ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਨਹਿਰੀ ਪਾਣੀ ਨਾਲ ਸਿੰਚਾਈ ਦਾ ਖ਼ਰਚਾ ਘਟਿਆ, ਕਿਸਾਨਾਂ ਨੇ ਦੱਸਿਆ ਗੰਨੇ ਦੀ ਫ਼ਸਲ ਲਈ ਫ਼ਾਇਦੇਮੰਦ

ਨਹਿਰੀ ਪਾਣੀ ਨਾਲ ਸਿੰਚਾਈ ਦਾ ਖ਼ਰਚਾ ਘਟਿਆ, ਕਿਸਾਨਾਂ ਨੇ ਦੱਸਿਆ ਗੰਨੇ ਦੀ ਫ਼ਸਲ ਲਈ ਫ਼ਾਇਦੇਮੰਦ
  • PublishedOctober 4, 2026

ਗੁਰਦਾਸਪੁਰ ਵਿੱਚ ਗੰਨੇ ਹੇਠ ਲਗਭਗ 25,000 ਹੈਕਟੇਅਰ ਰਕਬਾ, ਨਹਿਰੀ ਪਾਣੀ ਮਿਲਣ ਨਾਲ ਟਿਊਬਵੈੱਲਾਂ ‘ਤੇ ਨਿਰਭਰਤਾ ਘਟੀ

ਮੰਨਨ ਸੈਣੀ

ਗੁਰਦਾਸਪੁਰ। ਮੀਂਹ ਦੇ ਬਦਲਦੇ ਮਿਜਾਜ਼ ਵਿਚਕਾਰ ਗੁਰਦਾਸਪੁਰ ਦੇ ਗੰਨਾ ਕਿਸਾਨਾਂ ਲਈ ਨਹਿਰੀ ਪਾਣੀ ਵੱਡੀ ਰਾਹਤ ਬਣ ਕੇ ਸਾਹਮਣੇ ਆਇਆ ਹੈ। ਜਿਨ੍ਹਾਂ ਇਲਾਕਿਆਂ ਵਿੱਚ ਕਿਸਾਨਾਂ ਨੂੰ ਨਹਿਰਾਂ ਤੋਂ ਸਿੰਚਾਈ ਲਈ ਪਾਣੀ ਮਿਲ ਰਿਹਾ ਹੈ, ਉੱਥੇ ਟਿਊਬਵੈੱਲਾਂ ‘ਤੇ ਨਿਰਭਰਤਾ ਘਟੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਮਿਲਣ ਨਾਲ ਸਿੰਚਾਈ ਦਾ ਖ਼ਰਚਾ ਤਾਂ ਘਟਿਆ ਹੀ ਹੈ, ਗੰਨੇ ਦੀ ਫ਼ਸਲ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਕਿਸਾਨਾਂ ਮੁਤਾਬਕ ਨਹਿਰੀ ਪਾਣੀ ਵਿਚਲੇ ਕੁਦਰਤੀ ਖ਼ੁਰਾਕੀ ਤੱਤਾਂ ਕਾਰਨ ਫ਼ਸਲ ਦਾ ਵਾਧਾ ਬਿਹਤਰ ਹੁੰਦਾ ਹੈ।

ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸਾਲ 2026 ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਲਗਭਗ 25,000 ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਹੋਈ ਹੈ। ਇਸ ਦੌਰਾਨ ਲਗਭਗ 2 ਕਰੋੜ 25 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਉਮੀਦ ਹੈ ਅਤੇ ਔਸਤ ਝਾੜ ਲਗਭਗ 900 ਕੁਇੰਟਲ ਪ੍ਰਤੀ ਹੈਕਟੇਅਰ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਫ਼ਸਲ ਚੰਗੀ ਰਹੀ ਹੈ ਅਤੇ ਖਾਦ ਵੀ ਘੱਟ ਲੱਗੀ ਹੈ। ਕੁਦਰਤੀ ਪਾਣੀ ਵਿੱਚ ਖ਼ੁਰਾਕੀ ਤੱਤ ਹੁੰਦੇ ਹਨ, ਇਸ ਲਈ ਜਿੱਥੇ-ਜਿੱਥੇ ਨਹਿਰੀ ਪਾਣੀ ਪਹੁੰਚਿਆ ਹੈ, ਉੱਥੇ ਫ਼ਸਲ ਹੋਰ ਵਧੀਆ ਨਿਕਲਣ ਦੀ ਉਮੀਦ ਹੈ।

ਮੀਂਹ ਵਿੱਚ ਪਾੜਾ ਪੈਣ ‘ਤੇ ਨਹਿਰੀ ਪਾਣੀ ਤੋਂ ਰਾਹਤ

ਗੰਨਾ ਲੰਮਾ ਸਮਾਂ ਖੇਤ ਵਿੱਚ ਰਹਿਣ ਵਾਲੀ ਫ਼ਸਲ ਹੈ ਅਤੇ ਇਸ ਨੂੰ ਵੱਖ-ਵੱਖ ਪੜਾਵਾਂ ‘ਤੇ ਲੋੜੀਂਦੀ ਨਮੀ ਚਾਹੀਦੀ ਹੁੰਦੀ ਹੈ। ਮੀਂਹ ਵਿੱਚ ਵਕਫ਼ਾ ਵਧਣ ‘ਤੇ ਕਿਸਾਨਾਂ ਨੂੰ ਪਾਣੀ ਲਾਉਣ ਲਈ ਟਿਊਬਵੈੱਲਾਂ ਦਾ ਸਹਾਰਾ ਲੈਣਾ ਪੈਂਦਾ ਹੈ। ਅਜਿਹੇ ਵਿੱਚ ਜਿਨ੍ਹਾਂ ਕਿਸਾਨਾਂ ਨੂੰ ਸਮੇਂ ਸਿਰ ਨਹਿਰ ਦਾ ਪਾਣੀ ਮਿਲ ਰਿਹਾ ਹੈ, ਉਨ੍ਹਾਂ ਨੂੰ ਧਰਤੀ ਹੇਠੋਂ ਪਾਣੀ ਕੱਢਣ ਦੀ ਲੋੜ ਘੱਟ ਪੈ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਮਿਲਣ ਨਾਲ ਇੱਕ ਪਾਸੇ ਟਿਊਬਵੈੱਲ ਚਲਾਉਣ ਦਾ ਖ਼ਰਚਾ ਅਤੇ ਬਿਜਲੀ ਦੀ ਖਪਤ ਘਟਦੀ ਹੈ, ਦੂਜੇ ਪਾਸੇ ਫ਼ਸਲ ਨੂੰ ਸਮੇਂ ਸਿਰ ਪਾਣੀ ਮਿਲਣ ਨਾਲ ਝਾੜ ‘ਤੇ ਵੀ ਚੰਗਾ ਅਸਰ ਪੈਂਦਾ ਹੈ।

ਕਿਸਾਨਾਂ ਨੇ ਦੱਸਿਆ ਨਹਿਰੀ ਪਾਣੀ ਦਾ ਫ਼ਾਇਦਾ

ਗੰਨਾ ਕਿਸਾਨਾਂ, ਜਿਨ੍ਹਾਂ ਵਿੱਚ ਨਿਰਮਲ ਸਿੰਘ, ਪਰਮਜੀਤ ਸਿੰਘ ਅਤੇ ਪਰਮਿੰਦਰ ਸਿੰਘ, ਨਿਸ਼ਾਨ ਸਿੰਘ ਸ਼ਾਮਲ ਹਨ, ਮੁਤਾਬਕ ਖੇਤ ਵਿੱਚ ਨਹਿਰ ਦਾ ਪਾਣੀ ਪਹੁੰਚਣ ਨਾਲ ਸਿੰਚਾਈ ਦਾ ਪ੍ਰਬੰਧ ਸੌਖਾ ਹੋਇਆ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਨਹਿਰੀ ਪਾਣੀ ਵਿੱਚ ਕੁਦਰਤੀ ਤੌਰ ‘ਤੇ ਮੌਜੂਦ ਖਣਿਜ ਅਤੇ ਹੋਰ ਖ਼ੁਰਾਕੀ ਤੱਤ ਫ਼ਸਲ ਲਈ ਲਾਭਦਾਇਕ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਨਾਲ ਸਿੰਜੇ ਖੇਤਾਂ ਵਿੱਚ ਗੰਨੇ ਦਾ ਵਾਧਾ ਅਤੇ ਫ਼ਸਲ ਦੀ ਹਾਲਤ ਬਿਹਤਰ ਦਿਖਾਈ ਦਿੰਦੀ ਹੈ।

ਕਿਸਾਨਾਂ ਮੁਤਾਬਕ ਜੇ ਨਹਿਰਾਂ ਵਿੱਚ ਪਾਣੀ ਨਿਯਮਿਤ ਤੌਰ ‘ਤੇ ਮਿਲਦਾ ਰਹੇ ਤਾਂ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟਾਉਣ ਵਿੱਚ ਕਾਫ਼ੀ ਮਦਦ ਮਿਲ ਸਕਦੀ ਹੈ। ਇਸ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਦੇ ਯਤਨਾਂ ਨੂੰ ਵੀ ਬਲ ਮਿਲੇਗਾ।

PAU ਦੇ ਅਧਿਐਨ ਵਿੱਚ ਘੱਟ ਪਾਣੀ ਨਾਲ ਬਿਹਤਰ ਸਿੰਚਾਈ ‘ਤੇ ਜ਼ੋਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿੱਚ ਗੰਨੇ ਦੀ ਸਿੰਚਾਈ ਸਬੰਧੀ ਕੀਤੇ ਅਧਿਐਨ ਵਿੱਚ ਵੀ ਪਾਣੀ ਦੇ ਬਿਹਤਰ ਪ੍ਰਬੰਧ ‘ਤੇ ਜ਼ੋਰ ਦਿੱਤਾ ਗਿਆ ਹੈ। 2019-20 ਅਤੇ 2020-21 ਅਤੇ ਉਸ ਤੋਂ ਬਾਅਦ ਵੀ ਕੀਤੇ ਗਏ ਪ੍ਰਯੋਗਾਂ ਵਿੱਚ ਵੱਖ-ਵੱਖ ਸਿੰਚਾਈ ਪੱਧਰਾਂ ਨੂੰ ਪਰਖਿਆ ਗਿਆ।

ਨਹਿਰੀ ਪਾਣੀ ਨਾਲ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਵੀ ਮਦਦ

ਗੰਨੇ ਦੀ ਖੇਤੀ ਵਿੱਚ ਨਹਿਰੀ ਪਾਣੀ ਦੀ ਉਪਲਬਧਤਾ ਕਿਸਾਨਾਂ ਲਈ ਦੋਹਰੀ ਰਾਹਤ ਲੈ ਕੇ ਆ ਰਹੀ ਹੈ। ਇਸ ਨਾਲ ਸਿੰਚਾਈ ਦਾ ਬਦਲਵਾਂ ਸਰੋਤ ਮਿਲਦਾ ਹੈ ਅਤੇ ਟਿਊਬਵੈੱਲਾਂ ‘ਤੇ ਨਿਰਭਰਤਾ ਘਟਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਲੋੜ ਵੇਲੇ ਨਹਿਰਾਂ ਵਿੱਚ ਪਾਣੀ ਨਿਯਮਿਤ ਤੌਰ ‘ਤੇ ਮਿਲਦਾ ਰਹੇ ਤਾਂ ਉਹ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਕਰ ਸਕਦੇ ਹਨ।

ਮੀਂਹ ਦੇ ਬਦਲਦੇ ਮਿਜਾਜ਼ ਵਿਚਕਾਰ ਨਹਿਰੀ ਪਾਣੀ ਦੀ ਉਪਲਬਧਤਾ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਮੀਂਹ ਵਿਚਲੇ ਲੰਮੇ ਵਕਫ਼ੇ ਦੌਰਾਨ ਕਿਸਾਨ ਫ਼ਸਲ ਬਚਾਉਣ ਲਈ ਟਿਊਬਵੈੱਲ ਚਲਾਉਣ ਲਈ ਮਜਬੂਰ ਹੁੰਦੇ ਹਨ। ਅਜਿਹੇ ਵਿੱਚ ਨਹਿਰੀ ਪਾਣੀ ਕਿਸਾਨਾਂ ਲਈ ਫ਼ਸਲ ਦੀ ਸਿੰਚਾਈ ਦਾ ਭਰੋਸੇਮੰਦ ਬਦਲ ਬਣਨ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਿੱਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ।

Written By
The Punjab Wire