ਅਸੀਂ ਨਸ਼ਿਆਂ ਦੇ ਪਸਾਰ ਖਿਲਾਫ ਮਾਵਾਂ-ਧੀਆਂ ਵਾਸਤੇ ਨਿਆਂ ਚਾਹੁੰਦੇ ਹਾਂ: ਹਰਸਿਮਰਤ ਕੌਰ ਬਾਦਲ
ਸੂਬੇ ਭਰ ਵਿਚ ਨਸ਼ਾ ਵਿਰੋਧੀ ਮਹਿਲਾ ਮੁਹਿੰਮ ਦੀ ਕੀਤੀ ਸ਼ੁਰੂਆਤ
ਰਾਮਪੁਰਾ ਫੂਲ ਤੇ ਨਥਾਣਾ ਵਿਖੇ ਵਿਸ਼ਾਲ ਮਹਿਲਾ ਇਕੱਠਾਂ ਨੂੰ ਕੀਤਾ ਸੰਬੋਧਨ, ਕਾਰਜਕਾਰੀ ਮੈਜਿਸਟਰੇਟਾਂ ਨੂੰ ਮੰਗ ਪੱਤਰ ਦੇਣ ਲਈ ਮਾਰਚਾਂ ਦੀ ਕੀਤੀ ਅਗਵਾਈ
ਬਠਿੰਡਾ,ਚੰਡੀਗੜ੍ਹ, 21 ਸਤੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੀਆਂ ਮਾਵਾਂ ਧੀਆਂ ਜਿਹਨਾਂ ਨੇ ਨਸ਼ਿਆਂ ਦੇ ਪਸਾਰ ਦਾ ਸੰਤਾਪ ਹੰਢਾਇਆ ਲਈ ਨਿਆਂ ਹਾਸਲ ਕਰਨ ਵਾਸਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਕਿਉਂਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਨਸ਼ੇ ਹਰ ਪਿੰਡ ਵਿਚ ਪਹੁੰਚ ਗਏ ਹਨ ਅਤੇ ਇਹ ਨੌਜਵਾਨਾਂ ਦੀ ਸਾਰੀ ਪੀੜ੍ਹੀ ਖਾਣੀ ਚਾਹੁੰਦੇ ਹਨ।
ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਰਾਮਪੁਰਾ ਫੂਲ ਤੇ ਨਥਾਣਾ ਵਿਖੇ ਵਿਸ਼ਾਲ ਮਹਿਲਾ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮਾਵਾਂ ਤੇ ਧੀਆਂ ਹੁਣ ਉਠ ਖਲੋਤੀਆਂ ਹਨ ਤੇ ਉਹ ਆਪ ਆਗੂਆਂ ਤੇ ਪੁਲਿਸ ਦੀ ਗੰਢ ਤੁੱਪ ਤੋੜ ਕੇ ਹਟਣਗੀਆਂ ਜਿਸਨੇ ਉਹਨਾਂ ਦੇ ਪੁੱਤਰ ਤੇ ਪਿਓ ਖਾ ਲਏ ਹਨ। ਉਹਨਾਂ ਕਿਹਾ ਕਿ ਹੁਣ ਮਾਈ ਭਾਗੋ ਦੀਆਂ ਵਾਰਸਾਂ ਨੇ ਆਪ ਕਮਾਂਡ ਸੰਭਾਲ ਲਈ ਹੈ ਤੇ ਉਹ ਪਿੰਡ-ਪਿੰਡ ਜਾ ਕੇ ਮੌਤ ਦੇ ਸੌਦਾਗਰਾਂ ਨਾਲ ਆਪ ਨਜਿੱਠਣਗੀਆਂ।ਰਾਮਪੁਰਾ ਫੂਲ ਤੇ ਨਥਾਣਾ ਦੋਵਾਂ ਥਾਵਾਂ ’ਤੇ ਵਿਸ਼ਾਲ ਮਾਰਚ ਕੱਢੇ ਗਏ ਤੇ ਸੂਬੇ ਦੇ ਰਾਜਪਾਲ ਦੇ ਨਾਮ ’ਤੇ ਮੰਗ ਪੱਤਰ ਸੌਂਪੇ ਗਏ।
ਮੰਗ ਪੱਤਰਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਦੋ ਜ਼ਬਰ ਜਨਾਹ ਕੇਸਾਂ ਵਿਚ ਦੋਸ਼ੀ ਨੂੰ ਬਰੀ ਕਰਵਾਉਣ ਲਈ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ। ਇਸ ਵਿਚ ਨਸ਼ਿਆਂ ਕਾਰਨ ਪ੍ਰਭਾਵਤ ਹੋਏ ਪਰਿਵਾਰਾਂ ਵਾਸਤੇ ਨਿਆਂ ਤੇ ਉਹਨਾਂ ਦੇ ਮੁੜ ਵਸੇਬੇ ਦੀ ਮੰਗ ਕੀਤੀ ਗਈ। ਇਸ ਵਿਚ ਇਹ ਵੀ ਮੰਗ ਕੀਤੀ ਗਈ ਕਿ ਮੋਹਣਜੀਤ ਸਿੰਘ ’ਤੇ ਹੋਏ ਤਸ਼ੱਦਦ ਤੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਸਮੇਤ ਪੁਲਿਸ ਤਸ਼ੱਦਦ ਦੇ ਸਾਰੇ ਕੇਸਾਂ ਵਿਚ ਨਿਆਂ ਮਿਲੇ।

ਇਕ ਭਾਵੁਕ ਭਾਸ਼ਣ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਉਹਨਾਂ ਕੋਲ ਆ ਕੇ ਮਹਿਲਾਵਾਂ ਦੱਸ ਰਹੀਆਂ ਹਨ ਕਿ ਕਿਵੇਂ ਉਹਨਾਂ ਦੇ ਪੁੱਤਰ ਨਸ਼ਿਆਂ ਦੇ ਪਸਾਰ ਦਾ ਸ਼ਿਕਾਰ ਹੋਏ ਹਨ ਕਿਉਂਕਿ ਪੰਜਾਬ ਵਿਚ ਨਸ਼ਾ ਘਰ-ਘਰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਅਸੀਂ ਮਾਮਲੇ ਵਿਚ ਕਾਰਵਾਈ ਕਰੀਏ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਨੇ ਸਾਡੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਨਸ਼ਿਆਂ ਦਾ ਪਸਾਰ ਰੋਕਣ ਦੇ ਨਾਮ ’ਤੇ ਵਾਅਦੇ ਕਰ ਕੇ ਵੋਟਾਂ ਹਾਸਲ ਕੀਤੀਆਂ। ਉਹਨਾਂ ਕਿਹਾ ਕਿ ਅੱਜ ਸਾਡੇ ਕੋਲ ਅਜਿਹੀ ਸਰਕਾਰ ਹੈ ਜਿਸਦੇ ਰਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਨੌਜਵਾਨ ਮਰ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਕੁਝ ਕਰਨ ਦੀ ਥਾਂ ’ਤੇ ਝੁਠ ਬੋਲਣ ਅਤੇ ਰੋਜ਼ਾਨਾ ਆਧਾਰ ’ਤੇ ਬਹੁ ਕਰੋੜੀ ਇਸ਼ਤਿਹਾਰ ਦੇ ਕੇ ਆਪਣਾ ਪ੍ਰਾਪੇਗੰਡਾ ਕਰਨ ’ਤੇ ਲੱਗੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦੀ ਦਰ ’ਤੇ 60 ਹਜ਼ਾਰ ਰੁਪਏ ਦੇਣ ਦੀ ਥਾਂ ’ਤੇ ਤਿੰਨ-ਤਿੰਨ ਹਜ਼ਾਰ ਰੁਪਏ ਦੇ ਕੇ ਖਰੀਦਣ ਲਈ ਯਤਨਸ਼ੀਲ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਔਰਤਾਂ ਸਿਰਫ ਇਸ ਕਰ ਕੇ ਸੰਤਾਪ ਨਹੀਂ ਹੰਢਾ ਰਹੀਆਂ ਕਿ ਨਸ਼ਾ ਤਸਕਰੀ ਬਹੁਤ ਜ਼ਿਆਦਾ ਹੈ ਬਲਕਿ ਉਹਨਾਂ ਨੂੰ ਰਾਸ਼ਨ, ਬੇਰੋਜ਼ਗਾਰੀ ਤੇ ਮਹਿੰਗਾਈ ਦੀ ਮਾਰ ਸਮੇਤ ਸਮਾਜ ਭਲਾਈ ਸਕੀਮਾਂ ਦਾ ਲਾਭ ਨਾ ਮਿਲਣ ਕਰ ਕੇ ਵੀ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਕੋਲ ਔਰਤਾਂ ਦੀਆਂ ਮੁਸ਼ਕਿਲਾਂ ਘਟਾਉਣ ਵਾਸਤੇ ਕੋਈ ਜਵਾਬ ਨਹੀ਼ ਹੈ ਤੇ ਇਹ ਹੁਣ 2027 ਦੀਆਂ ਚੋਣਾਂ ਵਿਚ ਠੋਕਵਾਂ ਜਵਾਬ ਦੇਣਗੀਆਂ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਜੋ ਆਪਣਾ ਨਸ਼ਾ ਨਹੀਂ ਛੱਡ ਸਕਦਾ, ਉਹ ਉਹਨਾਂ ਵਾਸਤੇ ਕੱਖ ਵੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਤਾਨਾਸ਼ਾਹੀ ਦਾ ਰਾਜ ਇਸ ਕਦਰ ਵਧਾ ਦਿੱਤਾ ਹੈ ਕਿ ਜੋ ਕੋਈ ਵੀ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ, ਉਸਨੂੰ ਕੁਚਲਣ ਦਾ ਯਤਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦਿੜਬਾ ਦੇ ਵਸਨੀਕ ਗੁਲਜ਼ਾਰ ਸਿੰਘ ਦਾ ਕਸੂਰ ਸਿਰਫ ਇਹੀ ਸੀ ਕਿ ਉਸਨੇ ਵਿੱਤ ਮੰਤਰੀ ਹਰਪਾਲ ਚੀਮਾ ਦੇ ’ਲੋਕ ਮਿਲਣੀ’ ਪ੍ਰੋਗਰਾਮ ਵਿਚ ਖੁੱਲ੍ਹੇਆਮ ਨਸ਼ਾ ਵਿਕਣ ਦਾ ਮੁੱਦਾ ਚੁੱਕਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪ ਆਗੂਆਂ ਦੇ ਹੱਥੋਂ ਪੀੜਤ ਹੋਣ ਮਗਰੋਂ ਆਪਣੀ ਜਾਨ ਗੁਆ ਦਿੱਤੀ। ਸੁਨਾਮ ਦੇ ਮੋਹਣਜੀਤ ਸਿੰਘ ’ਤੇ ਤਸ਼ੱਦਦ ਢਾਹਿਆ ਗਿਆ ਅਤੇ ਕਰੰਟ ਵੀ ਲਗਾਇਆ ਗਿਆ ਕਿਉਂਕਿ ਉਹ ਮੁੱਖ ਮੰਤਰੀ ਦੇ ਪ੍ਰੋਗਰਾਮ ਖਿਲਾਫ ਲੋਕਤੰਤਰੀ ਢੰਗ ਨਾਲ ਰੋਸ ਪ੍ਰਗਟ ਕਰ ਰਿਹਾ ਸੀ।
ਸਰਦਾਰਨੀ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਗੱਲ ਸਮਝਣ ਕਿ ਆਪ ਤੇ ਨਸ਼ਾ ਤਸਕਰਾਂ ਵਿਚਾਲੇ ਕਿਸ ਤਰੀਕੇ ਦੀ ਗੰਢਤੁੱਪ ਪੰਜਾਬ ਵਿਚ ਹੋਈ ਹੈ। ਉਹਨਾਂ ਕਿਹਾ ਕਿ ਪੰਦਰਾਂ ਸਾਲ ਪਹਿਲਾਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਆਈ ਸੀ। ਉਹਨਾਂ ਕਿਹਾ ਕਿ ਕੀ ਉਸ ਵੇਲੇ ਕੋਈ ਆਮ ਗਲੀਆਂ ਵਿਚ ਚਿੱਟਾ ਵੇਚ ਸਕਦਾ ਸੀ ? ਉਹਨਾਂਕਿਹਾ ਕਿ ਕੀ ਤੁਸੀਂ ਉਸ ਵੇਲੇ ਨੌਜਵਾਨਾਂ ਦੇ ਹੱਥਾਂ ਵਿਚ ਸਰਿੰਜਾਂ ਖੂਬੀਆਂ ਹੋਣ ਵੇਲੇ ਮੌਤਾਂ ਵੇਖੀਆਂ ਸਨ। ਉਹਨਾਂ ਕਿਹਾ ਕਿ ਆਪ ਸਰਕਾਰ ਵਿਚ ਨਸ਼ਾ ਤਸਕਰਾਂ ਤੋਂ ਮਹੀਨੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਨਸ਼ਿਆਂ ਵਿਰੁੱਧ ਰੌਲਾ ਪਾਉਣ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਨਸ਼ੇ ਬੇਖੌਫ ਵਿਕ ਰਹੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਨਸ਼ਿਆਂ ਦੀ ਬੁਰਾਈ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਅਕਾਲੀ ਦਲ ਸੱਤਾ ਵਿਚ ਆਵੇਗਾ। ਉਹਨਾਂ ਕਿਹਾ ਕਿ ਅਸੀਂ ਅਜਿਹੇ ਕਾਨੂੰਨ ਲਿਆਵਾਂਗਾ ਜਿਸ ਤਹਿਤ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਨਾ ਜ਼ਮਾਨਤ ਮਿਲੇਗੀ ਤੇ ਸਜ਼ਾ ਵੀ ਉਮਰ ਕੈਦ ਦੀ ਮਿਲੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਇਸਦੇ ਨਾਲ ਹੀ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ ਯਕੀਮ ਤੇ ਸ਼ਗਨ ਸਕੀਮ ਦੇ ਤਹਿਤ ਲਾਭ ਵਧਾਏ ਜਾਣਗੇ ਅਤੇ ਪਿੰਡਾਂ ਵਿਚ ਸਿਲਾਈ ਸਿਖਾਉਣ ਦੇ ਕੇਂਦਰ ਖੋਲ੍ਹੇ ਜਾਣਗੇ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਦਰਬਾਰਾ ਸਿੰਘ ਗੁਰੂ ਵੀ ਹਾਜ਼ਰ ਸਨ।