ਗੁਰਦਾਸਪੁਰ ਪੰਜਾਬ

ਸਰਹੱਦੀ ਖੇਤਰਾਂ ‘ਚ ਸਹਿਮ ਪਰ ਹੌਂਸਲੇ ਬੁਲੰਦ: ਗੁਰਦਾਸਪੁਰ ‘ਚ ਰਾਸ਼ਨ ਦੀ ਮਾਰਾਮਾਰੀ, ਸਕੂਲ ਬੰਦ, ਬਾਜ਼ਾਰ ਸੁੰਨੇ

ਸਰਹੱਦੀ ਖੇਤਰਾਂ ‘ਚ ਸਹਿਮ ਪਰ ਹੌਂਸਲੇ ਬੁਲੰਦ: ਗੁਰਦਾਸਪੁਰ ‘ਚ ਰਾਸ਼ਨ ਦੀ ਮਾਰਾਮਾਰੀ, ਸਕੂਲ ਬੰਦ, ਬਾਜ਼ਾਰ ਸੁੰਨੇ
  • PublishedMay 9, 2025

ਫੋਜੀ ਜਵਾਨਾਂ ਦੇ ਹੋਸਲੇ ਬੁਲੰਦ ਕਰ ਰਹੇ ਲੋਕ, ਫੋਜੀ ਜਵਾਨਾਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਹੋਣ ਦੀ ਕਹੀ ਜਾ ਰਹੀ ਗੱਲ

ਗੁਰਦਾਸਪੁਰ, 9 ਮਈ 2025 (ਮੰਨਣ ਸੈਣੀ)। ਭਾਰਤ-ਪਾਕਿ ਸਰਹੱਦ ‘ਤੇ ਚੱਲ ਰਹੇ ਤਣਾਅ ਕਾਰਨ ਗੁਰਦਾਸਪੁਰ ਦੇ ਬਹੁਤੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਬੇਸ਼ਕ ਜਿੱਥੇ ਲੋਕ ਕੁਝ ਸਹਿਮੇ ਹੋਏ ਨੇ, ਪਰ ਓਥੇ ਹੀ ਉਨ੍ਹਾਂ ਦੇ ਹੌਸਲੇ ਹਾਲੇ ਵੀ ਪੂਰੀ ਤਰ੍ਹਾਂ ਬੁਲੰਦ ਹਨ। ਲੋਕਾਂ ਵੱਲੋ ਆਪਣੇ ਜਵਾਨਾਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਭਾਰਤੀ ਫੌਜ ਵੱਲੋਂ “ਆਪ੍ਰੇਸ਼ਨ ਸਿੰਦੂਰ” ਤਹਿਤ ਵਧੇਰੇ ਕਾਰਵਾਈ ਹੋਣ ਮਗਰੋਂ, ਬੀਤੀ ਰਾਤ ਵੀਰਵਾਰ ਨੂੰ ਪਾਕਿਸਤਾਨ ਵੱਲੋਂ ਗੁਰਦਾਸਪੁਰ ਅੰਦਰ ਡਰੋਨ ਮੂਵਮੈਂਟ ਰਾਹੀ ਹਮਲਾ ਕੀਤਾ ਗਿਆ। ਇਸ ਦੀ ਕਈ ਲੋਕਾਂ ਵੱਲੋ ਮੌਕੇ ਤੇ ਵੀਡੀਓ ਵੀ ਬਣਾਈ ਗਈ। ਜਿਸਨੂੰ ਭਾਰਤੀ ਫੌਜ ਵੱਲੋਂ ਤਬਾਹ ਕਰ ਦਿੱਤਾ ਗਿਆ। ਦੇਰ ਰਾਤ ਦੀ ਇਸ ਮੂਵਮੈਂਟ ਤੋਂ ਬਾਅਦ ਅੱਜ ਸਵੇਰੇ ਕਈ ਪਰਿਵਾਰਾਂ ਵੱਲੋਂ ਔਰਤਾਂ ਤੇ ਬੱਚਿਆਂ ਨੂੰ ਦੂਰ ਆਪਣੇ ਰਿਸ਼ਤੇਦਾਰਾਂ ਕੋਲ ਭੇਜਣਾ ਸ਼ੂਰੂ ਕਰ ਦਿੱਤਾ ਹੈ।ਰਾਤ ਦੀ ਡਰੋਨ ਹਮਲੇ ਦੀ ਮੂਵਮੈਂਟ ਤੋਂ ਬਾਅਦ ਲੋਕਾਂ ਨੇ ਆਟਾ, ਚੀਨੀ, ਦਵਾਈਆਂ, ਦੂਧ ਆਦਿ ਜ਼ਰੂਰੀ ਚੀਜ਼ਾਂ ਘਰਾਂ ਵਿੱਚ ਭਰਣੀਆਂ ਸ਼ੁਰੂ ਕਰ ਦਿੱਤੀਆਂ। ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਤੇ ਐਟੀਆਮਾਂ ਉੱਤੇ ਭੀੜ ਨੇ ਦਰਸਾਇਆ ਕਿ ਲੋਕ ਅਣਸੁਣੇ ਸਮੇਂ ਲਈ ਤਿਆਰੀ ਕਰ ਰਹੇ ਨੇ।

ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਉੱਤੇ ਆਪਣੀ ਨਜ਼ਰ ਰੱਖ ਰਿਹਾ ਹੈ। ਅਸੀਂ ਡਿਫੈਂਸ ਦੇ ਉੱਚ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ

ਪ੍ਰਸ਼ਾਸਨ ਵੱਲੋ ਜ਼ਿਲ੍ਹੇ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਨੇ। । ਹਾਲਾਕਿ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ, ਕਾਲਾਬਜ਼ਾਰੀ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ।

ਪ੍ਰਸ਼ਾਸਨ ਵੱਲੋਂ ਘਰ-ਘਰ ਜਾ ਕੇ ਲਾਊਡਸਪੀਕਰ ਰਾਹੀਂ ਅਲਾਣ ਕਰਵਾਇਆ ਜਾ ਰਿਹਾ ਹੈ ਕਿ ਰਾਤ 9 ਵਜੇ ਤੋਂ ਬਾਅਦ ਬਲੈਕਆਉਟ ਰੱਖਿਆ ਜਾਵੇ, ਤੇ ਕਿਸੇ ਵੀ ਅਫਵਾਹ ਵਿੱਚ ਨਾ ਆਇਆ ਜਾਵੇ। ਸ਼ਾਮ ਹੋਣੇ ਹੀ ਪਿੰਡਾਂ ਦੀਆਂ ਲਾਈਟਾਂ ਬੰਦ ਕਰਵਾਈਆਂ ਜਾਣ। ਇਸ ਦੇ ਨਾਲ ਹੀ ਹੈਲਪ ਲਾਈਨ ਨੰਬਰ 01874-266376 ਜਾਰੀ ਕੀਤਾ ਗਿਆ ਹੈ

ਇਸ ਸਾਰੇ ਸਹਿਮ ਵਾਲੇ ਹਾਲਾਤਾਂ ਅੰਦਰ ਜੋਂ ਸੱਭ ਤੋਂ ਮਹੱਤਵਪੂਰਨ ਗੱਲ ਹੈ ਕਿ ਲੋਕਾਂ ਵੱਲੋਂ ਆਪਣੇ ਫੌਜੀ ਭਰਾਵਾਂ ਦੇ ਹੱਕ ‘ਚ ਸੋਸ਼ਲ ਮੀਡੀਆ ਰਾਹੀਂ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਆਮ ਲੋਕਾਂ ਵੱਲੋਂ ਦਿਲੇਰੀ ਨਾਲ ਇਸ ਡੱਟ ਕੇ ਫੌਜੀਂ ਜਵਾਨਾਂ ਦਾ ਸਾਥ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਹੌਸਲੇ ਅਤੇ ਇਕਜੁਟਤਾ ਨਾਲ ਸਾਹਮਣਾ ਕਰਨ ਦੀ ਗੱਲ ਕਹੀ।

Written By
The Punjab Wire