ਤਿਬੜੀ ਛਾਉਣੀ ਤੋਂ ਕੁਝ ਕੂ ਕਿਲੋਮੀਟਰ ਦੂਰ ਸਥਿਤ ਹੈ ਪਿੰਡ ਪੰਧੇਰ
ਪੁਲਿਸ ਅਤੇ ਸੈਨਾ ਨੇ ਸ਼ੁਰੂ ਕੀਤੀ ਜਾਂਚ
ਗੁਰਦਾਸਪੁਰ, 7 ਮਈ 2025 (ਮੰਨਣ ਸੈਣੀ)। ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ਮੰਗਲਵਾਰ-ਬੁੱਧਵਾਰ ਦੀ ਤੜ੍ਕਸਾਰ ਨੂੰ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ (ਆਪ੍ਰੇਸ਼ਨ ਸਿੰਦੂਰ) ਦੌਰਾਨ ਹੀ ਗੁਰਦਾਸਪੁਰ ਦੇ ਪਿੰਡ ਪੰਧੇਰ ’ਚ ਰਾਤ ਡੇਡ ਵਜੇ ਦੇ ਕਰੀਬ ਇੱਕ ਜ਼ਬਰਦਸਤ ਧਮਾਕਾ ਹੋਇਆ। ਇਹ ਘਟਨਾ ਤਿੱਬੜੀ ਛਾਉਣੀ ਤੋਂ ਲਗਭਗ ਇੱਕ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਖੇਤਾਂ ’ਚ ਵਾਪਰੀ। ਸੂਚਨਾ ਮਿਲਣ ’ਤੇ ਸਵੇਰੇ ਭਾਰਤੀ ਸੈਨਾ ਦੇ ਜਵਾਨ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ, ਧਮਾਕੇ ਵਾਲੀ ਥਾਂ ਦੇ 500 ਫੁੱਟ ਦੇ ਘੇਰੇ ’ਚ 3-4 ਡੇਰੇ ਸਥਿਤ ਹਨ। ਇਨ੍ਹਾਂ ’ਚ ਰਹਿਣ ਵਾਲੇ ਲੋਕਾਂ ਨੇ ਧਮਾਕੇ ਤੋਂ ਬਾਅਦ ਖੇਤਾਂ ਦੇ ਨਾੜ ’ਚ ਲੱਗੀ ਅੱਗ ਨੂੰ ਕਾਬੂ ਕੀਤਾ। ਖੇਤਾਂ ’ਚ ਡਿੱਗੀ ਸੱਕੀ ਚੀਜ ਦੇ ਮਿਲੇ ਅਵਸ਼ੇਸ਼ਾਂ ਨਾਲ ਤਾਰਾਂ ਅਤੇ ਛੋਟੇ ਉਪਕਰਣ ਵੀ ਲੱਗੇ ਹੋਏ ਹਨ, ਜੋ ਇਸ ਨੂੰ ਵਿਸਫੋਟਕ ਵੱਲ ਇਸ਼ਾਰਾ ਕਰਦੇ ਹਨ। ਇਸ ਦੇ ਨਾਲ ਹੀ ਕੁਝ ਇਸ ਨੂੰ ਜਹਾਜ ਦਾ ਐਕਸਟ੍ਰਾ ਫਿਓਲ ਟੈਂਕ ਦੱਸ ਰਹੇ ਹਨ। ਹਾਲਾਂਕਿ, ਸੈਨਾ ਅਤੇ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਅਜੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ।
ਪਿੰਡ ਪੰਧੇਰ ਦੇ ਵਸਨੀਕ ਜਸਮੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1:20 ਵਜੇ ਧਮਾਕਾ ਹੋਇਆ, ਜਿਸ ਨਾਲ ਉਨ੍ਹਾਂ ਦੇ ਘਰ ਦੀਆਂ ਕੰਧਾਂ ਵੀ ਕੰਬ ਗਈਆਂ। ਉਨ੍ਹਾਂ ਨੇ ਧਮਾਕੇ ਤੋਂ ਪਹਿਲਾਂ ਜਹਾਜ਼ ਵਰਗੀ ਗੂੰਜ ਸੁਣੀ ਸੀ। ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਕਿਹਾ ਕਿ ਰਾਤ 1:18 ਵਜੇ ਧਮਾਕੇ ਦੇ ਨਾਲ ਰੋਸ਼ਨੀ ਵੀ ਦਿਖਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਪਹਿਲਾਂ ਮਿਸਾਈਲ ਵਰਗੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਦੌਰਾਨ, ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਜਾਮ ਲੱਗ ਗਿਆ, ਜਿਸ ਕਾਰਨ ਲੋਕਾਂ ਨੇ ਇਸ ਘਟਨਾ ਨੂੰ ਸ਼ੁਰੂਆਤ ’ਚ ਨਜ਼ਰਅੰਦਾਜ਼ ਕਰ ਦਿੱਤਾ।
ਸਵੇਰੇ ਜਦੋਂ ਡੇਰਿਆਂ ਦੇ ਲੋਕਾਂ ਨੇ ਖੇਤਾਂ ’ਚ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਲਗਭਗ 50 ਦੇ ਕਰੀਬ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਸੈਨਾ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੋਹਾਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ 4 ਘੰਟਿਆਂ ਤੱਕ ਖੇਤਾਂ ਅਤੇ ਆਸਪਾਸ ਦੇ ਇਲਾਕੇ ਦੀ ਗਹਿਨ ਖੋਜ ਕੀਤੀ। ਇਸ ਦੌਰਾਨ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ।
ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਮੀਡੀਆ ਨੂੰ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਰਾਤ ਨੂੰ ਧਮਾਕੇ ਦੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ ਪੁਲਿਸ ਅਤੇ ਸੈਨਾ ਨੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਤਰ ਦੀ ਗੰਭੀਰਤਾ ਨਾਲ ਖੋਜ ਕੀਤੀ ਜਾ ਰਹੀ ਹੈ ਅਤੇ ਅਵਸ਼ੇਸ਼ਾਂ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਦੀ ਬਜਾਏ ਸ਼ਾਂਤੀ ਬਣਾਈ ਰੱਖਣ।
ਇਹ ਘਟਨਾ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਵਾਪਰੀ, ਜਿਸ ’ਚ ਭਾਰਤੀ ਸੈਨਾ ਨੇ ਪਾਕਿਸਤਾਨ ਅਤੇ ਪੀਓਕੇ ’ਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪੰਧੇਰ ’ਚ ਹੋਏ ਧਮਾਕੇ ਦੀ ਜਾਂਚ ਜਾਰੀ ਹੈ, ਅਤੇ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੈਨਾ ਤੇ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ।