ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ; ਐਚ.ਆਰ.-2 ਰੋਡ ਹੁਣ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਦੇ ਨਾਂ ਨਾਲ ਜਾਣੀ ਜਾਵੇਗੀ

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ; ਐਚ.ਆਰ.-2 ਰੋਡ ਹੁਣ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਦੇ ਨਾਂ ਨਾਲ ਜਾਣੀ ਜਾਵੇਗੀ
  • PublishedSeptember 13, 2026

ਪੰਜਾਬ ਸਰਕਾਰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਸਤਿਕਾਰ ਕਰ ਕੇ ਆਪਣਾ ਫ਼ਰਜ਼ ਨਿਭਾ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਰਕਾਰ ਦੇਸ਼ ਦੀ ਸੇਵਾ ਲਈ ਸ਼ਹਾਦਤ ਦੇਣ ਵਾਲੇ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਵੀ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੇਵਾ ਪੂਰੀ ਕਰ ਕੇ ਪਰਤਣ ਵਾਲੇ ਅਗਨੀਵੀਰਾਂ ਨੂੰ ਪੁਲਿਸ, ਬੈਂਕਾਂ ਅਤੇ ਜੰਗਲਾਤ ਵਿਭਾਗ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣ ਵਾਲੀਆਂ ਕੌਮਾਂ ਹੀ ਤਰੱਕੀ ਕਰਦੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਯਾਦ ਵਿੱਚ ਨਿਊ ਚੰਡੀਗੜ੍ਹ ਵਿਖੇ ਐਚ.ਆਰ.-2 ਸੜਕ ਦੇ ਨਾਮਕਰਨ ਸਮਾਰੋਹ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 14 ਸਤੰਬਰ 2026 ( ਦੀ ਪੰਜਾਬ ਵਾਇਰ)–ਆਪਣੇ ਸੂਰਬੀਰਾਂ ਦੀ ਕੁਰਬਾਨੀ ਨੂੰ ਕਦੇ ਵੀ ਲੋਕ ਮਨਾਂ ਤੋਂ ਵਿਸਰਨ ਨਾ ਦੇਣ ਦਾ ਸੰਕਲਪ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਊ ਚੰਡੀਗੜ੍ਹ ਵਿਖੇ ਅੱਜ 200 ਫੁੱਟ ਚੌੜੀ ਐਚ.ਆਰ.-2 ਰੋਡ ਅਤੇ ਇੱਕ ਪਾਰਕ ਅਨੰਤਨਾਗ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ) ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਨੇ ਕਿਹਾ, “ਸਾਡੇ ਸ਼ਹੀਦ ਸਾਡਾ ਮਾਣ ਤੇ ਸਰਮਾਇਆ ਹਨ ਅਤੇ ਪੰਜਾਬ ਸਰਕਾਰ ਹਮੇਸ਼ਾ ਉਨ੍ਹਾਂ ਦੇ ਪਰਿਵਾਰਾਂ ਨਾਲ ਚਟਾਨ ਵਾਂਗ ਖੜ੍ਹੀ ਰਹੇਗੀ।” ਉਨ੍ਹਾਂ ਦੁਹਰਾਇਆ ਕਿ ਸਰਕਾਰ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਐਕਸ ‘ਤੇ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਮਹਾਨ ਯੋਧੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ) ਦੀ ਸ਼ਹਾਦਤ ਦਿਵਸ ‘ਤੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਅਨੰਤਨਾਗ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਇਸ ਸੂਰਬੀਰ ਪ੍ਰਤੀ ਸਤਿਕਾਰ ਵਜੋਂ ਅੱਜ ਅਸੀਂ ਮੁੰਧੋਪੁਰ ਚੌਂਕ ਤੋਂ ਟੀ-ਪੁਆਇੰਟ ਤੱਕ ਦੀ ਸੜਕ ਦਾ ਨਾਂ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਅਤੇ ਸੈਕਟਰ 5-ਏ ਦੇ ਪਾਰਕ ਦਾ ਨਾਂ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਾਰਕ’ ਰੱਖਿਆ ਹੈ। ਪਿੰਡ ਭੜੌਂਜੀਆ ਦੇ ਇਸ ਬਹਾਦਰ ਸਪੂਤ ਦੀ ਅਨੂਠੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਸਾਡੇ ਸ਼ਹੀਦ ਸਾਡਾ ਮਾਣ ਤੇ ਸਰਮਾਇਆ ਹਨ ਅਤੇ ਪੰਜਾਬ ਸਰਕਾਰ ਹਮੇਸ਼ਾ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਰਹੇਗੀ। ਇਨਕਲਾਬ ਜ਼ਿੰਦਾਬਾਦ।

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਂ ‘ਤੇ ਸੜਕ ਅਤੇ ਪਾਰਕ ਸਮਰਪਿਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਇਸ ਮੌਕੇ ਸੂਬਾ ਸਰਕਾਰ ਇਸ ਬਹਾਦਰ ਯੋਧੇ ਵੱਲੋਂ ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਯਾਦ ਕਰਦੀ ਹੈ। ਇਸ ਸੂਰਬੀਰ ਨੇ ਮਾਤ ਭੂਮੀ ਦੀ ਰੱਖਿਆ ਕਰਦਿਆਂ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਮਹਾਨ ਕੁਰਬਾਨੀ ਦਿੱਤੀ ਹੈ।”

ਮੁੱਖ ਮੰਤਰੀ ਨੇ ਕਿਹਾ, “ਉਨ੍ਹਾਂ ਦੀ ਯਾਦ ਵਿੱਚ ਸੂਬਾ ਸਰਕਾਰ ਨੇ ਮੁੱਲਾਪੁਰ ਚੌਂਕ ਤੋਂ ਟੀ-ਪੁਆਇੰਟ ਤੱਕ ਦੀ 200 ਫੁੱਟ ਚੌੜੀ ਸੜਕ ਦਾ ਨਾਂ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਰੱਖਿਆ ਹੈ।”
ਉਨ੍ਹਾਂ ਦੱਸਿਆ, “ਇਸੇ ਤਰ੍ਹਾਂ ਸੈਕਟਰ 5-ਏ ਬਲਾਕ ਦੇ ਪਾਰਕ ਦਾ ਨਾਂ ਉਨ੍ਹਾਂ ਦੀ ਯਾਦ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਵਜੋਂ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਾਰਕ’ ਰੱਖਿਆ ਗਿਆ ਹੈ। ਪੰਜਾਬ ਦੇ ਇਸ ਬਹਾਦਰ ਪੁੱਤਰ, ਖਾਸ ਕਰਕੇ ਪਿੰਡ ਭੜੌਂਜੀਆ ਦੇ ਸਪੂਤ ਦੇ ਨਾਂ ‘ਤੇ ਇਨ੍ਹਾਂ ਜਨਤਕ ਥਾਵਾਂ ਦੇ ਨਾਂ ਰੱਖ ਕੇ ਸੂਬਾ ਸਰਕਾਰ ਨੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਪਹਿਲਕਦਮੀ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਵਾਨੀ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਨਾ ਮਿਲੇਗੀ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਬਹਾਦਰੀ, ਰਹਿਨੁਮਾਈ ਅਤੇ ਕੁਰਬਾਨੀ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

Written By
The Punjab Wire