Close

Recent Posts

ਪੰਜਾਬ

12 ਘੰਟਿਆਂ ਵਿੱਚ ਦੋ ਕਤਲਾਂ ਨੇ ‘ਆਪ’ ਸਰਕਾਰ ਦੇ ਲਾਅ ਐਂਡ ਆਰਡਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ: ਕੇਵਲ ਸਿੰਘ ਢਿੱਲੋਂ

12 ਘੰਟਿਆਂ ਵਿੱਚ ਦੋ ਕਤਲਾਂ ਨੇ ‘ਆਪ’ ਸਰਕਾਰ ਦੇ ਲਾਅ ਐਂਡ ਆਰਡਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ: ਕੇਵਲ ਸਿੰਘ ਢਿੱਲੋਂ
  • PublishedSeptember 18, 2026

ਡਿਊਟੀ ’ਤੇ ਤਾਇਨਾਤ ASI ਵੀ ਸੁਰੱਖਿਅਤ ਨਹੀਂ, ਪੁਲਿਸ ਚੌਕੀ ਦੇ ਨੱਕ ਹੇਠ ਨੌਜਵਾਨ ਦਾ ਕਤਲ — ਪੰਜਾਬ ਵਿੱਚ ਕਾਨੂੰਨ ਦਾ ਰਾਜ ਕਿੱਥੇ ਹੈ?: ਢਿੱਲੋਂ

ਚੰਡੀਗੜ੍ਹ, 18 ਸਤੰਬਰ 2026 (ਦੀ ਪੰਜਾਬ ਵਾਇਰ)– ਅੰਮ੍ਰਿਤਸਰ ਵਿੱਚ ਕੁਝ ਹੀ ਘੰਟਿਆਂ ਦੇ ਅੰਤਰਾਲ ਵਿੱਚ ਡਿਊਟੀ ਨਿਭਾ ਰਹੇ ਪੰਜਾਬ ਪੁਲਿਸ ਦੇ ਏਐਸਆਈ ਅਤੇ ਇੱਕ 25 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਦੀਆਂ ਘਟਨਾਵਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਘਟਨਾਵਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਨੂੰ ਬੇਨਕਾਬ ਕਰਦੀਆਂ ਹਨ।

ਸਰਦਾਰ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਵਿੱਚ ਲਾਅ ਐਂਡ ਆਰਡਰ ਬਿਲਕੁਲ ਠੀਕ ਹੋਣ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿੱਚ ਡਿਊਟੀ ’ਤੇ ਤਾਇਨਾਤ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਅਤੇ ਇਸ ਤੋਂ ਪਹਿਲਾਂ ਪੁਲਿਸ ਚੌਕੀ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਸਾਹਿਲ ਗਿੱਲ ਦੀ ਹੱਤਿਆ ਨੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜਿਸ ਪੰਜਾਬ ਵਿੱਚ ਲੋਕਾਂ ਦੀ ਰੱਖਿਆ ਕਰਨ ਵਾਲਾ ਪੁਲਿਸ ਮੁਲਾਜ਼ਮ ਹੀ ਡਿਊਟੀ ਦੌਰਾਨ ਸੁਰੱਖਿਅਤ ਨਹੀਂ ਅਤੇ ਪੁਲਿਸ ਚੌਕੀ ਦੇ ਬਿਲਕੁਲ ਨੇੜੇ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਹੈ, ਉਸ ਪੰਜਾਬ ਵਿੱਚ ਆਮ ਨਾਗਰਿਕ ਆਪਣੀ ਸੁਰੱਖਿਆ ਲਈ ਕਿਸ ਵੱਲ ਦੇਖੇ?”

ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਅਪਰਾਧੀਆਂ ਦੇ ਹੌਸਲੇ ਵਧਣ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਾਂ ਅਤੇ ਬਿਆਨਾਂ ਤੋਂ ਬਾਹਰ ਨਿਕਲ ਕੇ ਜ਼ਮੀਨ ’ਤੇ ਪੁਲਿਸਿੰਗ ਮਜ਼ਬੂਤ ਕਰਨ ਅਤੇ ਅਪਰਾਧੀਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਚਾਹੀਦੀ ਹੈ, ਸਿਰਫ਼ ਸਰਕਾਰੀ ਐਲਾਨ ਨਹੀਂ। ਹਰ ਕਤਲ ਤੋਂ ਬਾਅਦ ਮੁਆਵਜ਼ੇ ਦਾ ਐਲਾਨ ਕਰਨਾ ਆਪਣੀ ਥਾਂ ਹੈ, ਪਰ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਅਜਿਹੀਆਂ ਵਾਰਦਾਤਾਂ ਵਾਪਰਨ ਹੀ ਨਾ।”

ਸਰਦਾਰ ਢਿੱਲੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਏਐਸਆਈ ਹਰਜੀਤ ਸਿੰਘ ਅਤੇ ਸਾਹਿਲ ਗਿੱਲ ਦੇ ਕਤਲ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਜਾਂਚ ਨੂੰ ਤੇਜ਼ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਾਇਮ ਕਰਨਾ ਸਰਕਾਰ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ। ਜੇਕਰ ਪੁਲਿਸ ਮੁਲਾਜ਼ਮ ਅਤੇ ਆਮ ਨਾਗਰਿਕ ਦੋਵੇਂ ਹੀ ਸੁਰੱਖਿਅਤ ਨਹੀਂ ਹਨ ਤਾਂ ਸਰਕਾਰ ਨੂੰ ਆਪਣੇ ਲਾਅ ਐਂਡ ਆਰਡਰ ਦੇ ਦਾਅਵਿਆਂ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ।

ਸਰਦਾਰ ਢਿੱਲੋਂ ਨੇ ਏਐਸਆਈ ਹਰਜੀਤ ਸਿੰਘ ਦੇ ਪਰਿਵਾਰ ਅਤੇ ਸਾਹਿਲ ਗਿੱਲ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਇਸ ਦੁੱਖ ਦੀ ਘੜੀ ਵਿੱਚ ਦੋਵਾਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

Written By
The Punjab Wire