਿ ਸਮਾਜ ਭਲਾਈ ਸਕੀਮਾਂ ਵਿਚ ਜਾਂ ਤਾਂ ਕਟੌਤੀ ਕੀਤੀ ਗਈ ਹੈ ਜਾਂ ਫਿਰ ਰੋਕ ਦਿੱਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਲੋਕ ਇਹ ਵੀ ਦੱਸਦੇ ਹਨ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਨੂੰ ਆਟਾ ਦਾਲ ਸਕੀਮ ਤਹਿਤ 30 ਕਿਲੋ ਕਣਕ ਮਿਲਦੀ ਸੀ ਤੇ ਹੁਣ ਸਿਰਫ 10 ਕਿਲੋ ਮਿਲਦੀ ਹੈ। ਉਹਨਾਂ ਭਰੋਸਾ ਦੁਆਇਆ ਕਿ ਸਾਡੀ ਸਰਕਾਰ ਬਣਨ ’ਤੇ ਅਸੀਂ 4 ਰੁਪਏ ਕਿਲੋ ਦੀ ਦਰ ’ਦੇ 50 ਕਿਲੋ ਕਣਕ ਦਿਆਂਗੇ।

ਪਿੰਡ ਦੇ ਇਕ ਦੁਕਾਨਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਲੋਕਾਂ ਨੂੰ ਮੁਫਤ ਮਿਲਣਗੀਆਂ। ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲ ਸਿੱਖਿਆ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਤੇ ਸੁਪਰ ਸਪੈਸ਼ਲਿਸਟ ਮੈਡੀਕਲ ਸਹੂਲਤਾਂ ਬਹੁਤ ਮਹਿੰਗੀਆਂ ਹਨ।

ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਲੋਕਾਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਵਾਸਤੇ ਵਿਸਥਾਰਿਤ ਯੋਜਨਾ ਲਾਗੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਸਾਰੇ ਸਕੂਲਾਂ ਵਾਸਤੇ ਗਰੀਬ ਵਰਗ ਲਈ 50 ਫੀਸਦੀ ਸੀਟਾਂ ਰਾਖਵੀਂਆਂ ਕਰਨੀਆਂ ਯਕੀਨੀ ਬਣਾਵਾਂਗੇ।

ਉਹਨਾਂ ਕਿਹਾ ਕਿ ਅਸੀਂ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਸਥਾਪਿਤ ਕਰਾਂਗੇ ਜਿਸ ਨਾਲ ਸੁਪਰ ਸਪੈਸ਼ਲਿਸਟ ਸੇਵਾਵਾਂ ਲੋਕਾਂ ਦੇ ਦਰ ਤੱਕ ਪਹੁੰਚ ਜਾਣਗੀਆਂ।

ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਰਾਜਾ ਲਾਦੇਹ, ਸੁਰਜੀਤ ਪਹਿਲਵਾਨ ਅਤੇ ਮੁਖਵਿੰਦਰ ਸਿੰਘ ਖਾਪਰਖੇੜੀ ਵੀ ਹਾਜ਼ਰ ਸਨ।

ਡੱਬੀ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਨੂੰਨ ਨੇ ਹੁਣ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਤੇ ਉਹਨਾਂ ਦੇ ਗਿਰੋਹ ਨੂੰ ਕਲਾਵੇ ਵਿਚ ਲੈ ਲਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਪੰਜਾਬ ਅਤੇ ਇਸਦੇ ਖ਼ਜ਼ਾਨੇ ਨੂੰ ਲੁੱਟ ਰਹੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਕੈਂਪ ਆਫਿਸ ਵਿਚ ਈ ਡੀ ਤੇ ਸੀ ਬੀ ਆਈ ਛਾਪਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦਫਤਰ ਭ੍ਰਿਸ਼ਟਾਚਾਰ ਦਾ ਅੱਡਾ ਹੈ ਅਤੇ ਇਸ ਵਿਚ ਸਿਵਲ ਤੇ ਪੁਲਿਸ ਅਫਸਰਾਂ ਦੀਆਂ ਤਾਇਨਾਤੀਆਂ ਤੇ ਤਬਾਦਲੇ ਸਭ ਤੋਂ ਵੱਡੀ ਬੋਲੀ ਲਾਉਣ ਵਾਲਿਆਂ ਦੇ ਹੁੰਦੇ ਹਨ।

Written By
The Punjab Wire