ਗੁਰਦਾਸਪੁਰ ਵਿੱਚ ਕਾਂਸਟੇਬਲ ‘ਤੇ ਹਮਲਾ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਨਸ਼ਾ ਮਾਫੀਆ ਬੇਖੌਫ: ਰੰਧਾਵਾ
ਸਰਕਾਰ ਨਸ਼ਾ ਤਸਕਰੀ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ, ਵਿਗੜੀ ਕਾਨੂੰਨ-ਵਿਵਸਥਾ ਵੀ ਸੁਧਾਰ ਨਹੀਂ ਸਕੀ
ਅੰਕੜਿਆਂ ਅਨੁਸਾਰ, ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਲਗਭਗ 50% ਵਿਚਾਰਅਧੀਨ ਕੈਦੀ ਅਤੇ ਕੈਦੀ ਹਨ ਨਸ਼ੇੜੀ
ਚੰਡੀਗੜ੍ਹ, 2 ਸਤੰਬਰ, 2026 (ਦੀ ਪੰਜਾਬ ਵਾਇਰ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਵਿੱਚ ਕਥਿਤ ਤੌਰ ‘ਤੇ ਨਸ਼ਾ ਤਸਕਰਾਂ ਵੱਲੋਂ ਪੁਲਿਸ ਕਾਂਸਟੇਬਲ ਕਰਨਪ੍ਰੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀਆਂ ਲੱਤਾਂ ਤੋੜ ਦੇਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਨਸ਼ਾ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਰਹੇ।
ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਥਿਤੀ ਦਿਨੋਂ-ਦਿਨ ਹੋਰ ਵੀ ਬਦਤਰ ਹੁੰਦੀ ਜਾ ਰਹੀ ਹੈ। ਸਰਹੱਦੀ ਇਲਾਕਿਆਂ ਰਾਹੀਂ ਨਸ਼ੇ ਦੀ ਤਸਕਰੀ ਧੜੱਲੇ ਨਾਲ ਜਾਰੀ ਹੈ, ਪਰ ਸਰਕਾਰ ਨਸ਼ੇ ਦੀ ਸਪਲਾਈ ਚੇਨ ਤੋੜਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਲਾਗੂ ਕਰਵਾਉਣ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਹੀ ਨਸ਼ਾ ਤਸਕਰ ਹਮਲੇ ਕਰ ਰਹੇ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੁਰਦਾਸਪੁਰ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਤਬਾਹ ਕਰਨ ਲਈ ਠੋਸ ਕਦਮ ਚੁੱਕੇ। ਸਿਰਫ਼ ਮੁਹਿੰਮਾਂ ਚਲਾ ਕੇ ਜਾਂ ਇਸ਼ਤਿਹਾਰਬਾਜ਼ੀ ਕਰਕੇ ਨਾ ਤਾਂ ਨਸ਼ੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਦੀ ਕਾਨੂੰਨ-ਵਿਵਸਥਾ ਪਹਿਲਾਂ ਹੀ ਸਰਕਾਰ ਲਈ ਸਿਰਦਰਦ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿਰੋਧੀ ਧਿਰ ਦਾ ਦੋਸ਼ ਨਹੀਂ, ਸਗੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਜਨਤਕ ਤੌਰ ‘ਤੇ ਮੰਨ ਚੁੱਕੇ ਹਨ ਕਿ ਸੂਬਾ ਸਰਕਾਰ ਨਸ਼ਾ ਖ਼ਤਮ ਕਰਨ ਦੀ ਆਪਣੀ ਗਾਰੰਟੀ ਪੂਰੀ ਨਹੀਂ ਕਰ ਸਕੀ। ਰੰਧਾਵਾ ਨੇ ਸਵਾਲ ਕੀਤਾ ਕਿ ਜਦੋਂ ਸਰਕਾਰ ਦੀ ਨਾਕਾਮੀ ਉਸਦੇ ਆਪਣੇ ਉੱਚ ਅਹੁਦੇਦਾਰ ਮੰਨ ਰਹੇ ਹਨ ਤਾਂ ਆਖ਼ਿਰ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਰੀਬ ਅੱਧੇ ਕੈਦੀ ਅਤੇ ਵਿਚਾਰ ਅਧੀਨ ਕੈਦੀਆਂ ਦਾ ਨਸ਼ੇ ਦਾ ਆਦੀ ਹੋਣਾ ਇਸ ਗੱਲ ਦਾ ਗੰਭੀਰ ਸੰਕੇਤ ਹੈ ਕਿ ਸੂਬੇ ਵਿੱਚ ਨਸ਼ੇ ਦਾ ਜਾਲ ਸਮਾਜ ਦੀਆਂ ਜੜ੍ਹਾਂ ਤੱਕ ਫੈਲ ਚੁੱਕਾ ਹੈ। ਇਸ ਦੇ ਬਾਵਜੂਦ ਸਰਕਾਰ ਸਿਰਫ਼ ਦਾਅਵੇ ਕਰ ਰਹੀ ਹੈ, ਜਦਕਿ ਨਸ਼ਾ ਤਸਕਰਾਂ ਦਾ ਨੈੱਟਵਰਕ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵੇ। ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਤੋਂ ਜਵਾਬ ਲੈਣ ਲਈ ਤਿਆਰ ਬੈਠੇ ਹਨ।