ਸਮਸ਼ੇਰ ਸਿੰਘ ਦੀ ਅਗਵਾਈ ਵਿੱਚ ਦੀਨਾਨਗਰ ਵਿਖੇ ਸਫਾਈ ਮੁਹਿੰਮ ਜਾਰੀ, ਵਾਰਡ ਨੰਬਰ 1 ਵਿੱਚ ਕੀਤੀ ਸਫਾਈ
ਦੀਨਾਨਗਰ/ਗੁਰਦਾਸਪੁਰ, 4 ਸਤੰਬਰ 2026 (ਮੰਨਨ ਸੈਣੀ)– ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ-ਸੁਥਰਾ ਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਹਲਕਾ ਇੰਚਾਰਜ ਦੀਨਾਨਗਰ ਸਮਸ਼ੇਰ ਸਿੰਘ ਵਲੋਂ ਸ਼ਹਿਰ ਵਿੱਚ ਚਲਾਈ ਜਾ ਰਹੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ ਗਿਆ ਅਤੇ ਵਾਰਡ ਨੰਬਰ 1 ਵਿੱਚ ਸਾਫ਼ ਸਫਾਈ ਕੀਤੀ ਗਈ।
ਗੱਲਬਾਤ ਕਰਦਿਆਂ ਸਮਸ਼ੇਰ ਸਿੰਘ ਨੇ ਕਿਹਾ ਕਿ 29 ਅਗਸਤ ਤੋਂ ਸ਼ੁਰੂ ਹੋਈ ਇਸ 10 ਦਿਨਾਂ ਮੁਹਿੰਮ ਦਾ ਉਦੇਸ਼ ਖੱਲ੍ਹੇ ਵਿੱਚ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ (ਜੀ.ਵੀ.ਪੀ.) ਨੂੰ ਖਤਮ ਕਰਨਾ, ਉਨ੍ਹਾਂ ਨੂੰ ਦੁਬਾਰਾ ਬਣਨ ਤੋਂ ਰੋਕਣਾ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੀਨਾਨਗਰ ਵਿਖੇ ਸਾਫ਼ ਸਫਾਈ ਮੁਹਿੰਮ ਨਿਰੰਤਰ ਜਾਰੀ ਰਹੇਗੀ।
ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਕੂੜੇ ਦਾ ਨਿਪਟਾਰਾ ਢੁੱਕਵੇਂ ਢੰਗ ਨਾਲ ਕਰਨ ਦੇ ਨਾਲ-ਨਾਲ ਕੂੜਾ-ਕਰਕਟ ਇਧਰ-ਉਧਰ ਅਤੇ ਖੁੱਲ੍ਹੇ ਵਿੱਚ ਨਾ ਸੁੱਟ ਕੇ ਸਫਾਈ ਕਰਮੀਆਂ ਦਾ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਦੇ ਕਾਰਜਾਂ ਵਿੱਚ ਸਹਿਯੋਗ ਕੀਤਾ ਜਾਵੇ।