ਪੰਜਾਬ

ਬਾਰਡਰ ਸੁਰੱਖਿਆ ਹੋਰ ਮਜ਼ਬੂਤ: IGP ਬਾਰਡਰ ਰੇਂਜ ਵੱਲੋਂ ਐਂਟੀ-ਡਰੋਨ ਆਪਰੇਸ਼ਨਾਂ ਦੀ ਸਮੀਖਿਆ, ਨਿਗਰਾਨੀ ਅਤੇ ਤਾਲਮੇਲ ਵਧਾਉਣ ’ਤੇ ਜ਼ੋਰ

ਬਾਰਡਰ ਸੁਰੱਖਿਆ ਹੋਰ ਮਜ਼ਬੂਤ: IGP ਬਾਰਡਰ ਰੇਂਜ ਵੱਲੋਂ ਐਂਟੀ-ਡਰੋਨ ਆਪਰੇਸ਼ਨਾਂ ਦੀ ਸਮੀਖਿਆ, ਨਿਗਰਾਨੀ ਅਤੇ ਤਾਲਮੇਲ ਵਧਾਉਣ ’ਤੇ ਜ਼ੋਰ
  • PublishedSeptember 15, 2026

ਬਾਰਡਰ ਰੇਂਜ ਪੁਲਿਸ ਵੱਲੋਂ ਨਸ਼ਿਆਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਹੋਰ ਤੇਜ਼

ਅੰਮ੍ਰਿਤਸਰ, 15 ਸਤੰਬਰ 2026 (ਦੀ ਪੰਜਾਬ ਵਾਇਰ)— ਨਸ਼ਿਆਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰਦਿਆਂ, ਇੰਸਪੈਕਟਰ ਜਨਰਲ ਆਫ਼ ਪੁਲਿਸ (IGP), ਬਾਰਡਰ ਰੇਂਜ, ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਐਂਟੀ-ਡਰੋਨ ਆਪਰੇਸ਼ਨਾਂ ਦੀ ਸਮੀਖਿਆ ਕੀਤੀ ਗਈ।

ਫੀਲਡ ਦੌਰੇ ਦੌਰਾਨ IGP ਵੱਲੋਂ BSF ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਜਵਾਨਾਂ, ਸਮੇਤ ਅੰਮ੍ਰਿਤਸਰ ਰੂਰਲ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਡਰੋਨ ਨਿਗਰਾਨੀ, ਪੈਟਰੋਲਿੰਗ, ਨਾਕਾਬੰਦੀ ਪ੍ਰਬੰਧਾਂ ਅਤੇ ਸੈਕਿੰਡ ਲਾਈਨ ਆਫ਼ ਡਿਫੈਂਸ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।

IGP ਨੇ ਜ਼ੋਰ ਦਿੰਦਿਆਂ ਕਿਹਾ ਕਿ ਬਾਰਡਰ ਰੇਂਜ ਅਧੀਨ ਆਉਂਦੇ ਵਿਸ਼ਾਲ ਸਰਹੱਦੀ ਖੇਤਰ ਨੂੰ ਦੇਖਦਿਆਂ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ, ਤੁਰੰਤ ਜਵਾਬੀ ਕਾਰਵਾਈ ਅਤੇ BSF–ਪੰਜਾਬ ਪੁਲਿਸ ਵਿਚਕਾਰ ਨਜ਼ਦੀਕੀ ਤਾਲਮੇਲ ਬੇਹੱਦ ਜ਼ਰੂਰੀ ਹੈ, ਤਾਂ ਜੋ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾ ਰਹੇ ਡਰੋਨਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਨਾਕਾਮ ਕੀਤਾ ਜਾ ਸਕੇ।

ਫੀਲਡ ਵਿੱਚ ਤਾਇਨਾਤ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਐਂਟੀ-ਡਰੋਨ ਆਪਰੇਸ਼ਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਵਿਹਾਰਕ ਤਜਰਬੇ ਅਤੇ ਸੁਝਾਅ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸੰਵੇਦਨਸ਼ੀਲ ਖੇਤਰਾਂ ਵਿੱਚ ਜਵਾਬੀ ਕਾਰਵਾਈ ਦੀ ਸਮਰੱਥਾ ਵਧਾਉਣ ਲਈ ਵਾਧੂ ਮੋਬਿਲਿਟੀ ਅਤੇ ਮੈਨਪਾਵਰ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ।

IGP ਵੱਲੋਂ ਸਰਹੱਦੀ ਪਿੰਡਾਂ ਦੇ ਸਰਪੰਚਾਂ ਅਤੇ ਸਥਾਨਕ ਵਸਨੀਕਾਂ ਨੂੰ ਵੀ ਸਰਗਰਮ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਅਤੇ ਸ਼ੱਕੀ ਗਤੀਵਿਧੀਆਂ, ਸਮਾਜ ਵਿਰੋਧੀ ਜਾਂ ਦੇਸ਼ ਵਿਰੋਧੀ ਅਨਸਰਾਂ ਸਬੰਧੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਲਈ ਕਿਹਾ ਗਿਆ।

IGP ਨੇ BSF ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਨਤੀਜੇ ਵਜੋਂ ਪਹਿਲਾਂ ਹੀ ਮਹੱਤਵਪੂਰਨ ਬਰਾਮਦਗੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਾਂਝੀ ਇੰਟੈਲੀਜੈਂਸ ਸ਼ੇਅਰਿੰਗ, ਪ੍ਰਭਾਵਸ਼ਾਲੀ ਪੈਟਰੋਲਿੰਗ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਸਰਹੱਦ ਪਾਰੋਂ ਹੋ ਰਹੀ ਨਸ਼ਾ ਤਸਕਰੀ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਸਾਡਾ ਮਕਸਦ ਬਾਰਡਰ ਆਪਰੇਸ਼ਨਾਂ ਨੂੰ ਹੋਰ ਬਿਹਤਰ ਤਾਲਮੇਲ ਵਾਲਾ, ਤੁਰੰਤ ਜਵਾਬ ਦੇਣ ਯੋਗ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ, ਤਾਂ ਜੋ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੀ ਹਰ ਕੋਸ਼ਿਸ਼ ਨੂੰ ਸਮੇਂ ਸਿਰ ਪਛਾਣ ਕੇ ਨਾਕਾਮ ਕੀਤਾ ਜਾ ਸਕੇ।”

Written By
The Punjab Wire