Close

Recent Posts

ਪੰਜਾਬ

ਆਪ ਸਰਕਾਰ ਨੇ ਮਾਵਾਂ-ਧੀਆਂ ਦੇ ਸਬਰ ਦੀ ਪਰਖ ਕੀਤੀ, ਹੁਣ ਅਸੀਂ ਨਸ਼ਿਆਂ ਖਿਲਾਫ ਇਕਜੁੱਟ ਹੋ ਕੇ ਲੜਾਈ ਲੜਾਂਗੇ: ਹਰਸਿਮਰਤ ਕੌਰ ਬਾਦਲ

ਆਪ ਸਰਕਾਰ ਨੇ ਮਾਵਾਂ-ਧੀਆਂ ਦੇ ਸਬਰ ਦੀ ਪਰਖ ਕੀਤੀ, ਹੁਣ ਅਸੀਂ ਨਸ਼ਿਆਂ ਖਿਲਾਫ ਇਕਜੁੱਟ ਹੋ ਕੇ ਲੜਾਈ ਲੜਾਂਗੇ: ਹਰਸਿਮਰਤ ਕੌਰ ਬਾਦਲ
  • PublishedSeptember 24, 2026

ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਇਕ ਪੀੜੀ ਤਬਾਹ ਕਰਨ ਵਾਸਤੇ ਬੰਦੂਕ ਵਰਤੀ ਤੇ ਆਪ ਇਕ ਹੋਰ ਪੀੜੀ ਨੂੰ ਨ‌ਸ਼ੀਲੀਆਂ ਗੋਲੀਆਂ ਨਾਲ ਤਬਾਹ ਕਰਨਾ ਚਾਹੁੰਦੀ ਹੈ

ਬਾਘਾਪੁਰਾਣਾ ਤੇ ਮੋਗਾ ਵਿਖੇ ’ਇਨਸਾਫ’ ਲਹਿਰ ਦੇ ਹਿੱਸੇ ਵਜੋਂ ਹਜ਼ਾਰਾਂ ਬੀਬੀਆਂ ਦੇ ਵਿਸ਼ਾਲ ਇਕੱਠਾਂ ਨੂੰ ਕੀਤਾ ਸੰਬੋਧਨ

ਮੋਗਾ/ ਚੰਡੀਗੜ੍ਹ, 24 ਸਤੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੰਜਾਬ ਦੀਆਂ ਮਾਵਾਂ ਤੇ ਧੀਆਂ ਦੇ ਸਬਰ ਨੂੰ ਪਰਖਿਆ ਹੈ ਤੇ ਹੁਣ ਅਸੀਂ ਨਸ਼ਿਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਲੜਾਈ ਵਿਚ ਇਕਜੁੱਟ ਹਾਂ ਜੋ ਇਸ ਬੁਰਾਈ ਤੋਂ ਸਾਡੇ ਬੱਚਿਆਂ ਦੀ ਰੱਖਿਆ ਕਰਨ ਵਿਚ ਨਾਕਾਮ ਰਹੀ ਹੈ।

ਬਠਿੰਡਾ ਦੀ ਐਮ ਪੀ ਨੇ ਇਥੇ ਸ਼ਹਿਰ ਵਿਚ ਤੇ ਬਾਘਾਪੁਰਾਣਾ ਵਿਚ ਮਾਵਾਂ ਧੀਆਂ ਇਨਸਾਫ ਯਾਤਰਾ ਵਿਚ ਸ਼ਾਮਲ ਹੋਈਆਂ ਹਜ਼ਾਰਾਂ ਔਰਤਾਂ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਉਹਨਾਂ ਮਾਰਚ ਕਰ ਕੇ ਕਾਰਜਕਾਰੀ ਮੈਜਿਸਟਰੇਟ ਨੂੰ ਮੰਗ ਸੂਬੇ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਵੀ ਸੌਂਪੇ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਆਟਾ ਦਾਲ ਸਕੀਮ ਦੇ ਤਹਿਤ ਅਕਾਲੀ ਦਲ ਦੀ ਸਰਕਾਰ ਵੇਲੇ 30 ਕਿਲੋ ਕਣਕ ਮਿਲਦੀ ਸੀ ਜਦੋਂ ਕਿ ਹੁਣ ਆਪ ਸਰਕਾਰ ਸਿਰਫ 4 ਕਿਲੋ ਆਟਾ ਦੇ ਰਹੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਚਿੱਟੇ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਟੋਫੀਆਂ ਦੀ ਥਾਂ ਨਸ਼ੀਲੀਆਂ ਗੋਲੀਆਂ ਨੇ ਲੈ ਲਈ ਹੈ ਤੇ ਆਪ ਸਰਕਾਰ ਦੇ ਰਾਜ ਵਿਚ ਨਸ਼‌ਿਆਂ ਦੀ ਘਰ-ਘਰ ਡਲੀਵਰੀ ਹੋ ਰਹੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਕ ਪੂਰੀ ਪੀੜੀ ਨੂੰ ਖ਼ਤਮ ਕਰਨ ਵਾਸਤੇ ਬੰਦੂਕ ਦੀ ਵਰਤੋਂ ਕੀਤੀ ਸੀ ਤੇ ਆਪ ਇਕ ਹੋਰ ਪੀੜੀ ਨੂੰ ਖ਼ਤਮ ਕਰਨ ਵਾਸਤੇ ਨਸ਼ੀਲੀਆਂ ਗੋਲੀਆਂ ਦੀ ਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਅੱਗ ਵਿਚ ਅੱਜ ਤੁਹਾਡੇ ਗੁਆਂਢੀ ਸੜ ਰਹੇ ਹਨ, ਕੱਲ੍ਹ ਨੂੰ ਉਹ ਅੱਗ ਤੁਹਾਡੇ ਘਰਾਂ ਤੱਕ ਵੀ ਪਹੁੰਚੇਗੀ। ਉਹਨਾਂ ਕਿਹਾ ਕਿ ਸਾਨੂੰ ਇਸਦੇ ਖਿਲਾਫ ਇਕਜੁੱਟ ਹੋਣ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਹਰ ਮਾਂ ਤੇ ਧੀ ਦੀ ਲੜਾਈ ਲੜ ਸਕਾਂਗੇ।

ਸਰਦਾਰਨੀ ਬਾਦਲ ਨੇ ਨਸ਼ਿਆਂ ਦੇ ਮਾਮਲੇ ’ਤੇ ਅਕਾਲੀ ਦਲ ਦੀ ਬਦਨਾਮੀ ਕਰਨ ਵਾਸਤੇ ਮੁੱਖ ਮੰਤਰੀ ਵੱਲੋਂ ਝੂਠ ਬੋਲਣ ਦੀ ਵੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਕੀ ਤੁਸੀਂ ਕਦੇ ਵੇਖਿਆ ਹੈ ਕਿ ਨਸ਼ੀਲੀਆਂ ਸਰਿੰਜਾਂ ਕਿਸੇ ਦੇ ਕੋਲ ਪਈਆਂ ਹੋਣ ਤੇ ਨੌਜਵਾਨ ਸੜਕ ’ਤੇ ਮਰਿਆ ਪਿਆ ਹੋਵੇ ? ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਆਪ ਆਗੂ ਨਸ਼ਿਆਂ ਦੇ ਕਾਰੋਬਾਰ ਦੀ ਪੁਸ਼ਤਪਨਾਹੀ ਕਰ ਰਹੇ ਹਨ ਅਤੇ ਸਮਗਲਰਾਂ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸੇ ਕਾਰਨ ਆਪ ਦੇ ਰਾਜ ਵਿਚ ਇਹ ਨਸ਼ਾ ਤਸਕਰੀ 10 ਗੁਣਾ ਵੱਧ ਗਈ ਹੈ। ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਜਿਸ ਤਰੀਕੇ ਨਸ਼ਾ ਤਸਕਰੀ ਦੇ ਖਿਲਾਫ ਬੋਲਣ ਵਾਲਿਆਂ ਨੂੰ ਧਕਾਇਆ ਜਾ ਰਿਹਾ ਹੈ ਹਾਲਾਂਕਿ ਨਸ਼ਾ ਕਿਵੇਂ ਤੇ ਕਿਥੇ ਵਿਕਦਾ ਹੈ, ਇਹ ਕੰਧ ’ਤੇ ਲਿਖਿਆ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਬੁਰਾਈ ਨੂੰ ਹਮੇਸ਼ਾ ਵਾਸਤੇ ਖ਼ਤਮ ਕਰੇਗਾ ਤੇ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਅਸੀਂ ਅਜਿਹਾ ਕਾਨੂੰਨ ਲਿਆਵਾਂਗੇ ਕਿ ਨਸ਼ਾ ਤਸਕਰਾਂ ਦੀ 10 ਸਾਲ ਤੱਕ ਜ਼ਮਾਨਤ ਨਹੀਂ ਹੋਵੇਗੀ ਤੇ ਉਹਨਾਂ ਨੂੰ ਉਮਰ ਕੈਦ ਹੋਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਵੀ ਗ੍ਰਿਫਤਾਰ ਕਰ ਕੇ ਜੇਲ੍ਹ ਭੇਜੇ ਜਾਣਗੇ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ੇ ਖ਼ਤਮ ਕਰਨ ਦੀ ਪੰਜਾਬੀਆਂ ਨੂੰ ਦਿੱਤੀ ’ਗਰੰਟੀ’ ਤੋਂ ਭਗੌੜਾ ਹੋਣ ’ਤੇ ਉਹਨਾਂ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਹੁਣ ਅਸੀਂ ਇਹ ਨਸ਼ੇ ਆਪ ਖਤਮ ਕਰਾਂਗੇ। ਉਹਨਾਂ ਨੇ ਸਰਕਾਰ ਵੱਲੋਂ 3-3 ਹਜ਼ਾਰ ਰੁਪਏ ਦੇ ਕੇ ਸੂਬੇ ਦੀਆਂ ਔਰਤਾਂ ਦੀ ਜ਼ਮੀਰ ਖਰੀਦਣ ਦੇ ਯਤਨ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ  ਉਹਨਾਂ ਕਿਹਾ ਕਿ ਜਦੋਂ ਤੁਸੀਂ ਵਾਅਦਾ 60 ਹਜ਼ਾਰ ਰੁਪਏ ਦਾ ਕੀਤਾ ਸੀ ਤਾਂ ਇਹ ਲੈਣਾ ਔਰਤਾਂ ਦਾ ਹੱਕ ਬਣਦਾ ਹੈ।

ਬਠਿੰਡਾ ਦੇ ਐਮ ਪੀ ਨੇ ਮੰਗ ਪੱਤਰ ਵਿਚ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਦੇ ਖਿਲਾਫ ਰਿਸ਼ਵਤ ਦੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ।ਮੰਗ ਪੱਤਰ ਵਿਚ ਦੱਸਿਆ ਗਿਆ ਕਿ ਕਿਵੇਂ ਇਕ ਮੀਡੀਆ ਇਨਫਲੂਐਂਸਰ ਨੇ ਮਹਿਲਾਵਾਂ ਨੂੰ ਵਰਤਿਆ ਤਾਂ ਉਹਨਾਂ ਮੁੱਖ ਮੰਤਰੀ ਕੋਲ ਪਹੁੰਚ ਕੀਤੀ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਬਾਅਦ ਵਿਚ ਇਹਨਾਂ ਵਿਚੋਂ ਦੋ ਔਰਤਾਂ ਨੇ ਇਸ ਇਨਫਲੂਐਂਸਰ ਗੁਰੀ ਚਹਿਲ ਦੇ ਖਿਲਾਫ ਜ਼ਬਰ ਜਨਾਹ ਦੇ ਕੇਸ ਦਰਜ ਕਰਵਾ ਦਿੱਤੇ ਪਰ ਮੁੱਖ ਮੰਤਰੀ ਦੀ ਪਤਨੀ ਨੇ ਚਹਿਲ ਨੂੰ ਜੇਲ੍ਹ ਵਿਚੋਂ ਛੁਡਵਾਉਣ ਵਾਸਤੇ ਉਸਦੇ ਸਾਥੀ ਨਾਲ 5 ਕਰੋੜ ਰੁਪਏ ਵਿਚ ਸੌਦਾ ਕਰ ਲਿਆ।

ਮੰਗ ਪੱਤਰ ਵਿਚ ਮੋਹਣਜੀਤ ਸਿੰਘ ਤੇ ਗੁਲਜ਼ਾਰ ਲਈ ਇਨਸਾਫ ਦੀ ਮੰਗ ਵੀ ਕੀਤੀ ਗਈ ਜਿਹਨਾਂ ਨੇ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਜਿਸ ਬਦਲੇ ਮੋਹਣਜੀਤ ਸਿੰਘ ਦੀ ਅੰਨ੍ਹੀ ਕੁੱਟਮਾਰ ਕੀਤੀ ਗਈ ਤੇ ਗੁਲਜ਼ਾਰ ਸਿੰਘ ਨੇ ਮਜਬੂਰ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

ਇਸ ਮੌਕੇ ਸੀਨੀਅਰ ਆਗੂ ਤੀਰਥ ਸਿੰਘ ਮਾਹਲਾ, ਸੰਜੀਤ ਸਿੰਘ ਗਿੱਲ ਅਤੇ ਕੰਚਨਪ੍ਰੀਤ ਕੌਰ ਵੀ ਬਠਿੰਡਾ ਦੇ ਐਮ ਪੀ ਦੇ ਨਾਲ ਸਨ।

Written By
The Punjab Wire