Close

Recent Posts

ਪੰਜਾਬ

ਮਾਨ ਦੇ ਮੁਨਾਫੇ ਹੋਰ ਕੁਝ ਨਹੀਂ ਬਲਕਿ ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਲਾਭ ਸਕੀਮਾਂ ਨੂੰ ਨਵੇਂ ਮੁਹਾਂਦਰੇ ਨਾਲ ਪੇਸ਼ ਕਰਨ ਦਾ ਯਤਨ: ਸੁਖਬੀਰ ਸਿੰਘ ਬਾਦਲ

ਮਾਨ ਦੇ ਮੁਨਾਫੇ ਹੋਰ ਕੁਝ ਨਹੀਂ ਬਲਕਿ ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਲਾਭ ਸਕੀਮਾਂ ਨੂੰ ਨਵੇਂ ਮੁਹਾਂਦਰੇ ਨਾਲ ਪੇਸ਼ ਕਰਨ ਦਾ ਯਤਨ: ਸੁਖਬੀਰ ਸਿੰਘ ਬਾਦਲ
  • PublishedSeptember 23, 2026

ਕਿਹਾ ਕਿ ਇਹ ਸਕੀਮਾਂ ਜਾਂ ਤਾਂ ਘਟਾ ਦਿੱਤੀਆਂ ਗਈਆਂ ਜਾਂ ਬੰਦ ਕਰ ਦਿੱਤੀਆਂ ਗਈਆਂ

ਜੰਡਿਆਲਾ ਗੁਰੂ ਵਿਖੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ, ਜ਼ੋਰ ਦੇ ਕੇ ਕਿਹਾ ਕਿ ਵਾਰਿਸ ਪੰਜਾਬ ਦੇ ਆਪ ਦੀ ਬੀ ਟੀਮ ਵਜੋਂ ਕਰ ਰਹੀ ਕੰਮ

ਅੰਮ੍ਰਿਤਸਰ, ਚੰਡੀਗੜ੍ਹ/23 ਸਤੰਬਰ 2026 (ਦੀ ਪੰਜਾਬ ਵਾਇਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ’ਮਾਨ ਦੇ ਮੁਨਾਫੇ’ ਰਿਪੋਰਟ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ, ਉਹ ਹੋਰ ਕੁਝ ਨਹੀਂ ਬਲਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਮਾਜ ਭਲਾਈ ਲਾਭ ਸਕੀਮਾਂ ਦਾ ਮੁਹਾਂਦਰਾ ਬਦਲ ਕੇ ਉਹ ਮੁੜ ਪੇਸ਼ ਕਰਨ ਦਾ ਯਤਨ ਹਨ।

ਇਥੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਹਿੱਸੇ ਵਜੋਂ ਜੰਡਿਆਲਾ ਗੁਰੂ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀਆਂ ਸਕੀਮਾਂ ਦਾ ਸਿਹਰਾ ਭਗਵੰਤ ਮਾਨ ਲੈਣਾ ਚਾਹੁੰਦਾ ਹੈ, ਉਹ ਸਾਰੀਆਂ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ। ਇਹਨਾਂ ਵਿਚ ਆਟਾ ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਸਕੀਮ ਤੇ ਤੀਰਥ ਯਾਤਰਾ ਸਕੀਮ ਸ਼ਾਮਲ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਸਕੀਮਾਂ ਜਿਹਨਾਂ ਨੂੰ ਆਪ ਸਰਕਾਰ ਆਪਣੀਆਂ ਦੱਸ ਕੇ ਪ੍ਰਚਾਰ ਰਹੀ ਹੈ, ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਖੋਰਾ ਲਾਇਆ ਗਿਆ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਆਟਾ ਦਾਲ ਸਕੀਮ ਦੇ ਵੇਲੇ 30 ਕਿਲੋ ਕਣਕ ਦਿੱਤੀ ਜਾਂਦੀ ਸੀ ਪਰ ਆਪ ਸਰਕਾਰ ਦੇ ਰਾਜ ਵਿਚ ਇਹ ਘਟਾ ਕੇ 5 ਕਿਲੋ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਤੇ ਇਸੇ ਤਰੀਕੇ ਬੁਢਾਪਾ ਪੈਨਸ਼ਨ ਸਕੀਮ ਤਹਿਤ ਲਾਭਪਾਤਰੀਆਂ ਦੀ ਗਿਣਤੀ ਘਟਾਈ ਗਈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਆਪ ਸਰਕਾਰ ਨੇ 11ਵੀਂ ਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲਾਂ ਵੰਡਣੀਆਂ ਵੀ ਬੰਦ ਕਰ ਦਿੱਤੀਆਂ। ਮੁਫਤ ਮੈਡੀਕਲ ਸਟੋਰ ਵੀ ਬੰਦ ਕਰ ਦਿੱਤੇ ਗਏ। ਪਿੰਡਾਂ ਵਿਚ ਹੁਣ ਸਪੋਰਟਸ ਕਿੱਟਾਂ ਵੀ ਨਹੀਂ ਵੰਡੀਆਂ ਜਾਂਦੀਆਂ। ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਜਿੰਮ ਵੀ ਬੰਦ ਕਰ ਦਿੱਤੇ ਗਏ ਤੇ ਸਾਫ ਸੁਥਰਾ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਸਤੇ ਆਰ ਓ ਪਲਾਂਟ, ਸੁਵਿਧਾ ਕੇਂਦਰ ਤੇ ਸਾਂਝ ਕੇਂਦਰ ਜਿਸ ਨਾਲ ਰਿਸ਼ਵਤਖੋਰੀ ਘਟੀ ਸੀ, ਵੀ ਬੰਦ ਕਰ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਲੋਕ ਇਸ ਵੇਲੇ ਜੋ ਗੱਲਾਂ ਕਰ ਰਹੇ ਹਨ, ਉਹ ਮਾਨ ਦੇ ਮੁਨਾਫੇ ਨਹੀਂ ਬਲਕਿ ਮਾਨ ਦੇ ਕਾਰਨਾਮਿਆਂ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ ਤੇ ਇਕ ਮਹੀਨੇ ਵਿਚ ਦੋ ਏ ਐਸ ਆਈਜ਼ ਦਾ ਕਤਲ ਹੋ ਗਿਆ ਹੈ ਤੇ 20 ਪੁਲਿਸ ਥਾਣਿਆਂ ’ਤੇ ਬੰਬ ਸੁੱਟੇ ਗਏ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਲੋਕ ਵੀ ਵੇਖ ਰਹੇ ਹਨ ਕਿ ਮੁੱਖ ਮੰਤਰੀ ਦਫਤਰ ਤੇ ਮੁੱਖ ਮੰਤਰੀ ਦੀ ਰਿਹਾਇਸ਼ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਏ ਹਨ। ਉਹਨਾਂ ਕਿਹਾ ਕਿ ਤਾਇਨਾਤੀਆਂ ਤੇ ਤਬਾਦਲਿਆਂ ਵਾਸਤੇ ਪੈਸੇ ਲਏ ਜਾ ਰਹੇ ਹਨ ਤੇ ਸਿਵਲ ਤੇ ਪੁਲਿਸ ਤਾਇਨਾਤੀਆਂ ਪੈਸੇ ਦੇ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀਆਂ ਔਰਤਾਂ ਦੇ ਮਾਣ ਸਨਮਾਨ ਨਾਲ ਵੀ ਸਮਝੌਤੇ ਹੋ ਰਹੇ ਹਨ ਤੇ ਮੁੱਖ ਮੰਤਰੀ ਦੀ ਪਤਨੀ ਜ਼ਬਰ ਜਨਾਹ ਕੇਸਾਂ ਦੇ ਮੁਲਜ਼ਮਾਂ ਨੂੰ ਛੁਡਵਾਉਣ ਵਾਸਤੇ 5 ਕਰੋੜ ਰੁਪਏ ਰਿਸ਼ਵਤ ਲੈ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਇਹ ਆਪ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਵਾਰਿਸ ਪੰਜਾਬ ਦੇ ਖਰਚਿਆਂ ਵਾਸਤੇ ਹਰ ਮਹੀਨੇ ਪੈਸਾ ਆਪ ਦੇ ਰਹੀ ਹੈ ਤੇ ਇਸਦੀ ਅਦਾਇਗੀ ਮੰਡੀ ਬੋਰਡ ਦਾ ਇਕ ਚੀਫ ਇੰਜੀਨੀਅਰ ਕਰ ਰਿਹਾ ਹੈ ਤੇ ਇਹ ਜਥੇਬੰਦੀ ਭਗਵੰਤ ਮਾਨ ਦੇ ਖਿਲਾਫ ਬੋਲਣ ਵਾਸਤੇ ਤਿਆਰ ਨਹੀਂ। ਉਹਨਾਂ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਰਾਸਤ ਦੀ ਗੱਲ ਕਰਦੀ ਹੈ ਪਰ ਇਸਨੇ ਭਗਵੰਤ ਮਾਨ ਦੀ ਉਸ ਵੀਡੀਓ ’ਤੇ ਕੋਈ ਟਿੱਪਣੀ ਨਹੀਂ ਕੀਤੀ ਜਿਸ ਵਿਚ ਉਹ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਪਿਸ਼ਾਬ ਕਰਦਾ ਨਜ਼ਰ ਆਉਂਦਾ ਹੈ ਜੋ ਕਿ ਫੋਰੈਂਸਿਕ ਜਾਂਚ ਵਿਚ ਸਹੀ ਵੀਡੀਓ ਪਾਈ ਗਈ ਹੈ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਦੇ ਰਾਜ ਵਿਚ ਨਸ਼ਾ 10 ਗੁਣਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕਿਉਂਕਿ ਆਪ ਦੇ ਆਗੂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ ਅਤੇ ਉਹ ਪੁਲਿਸ ਨੂੰ ਉਹਨਾਂ ਖਿਲਾਫ ਕਾਰਵਾਈ ਨਹੀਂ ਕਰਨ ਦਿੰਦੇ ਕਿਉਂਕਿ ਉਹ ਨਸ਼ਾ ਤਸਕਰਾਂ ਤੋਂ ਮਹੀਨੇ ਲੈ ਰਹੇ ਹਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਭ ਤੋਂ ਜ਼ਰੂਰੀ ਹੈ ਖਾਸ ਤੌਰ ’ਤੇ ਵਿਦੇਸ਼ੀ ਮੁਲਕਾਂ ਵੱਲੋਂ ਪੰਜਾਬੀਆਂ ਦੇ ਦਾਖਲੇ ’ਤੇ ਰੋਕ ਲਾਉਣ ਵੇਲੇ ਇਸਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ ਤੇ ਹੁਨਰ ਵਿਕਾਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਰ ਜ਼ਿਲ੍ਹੇ ਵਿਚ ਹੁਨਰ ਯੂਨੀਵਰਸਿਟੀਆਂ ਦੀ ਸਥਾਪਨਾ ਕਰੇਗਾ ਜਿਸ ਵਿਚ ਕਾਰਪੋਰੇਟ ਘਰਾਣਿਆਂ ਨੂੰ ਨੌਜਵਾਨਾਂ ਨੂੰ ਵਿਸ਼ੇਸ਼ ਸਿੱਖਲਾਈ ਤੇ ਸਰਟੀਫਿਕੇਟ ਦੇਣ ਲਈ ਸ਼ਾਮਲ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਇਥੇ ਹੀ ਲਾਹੇਵੰਦ ਰੋਜ਼ਗਾਰ ਮਿਲ ਸਕੇ।

ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਲੀਕੀ ਕਾਰਜ ਯੋਜਨਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਇਕ ਮਹੀਨੇ ਅੰਦਰ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਕਿਹਾਕਿ  ਆਟਾ ਦਾਲ ਸਕੀਮ ਤਹਿਤ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਉਦਮੀ ਪ੍ਰਾਜੈਕਟਾਂ ਵਾਸਤੇ ਬਿਨਾਂ ਵਿਆਜ਼ ਦੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਪਸ਼ੂ ਪਾਲਣ ਪ੍ਰਾਜੈਕਟਾਂ ਵਾਸਤੇ 75 ਫੀਸਦੀ ਸਬਸਿਡੀ ‌ਦਿੱਤੀ ਜਾਵੇਗੀ।

ਇਸ ਮੌਕੇ ਹਲਕਾ ਇੰਚਾਰਜ ਸੰਦੀਪ ਸਿੰਘ ਏ ਆਰ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ ਅਤੇ ਰਾਜਾ ਲਾਧੇ ਨੇ ਵੀ ਸੰਬੋਧਨ ਕੀਤਾ।

Written By
The Punjab Wire