ਗੁਰਦਾਸਪੁਰ, 3 ਅਕਤੂਬਰ 2026 (ਮੰਨਨ ਸੈਣੀ)। ਸਰਦੀਆਂ ਸ਼ੁਰੂ ਹੁੰਦਿਆਂ ਹੀ ਬਾਜ਼ਾਰ ਵਿੱਚ ਗੁੜ ਆਉਣਾ ਸ਼ੁਰੂ ਹੋ ਜਾਂਦਾ ਹੈ, ਪਰ ਕੀ ਤੁਸੀਂ ਜਿਹੜਾ ਗੁੜ ਖਰੀਦ ਰਹੇ ਹੋ, ਉਹ ਮਿਆਰੀ ਹੈ? ਗੁਰਦਾਸਪੁਰ ਵਿੱਚ ਧਾਰੀਵਾਲ ਬਾਈਪਾਸ ‘ਤੇ ਪ੍ਰਵਾਸੀ ਕਾਮਿਆਂ ਵੱਲੋਂ ਲਗਾਈਆਂ ਘੁਲਾੜੀਆਂ ਵਿੱਚ ਤਿਆਰ ਹੋ ਰਹੇ ਗੁੜ ਅਤੇ ਵਰਤੇ ਜਾ ਰਹੇ ਗੰਨੇ ਦੀ ਗੁਣਵੱਤਾ ਦੀ ਸਾਂਝੀ ਟੀਮ ਵੱਲੋਂ ਅਚਨਚੇਤ ਜਾਂਚ ਕੀਤੀ ਗਈ। ਜਾਂਚ ਦੌਰਾਨ ਤਿਆਰ ਹੋ ਰਹੇ ਗੁੜ ਦੇ ਦੋ ਨਮੂਨੇ ਲੈ ਕੇ ਪਰਖ ਲਈ ਪ੍ਰਯੋਗਸ਼ਾਲਾ ਭੇਜੇ ਗਏ ਅਤੇ 20-25 ਕਿਲੋ ਖ਼ਰਾਬ ਗੁੜ ਨਸ਼ਟ ਕਰਵਾਇਆ ਗਿਆ।
ਇਹ ਜਾਂਚ ਗੰਨਾ ਕਮਿਸ਼ਨਰ ਦੇ ਦਫ਼ਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਸਿਹਤ ਵਿਭਾਗ ਅਤੇ ਗੰਨਾ ਕਾਸ਼ਤਕਾਰਾਂ ਦੀ ਸਾਂਝੀ ਟੀਮ ਨੇ ਕੀਤੀ। ਟੀਮ ਵਿੱਚ ਗੰਨਾ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ, ਸਹਾਇਕ ਫੂਡ ਕਮਿਸ਼ਨਰ ਡਾ. ਜੀ. ਐੱਸ. ਪੰਨੂ, ਸਹਾਇਕ ਗੰਨਾ ਵਿਕਾਸ ਅਧਿਕਾਰੀ ਡਾ. ਮਿੱਤਰ ਮਾਨ ਸਿੰਘ, ਫੂਡ ਸੇਫਟੀ ਅਫ਼ਸਰ ਸ੍ਰੀਮਤੀ ਸ਼ਰਮਾ, ਖੇਤੀਬਾੜੀ ਵਿਸਥਾਰ ਅਫ਼ਸਰ ਹਰਮਨਪ੍ਰੀਤ ਸਿੰਘ ਅਤੇ ਗੰਨਾ ਕਾਸ਼ਤਕਾਰ ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਗੁਰਮੁਖ ਸਿੰਘ ਸ਼ਾਮਲ ਸਨ।

ਅਣਪੱਕਾ ਗੰਨਾ, ਘੱਟ ਮਿਠਾਸ
ਮਿਆਰੀ ਗੁੜ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਅਗੇਤੇ ਜਾਂ ਅਣਪੱਕੇ ਗੰਨੇ ਨੂੰ ਸਮੇਂ ਤੋਂ ਪਹਿਲਾਂ ਪੀੜਨ ਨਾਲ ਗੰਨੇ ਵਿੱਚ ਬਣਨ ਵਾਲੀ ਸ਼ੱਕਰ ਦੀ ਪੂਰੀ ਮਾਤਰਾ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੁਝ ਪ੍ਰਵਾਸੀ ਕਾਮੇ ਅਣਪੱਕੇ ਗੰਨੇ ਤੋਂ ਗੁੜ ਤਿਆਰ ਕਰ ਰਹੇ ਹਨ।
ਉਨ੍ਹਾਂ ਅਨੁਸਾਰ ਚੰਗਾ ਗੁੜ ਬਣਾਉਣ ਲਈ ਗੰਨਾ ਪੂਰੀ ਤਰ੍ਹਾਂ ਪੱਕਿਆ ਹੋਣਾ ਜ਼ਰੂਰੀ ਹੈ ਅਤੇ ਰਸ ਵਿੱਚ ਕੁੱਲ ਘੁਲਣਸ਼ੀਲ ਠੋਸ ਪਦਾਰਥਾਂ (TSS) ਦੀ ਮਾਤਰਾ 20 ਤੋਂ 22 ਫ਼ੀਸਦੀ ਦੇ ਕਰੀਬ ਹੋਣੀ ਚਾਹੀਦੀ ਹੈ। ਪਰ ਰੀਫਰੈਕਟੋਮੀਟਰ ਨਾਲ ਜਾਂਚ ਕਰਨ ‘ਤੇ ਇਸ ਸਮੇਂ ਗੰਨੇ ਦੇ ਰਸ ਵਿੱਚ ਇਹ ਮਾਤਰਾ ਸਿਰਫ਼ 10 ਤੋਂ 12 ਫ਼ੀਸਦੀ ਪਾਈ ਗਈ। ਇਸ ਕਾਰਨ ਅਣਪੱਕੇ ਗੰਨੇ ਦੇ ਰਸ ਤੋਂ ਉੱਚ ਗੁਣਵੱਤਾ ਵਾਲਾ ਗੁੜ ਬਣਾਉਣਾ ਸੰਭਵ ਨਹੀਂ ਹੁੰਦਾ।
ਮਿਠਾਸ ਵਧਾਉਣ ਲਈ ਸਸਤੀ ਖੰਡ ਦੀ ਵਰਤੋਂ
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁੜ ਵਿੱਚ ਮਿਠਾਸ ਵਧਾਉਣ ਲਈ ਖ਼ਰਾਬ ਅਤੇ ਸਸਤੀ ਖੰਡ ਵਰਤੀ ਜਾ ਰਹੀ ਸੀ, ਜੋ ਖਪਤਕਾਰਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਖੰਡ ਵਿੱਚ ਸੁਕਰੋਜ਼ ਦੀ ਮਾਤਰਾ ਲਗਭਗ 99.5 ਫ਼ੀਸਦੀ ਹੁੰਦੀ ਹੈ, ਜਦਕਿ ਗੁੜ ਵਿੱਚ ਸੁਕਰੋਜ਼ ਤੋਂ ਇਲਾਵਾ ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਖਣਿਜ ਵੀ ਹੁੰਦੇ ਹਨ, ਜੋ ਸਿਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਅਣਪੱਕੇ ਗੰਨੇ ਤੋਂ ਪ੍ਰਤੀ ਕੁਇੰਟਲ ਗੁੜ ਦੀ ਰਿਕਵਰੀ ਘਟ ਜਾਂਦੀ ਹੈ, ਬਾਲਣ ਦੀ ਖਪਤ ਵੱਧ ਜਾਂਦੀ ਹੈ ਅਤੇ ਗੁੜ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਮਿਆਰੀ ਗੁੜ ਕਿਸੇ ਭਰੋਸੇਮੰਦ ਸਰੋਤ ਤੋਂ ਹੀ ਖਰੀਦਿਆ ਜਾਵੇ।
ਪਾਬੰਦੀਸ਼ੁਦਾ ਰਸਾਇਣਾਂ ਤੋਂ ਬਚਣ ਦੀ ਹਦਾਇਤ
ਸਹਾਇਕ ਫੂਡ ਕਮਿਸ਼ਨਰ ਡਾ. ਜੀ. ਐੱਸ. ਪੰਨੂ ਨੇ ਦੱਸਿਆ ਕਿ ਆਮ ਤੌਰ ‘ਤੇ ਕੁਝ ਥਾਵਾਂ ‘ਤੇ ਤਿਆਰ ਹੋ ਰਹੇ ਗੁੜ ਨੂੰ ਸਾਫ਼ ਕਰਨ ਲਈ ਪਾਬੰਦੀਸ਼ੁਦਾ ਰਸਾਇਣ ਵਰਤੇ ਜਾਂਦੇ ਹਨ, ਜਿਸ ਨਾਲ ਗੁੜ ਦੀ ਗੁਣਵੱਤਾ ਤਾਂ ਪ੍ਰਭਾਵਿਤ ਹੁੰਦੀ ਹੀ ਹੈ, ਸਗੋਂ ਇਹ ਖਪਤਕਾਰਾਂ ਦੀ ਸਿਹਤ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।
ਪਰਖ ਲਈ ਭੇਜੇ ਦੋ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਬਾਰੇ ਪਤਾ ਲੱਗੇਗਾ।