ਬਾਜਵਾ ਨੇ ਮਾਨ ਨੂੰ ਪੂਰੀ ਤਰ੍ਹਾਂ ਅਸਫਲ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਮੇਰੇ ਖ਼ਿਲਾਫ਼ ਕੇਸ ਦਰਜ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ।

ਚੰਡੀਗੜ੍ਹ, 13 ਅਪ੍ਰੈਲ 2025 (ਦੀ ਪੰਜਾਬ ਵਾਇਰ)– ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਇਰਾਦੇ ਨਾਲ ਨਹੀਂ ਬਲਕਿ ਨਿੱਜੀ ਬਦਲਾਖੋਰੀ ਕਰਨ ਦੇ ਇਰਾਦੇ ਨਾਲ ਸਰਕਾਰ ਚਲਾ ਰਹੇ ਹਨ। ਅੱਜ ਦੀਆਂ ਘਟਨਾਵਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੱਤਾ ਦੀ ਦੁਰਵਰਤੋਂ ਕਰਨ ਦਾ ਸਪਸ਼ਟ ਸਬੂਤ ਹਨ।
ਅੱਜ ਸਵੇਰੇ, ਸਰਕਾਰ ਨੇ ਮੀਡੀਆ ਕਰਮੀਆਂ ਨੂੰ ਮੇਰੀ ਰਿਹਾਇਸ਼ ‘ਤੇ ਪਹੁੰਚਣ ਲਈ ਸੂਚਿਤ ਕੀਤਾ, ਅਤੇ ਤੁਰੰਤ ਬਾਅਦ, ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੇਰੇ ਤੋਂ ਪੁੱਛਗਿੱਛ ਕਰਨ ਲਈ ਭੇਜਿਆ ਗਿਆ। ਉਨ੍ਹਾਂ ਦਾ ਦੌਰਾ ਇਹ ਪੁੱਛਣ ਲਈ ਸੀ ਕਿ ਕੀ ਮੈਂ ਕਿਸੇ ਨਿਊਜ਼ ਚੈਨਲ ਨੂੰ ਸਰਹੱਦ ਪਾਰੋਂ ਪੰਜਾਬ ਵਿੱਚ ਕਥਿਤ ਤੌਰ ‘ਤੇ ਭੇਜੇ ਗਏ 50 ਹੈਂਡ ਗ੍ਰਨੇਡਾਂ ਬਾਰੇ ਬਿਆਨ ਦਿੱਤਾ ਸੀ। ਮੈਂ ਦ੍ਰਿੜਤਾ ਨਾਲ ਸਵੀਕਾਰ ਕੀਤਾ ਕਿ ਮੈਂ ਇਹ ਜਾਣਕਾਰੀ ਇੱਕ ਮੀਡੀਆ ਚੈਨਲ ਨਾਲ ਸਾਂਝੀ ਕੀਤੀ ਸੀ।
1987 ‘ਚ ਅੱਤਵਾਦੀ ਹਮਲੇ ‘ਚ ਆਪਣੇ ਪਿਤਾ ਨੂੰ ਗੁਆਉਣ ਅਤੇ 1990 ‘ਚ ਮੈਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਨਿੱਜੀ ਤੌਰ ‘ਤੇ ਅੱਤਵਾਦ ਦੀ ਦਹਿਸ਼ਤ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਦੇ ਤੌਰ ‘ਤੇ ਮੈਂ ਰਾਸ਼ਟਰੀ ਸੁਰੱਖਿਆ ਨੂੰ ਪੂਰੀ ਗੰਭੀਰਤਾ ਨਾਲ ਲੈਂਦਾ ਹਾਂ। ਮੈਂ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਜਿਸ ਨੇ ਸ਼ਾਂਤੀ ਦੀ ਕੀਮਤ ਅਦਾ ਕੀਤੀ ਹੈ ਅਤੇ ਜਦੋਂ ਵੀ ਮੈਨੂੰ ਪੰਜਾਬ ਦੀ ਸੁਰੱਖਿਆ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਮੈਂ ਕਦੇ ਚੁੱਪ ਨਹੀਂ ਰਹਾਂਗਾ।
ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ, ਮੈਂ ਇੱਕ ਸੰਵਿਧਾਨਕ ਅਹੁਦਾ ਰੱਖਦਾ ਹਾਂ ਅਤੇ ਸੰਵੇਦਨਸ਼ੀਲ ਜਾਣਕਾਰੀ ਤੋਂ ਜਾਣੂ ਹਾਂ। ਜਦੋਂ ਮੈਂ ਅਜਿਹੇ ਮਸਲਿਆਂ ‘ਤੇ ਚਿੰਤਾ ਜ਼ਾਹਿਰ ਕਰਦਾਂ ਹਾਂ ਤਾਂ ਮੈਂ ਜ਼ਿੰਮੇਵਾਰੀ ਨਾਲ ਅਤੇ ਜਨਤਕ ਸੁਰੱਖਿਆ ਦੇ ਹਿਤ ਵਿੱਚ ਕੰਮ ਕਰਦਾ ਹਾਂ। ਬਦਕਿਸਮਤੀ ਨਾਲ, ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ, ਮੁੱਖ ਮੰਤਰੀ ਮਾਨ ਨੇ ਅੱਜ ਸਵੇਰੇ ਮੈਨੂੰ “ਸਖ਼ਤ ਕਾਰਵਾਈ” ਦੀ ਧਮਕੀ ਦਿੱਤੀ।
ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਡਰਨ ਵਾਲਾ ਨਹੀਂ ਹਾਂ. ਮੈਂ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ, ਮੈਂ ਆਪਣੇ ਸਰੋਤਾਂ ਦਾ ਖ਼ੁਲਾਸਾ ਨਹੀਂ ਕਰਾਂਗਾ। ਮੇਰਾ ਫ਼ਰਜ਼ ਪੰਜਾਬ ਦੇ ਲੋਕਾਂ ਅਤੇ ਸੰਵਿਧਾਨ ਪ੍ਰਤੀ ਹੈ, ਨਾ ਕਿ ਬਦਲਾਖੋਰੀ ਵਾਲੀ ਸਰਕਾਰ ਦੀ ਮਨਮਰਜ਼ੀ ਪ੍ਰਤੀ।
ਪੰਜਾਬ ਦੀ ਸੁਰੱਖਿਆ ਸਿਆਸਤ ਤੋਂ ਉੱਪਰ ਹੈ। ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਾਂਗਾ ਕਿ ਉਹ ਜਾਇਜ਼ ਮਸਲਿਆਂ ‘ਤੇ ਚਿੰਤਾ ਜ਼ਾਹਿਰ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸ਼ਾਸਨ ‘ਤੇ ਧਿਆਨ ਕੇਂਦਰਿਤ ਕਰਨ ਅਤੇ ਸਰਹੱਦ ਪਾਰ ਦੇ ਖਤਰਿਆਂ ਦਾ ਗੰਭੀਰ ਨੋਟਿਸ ਲੈਣ।