ਮਨਪ੍ਰੀਤ ਇਯਾਲੀ ਤੋਂ ਚੌਕਸ ਰਹੋ ਜੋ ਪੰਥਕ ਵੋਟਾਂ ਵੰਡਣ ਲਈ ਮੁੱਖ ਮੰਤਰੀ ਨਾਲ ਰਲਿਆ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ
ਕਿਹਾ ਕਿ ਆਪ ਨੇ ਛਪਾਰ ਮੇਲੇ ’ਤੇ ਕਾਨਫਰੰਸ ਆਯੋਜਿਤ ਨਾ ਕਰ ਕੇ ਇਯਾਲੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਇਰਸ ਪੰਜਾਬ ਦੇ ਦਾ ਇਕੱਠ ਅਕਾਲੀ ਦਲ ਦੇ ਇੱਕਠ ਨਾਲੋਂ ਅੱਧਾ ਵੀ ਨਹੀਂ ਸੀ
ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ-ਅੰਦਰ ਖਾਲੀ ਪਈਆਂ 3 ਲੱਖ ਸਰਕਾਰੀ ਆਸਾਮੀਆਂ ਭਰੀਆਂ ਜਾਣਗੀਆਂ
ਲੁਧਿਆਣਾ/ਚੰਡੀਗੜ੍ਹ, 26 ਸਤੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਜੰਾਬੀਆਂ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਪੰਜਾਬ ਅਤੇ ਇਸਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਤੋਂ ਚੌਕਸ ਰਹਿਣ ਜੋ ਆਮ ਆਦਮੀ ਪਾਰਟੀ (ਆਪ) ਦੇ ਲਾਹੇ ਵਾਸਤੇ ਪੰਥਕ ਵੋਟਾਂ ਵੰਡਣ ਲਈ ਭਗਵੰਤ ਮਾਨ ਨਾਲ ਰਲ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਦਾਖਾ ਹਲਕੇ ਵਿਚ ਛਪਾਰ ਮੇਲੇ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਗੁਪਤ ਸੌਦੇਬਾਜ਼ੀ ਦਾ ਹੀ ਨਤੀਜਾ ਹੈ ਕਿ ਆਪ ਨੇ ਛਪਾਰ ਮੇਲੇ ’ਤੇ ਸਿਆਸੀ ਕਾਨਫਰੰਸ ਆਯੋਜਿਤ ਨਹੀਂ ਕੀਤੀ ਤੇ ਆਪਣੇ ਸਮਰਥਕ ਵਾਇਰਸ ਪੰਜਾਬ ਦੇ ਇਕੱਠ ਵਿਚ ਭੇਜ ਦਿੱਤੇ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਵਾਇਰਸ ਪੰਜਾਬ ਦਾ ਇਕੱਠਾ ਅਕਾਲੀ ਦਲ ਨਾਲੋਂ ਅੱਧਾ ਵੀ ਨਹੀਂ ਸੀ।
ਸਰਦਾਰ ਬਾਦਲ ਨੇ ਸਥਾਨਕ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਵਿਸ਼ਾਲ ਤੇ ਸਫਲ ਕਾਨਫਰੰਸ ਆਯੋਜਿਤ ਕੀਤੀ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਦਾਖਾ ਹਲਕੇ ਤੋਂ ਜਸਕਰਨ ਸਿੰਘ ਦਿਓਲ ਨੂੰ ਚੁਣਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਆਪਣੇ ਵਪਾਰ ਤੇ ਸਿਆਸੀ ਕੈਰੀਅਰ ਨੂੰ ਬਚਾਉਣ ਵਾਸਤੇ ਭਗਵੰਤ ਮਾਨ ਨਾਲ ਰਲਿਆ ਹੈ। ਉਹਨਾਂ ਕਿਹਾ ਕਿ ਇਯਾਲੀ ਨੇ ਅਵੰਤਾ ਗ੍ਰੀਨਜ਼ ਕਲੋਨੀ ਬਣਾਉਣ ਵਿਚ ਕਈ ਗੈਰ ਕਾਨੂੰਨੀ ਬੇਨਿਯਮੀਆਂ ਕੀਤੀਆਂ ਤੇ ਪਿਛਲੀ ਤਾਰੀਕ ਵਿਚ ਕਲੋਨੀ ਰੈਗੂਲਰ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਯਾਲੀ ਨੇ ਲੈਂਡ ਪੂਲਿੰਗ ਸਕੀਮ ਵਿਚੋਂ ਆਪਣੀ ਜ਼ਮੀਨ ਬਾਹਰ ਕੱਢਵਾ ਲਈ ਅਤੇ ਜਿਹੜੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋ ਰਹੀ ਸੀ, ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ। ਉਹਨਾਂ ਕਿਹਾ ਕਿ ਇਸ ਕਾਰਨ ਹੀ ਅਕਾਲੀ ਦਲ ਨੂੰ ਲੈਂਡ ਪੂਲਿੰਗ ਸਕੀਮ ਖਿਲਾਫ ਮੋਰਚਾ ਖੋਲ੍ਹਣਾ ਪਿਆ ਜਿਸ ਕਾਰਨ ਸਰਕਾਰ ਨੂੰ 35000 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ। ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਯਾਲੀ ਦੇ ਖਿਲਾਫ ਕਾਰਵਾਈ ਸ਼ੁਰੂ ਕਰਾਂਗੇ ਅਤੇ ਉਸਨੂੰ ਸਾਰੇ ਗੈਰ ਕਾਨੂੰਨੀ ਕੰਮਾਂ ਦਾ ਜਵਾਬ ਦੇਣਾ ਪਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਇਯਾਲੀ ਅਤੇ ਵਾਇਰਸ ਪੰਜਾਬ ਦੇ ਨੂੰ ਮੁੱਖ ਮੰਤਰੀ ਫੰਡ ਦੇ ਰਹੇ ਹਨ ਅਤੇ ਉਹਨਾਂ ਮੰਡੀ ਬੋਰਡ ਦੇ ਇਕ ਚੀਫ ਇੰਜੀਨੀਅਰ ਦੀ ਡਿਊਟੀ ਲਗਾਈ ਹੈ ਜੋ ਹਰ ਮਹੀਨੇ ਕਰੋੜਾਂ ਰੁਪਏ ਇਸਨੂੰ ਦਿੰਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਯਾਲੀ ਅਤੇ ਵਾਇਰਸ ਪੰਜਾਬ ਦੇ ਦੀ ਲੀਡਰਸ਼ਿਪ ਨੇ ਭਗਵੰਤ ਮਾਨ ਵੱਲੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਇਕ ਸ਼ਬਦ ਵੀ ਨਹੀਂ ਬੋਲਿਆ। ਉਹਨਾਂ ਕਿਹਾ ਕਿ ਇਹ ਜਥੇਬੰਦੀ ਉਦੋਂ ਵੀ ਚੁੱਪ ਹੈ ਜਦੋਂ ਸਬੂਤਾਂ ਨੇ ਸਾਬਤ ਕੀਤਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਜੇਲ੍ਹ ਤੋਂ ਛੁਡਵਾਉਣ ਵਾਸਤੇ ਪੰਜ ਕਰੋੜ ਰੁਪਏ ਵਿਚ ਸੌਦੇਬਾਜ਼ੀ ਕੀਤੀ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਇਯਾਲੀ ਨੂੰ ਲੁਧਿਆਣਾ ਵਿਚ ਖੁੱਲ੍ਹੀ ਛੋਟ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਇਯਾਲੀ ਦੇ ਹੁਕਮ ਮੰਨਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਯਾਲੀ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਨਾਲੋਂ ਚੋਣਾਂ ਵਿਚ ਆਪਣੇ ਉਮੀਦਵਾਰ ਜਿਤਵਾਉਣ ਵਾਸਤੇ ਪੁਲਿਸ ਤਾਕਤ ਦੀ ਖੁੱਲ੍ਹ ਕੇ ਵਰਤੋਂ ਕੀਤੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸੂਬੇ ਵਿਚ ਗੈਰ ਕਾਨੂੰਨੀ ਮਾਇਨਿੰਗ ਤੋਂ ਆ ਰਿਹਾ ਪੈਸਾ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਜਾ ਰਿਹਾ ਹੈ।
ਪੰਜਾਬ ਵਿਚ ਬਹੁ ਕਰੋੜੀ ਗੈਰ ਕਾਨੂੰਨੀ ਰੇਤ ਮਾਇਨਿੰਗ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਘੁਟਾਲਾ ਵੀ ਉਨਾ ਹੀ ਵੱਡਾ ਹੈ ਜਿਹਨਾਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੇਨਕਾਬ ਕੀਤਾ ਗਿਆ 10 ਹਜ਼ਾਰ ਗਮਾਡਾ ਦਾ ਘੁਟਾਲਾ। ਉਹਨਾਂ ਕਿਹਾ ਕਿ ਹੁਣ ਤੋਂ ਚਾਰ ਮਹੀਨੇ ਬਾਅਦ ਮੁੱਖ ਮੰਤਰੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਸਮੇਤ ਗੈਰ ਕਾਨੂੰਨੀ ਕੰਮਾਂ ਵਿਚ ਲੱਗੇ ਸਾਰੇ ਲੋਕ ਜੇਲ੍ਹ ਜਾਣਗੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਸੂਬੇ ਲਈ ਕਾਰਜ ਯੋਜਨਾ ਬਣਾਈ ਹੈ। ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ-ਅੰਦਰ ਖਾਲੀ ਪਈਆਂ 3 ਲੱਖ ਸਰਕਾਰੀ ਆਸਾਮੀਆਂ ਭਰੀਆਂ ਜਾਣਗੀਆਂ। ਉਹਨਾਂ ਸਪਸ਼ਟ ਕੀਤਾ ਕਿ ਆਪ ਵੱਲੋਂ ਸਰਕਾਰੀ ਨੌਕਰੀਆਂ ਸੂਬੇ ਤੋਂ ਬਾਹਰਲੇ ਲੋਕਾਂ ਨੂੰ ਦੇਣ ਲਈ ਬਣਾਇਆ ਗਿਆ ਕਾਨੂੰਨ ਖਾਰਜ ਕੀਤਾ ਜਾਵੇਗਾ ਅਤੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਵਾਸਤੇ ਰਾਖਵੀਂਆਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸੂਬੇ ਵਿਚ ਨਿਵੇਸ਼ ਕਰਨ ਦੇ ਇੱਛੁਕ ਉਦਯੋਗਾਂ ਵਾਸਤੇ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣੀਆਂ ਲਾਜ਼ਮੀ ਹੋਣਗੀਆਂ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਆਪਣਾ ਰੋਜ਼ਗਾਰ ਸ਼ੁਰੂ ਦੇ ਇੱਛੁਕ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਵੇਗੀ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸ਼ਗਨ ਸਕੀਮ ਦੇ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਆਟਾ ਦਾਲ ਸਕੀਮ ਦੇ ਤਹਿਤ ਲਾਭਪਾਤਰੀਆਂ ਨੂੰ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਟਿਉਬਵੈਲ ਕੁਨੈਕਸ਼ਨ ਦਿੱਤੇ ਜਾਣਗੇ।
ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਚੰਦ ਸਿੰਘ ਡੱਲਾ, ਭੁਪਿੰਦਰ ਸਿੰਘ ਭਿੰਦਾ, ਪਰਉਪਕਾਰ ਸਿੰਘ ਘੁੰਮਣ, ਹਰਪ੍ਰੀਤ ਸਿੰਘ ਸਿਮਕ, ਅਮਿਤ ਗੋਸਾਈਂ, ਮਨਜੀਤ ਸਿੰਘ ਮਦਨੀਪੁਰ, ਐਸ ਆਰ ਕਲੇਰ ਅਤੇ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ।