ਪੰਜਾਬ

ਯੂਨੀਵਰਸਿਟੀ ਚੋਣਾਂ ਵਿੱਚ ਏਬੀਵੀਪੀ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ: ਰੰਧਾਵਾ

ਯੂਨੀਵਰਸਿਟੀ ਚੋਣਾਂ ਵਿੱਚ ਏਬੀਵੀਪੀ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ: ਰੰਧਾਵਾ
  • PublishedSeptember 1, 2026

ਸੱਤਾ ਜਾਂ ਸਿਆਸੀ ਲਾਭ ਲਈ ਅਕਾਲੀ ਦਲ ਆਪਣਾ ਪੁਰਾਣਾ ਸਟੈਂਡ ਬਦਲਣ ਵਿੱਚ ਦੇਰ ਨਹੀਂ ਲਗਾਉਂਦਾ: ਰੰਧਾਵਾ

ਪੰਥਕ ਰਾਜਨੀਤੀ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਹੁਣ ਭਾਜਪਾ ਦੇ ਸਹਾਰੇ ਆਪਣਾ ਵਜੂਦ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਚੰਡੀਗੜ੍ਹ, 1 ਸਤੰਬਰ 2026 (ਦੀ ਪੰਜਾਬ ਵਾਇਰ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਚੋਣਾਂ ਵਿੱਚ ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਨੂੰ ਕਥਿਤ ਤੌਰ ‘ਤੇ ਅੰਦਰਖਾਤੇ ਸਮਰਥਨ ਦੇ ਕੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਸਾਹਮਣੇ ਆਪਣਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਪਾਰਟੀ ਸਾਲਾਂ ਤੱਕ ਆਪਣੇ ਆਪ ਨੂੰ ਪੰਥਕ ਰਾਜਨੀਤੀ ਦੀ ਸਭ ਤੋਂ ਵੱਡੀ ਨੁਮਾਇੰਦਾ ਦੱਸਦੀ ਰਹੀ, ਉਹ ਅੱਜ ਆਪਣੀ ਸਿਆਸੀ ਹੋਂਦ ਬਚਾਉਣ ਲਈ ਭਾਜਪਾ ਦਾ ਸਹਾਰਾ ਲੈਣ ਲਈ ਮਜਬੂਰ ਨਜ਼ਰ ਆ ਰਹੀ ਹੈ।

ਰੰਧਾਵਾ ਨੇ ਦੋਸ਼ ਲਾਇਆ ਕਿ ਜਦੋਂ ਵੀ ਸੱਤਾ ਜਾਂ ਸਿਆਸੀ ਫ਼ਾਇਦੇ ਦੀ ਗੱਲ ਆਉਂਦੀ ਹੈ, ਅਕਾਲੀ ਦਲ ਆਪਣਾ ਪੁਰਾਣਾ ਸਟੈਂਡ ਬਦਲਣ ਵਿੱਚ ਦੇਰ ਨਹੀਂ ਲਗਾਉਂਦਾ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਅਜਿਹੇ ਗੱਠਜੋੜ ਨੂੰ ਸਵੀਕਾਰ ਨਹੀਂ ਕਰੇਗਾ ਜਿਨਾਂ ਦੀ ਕਰਨੀ ਤੇ ਕਥਨੀ ਵਿੱਚ ਫਰਕ ਹੋਵੇ।

ਰੰਧਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਇਹ ਅਹਿਸਾਸ ਹੋ ਚੁੱਕਾ ਹੈ ਕਿ ਇਕੱਲੇ ਦਮ ‘ਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਹਾਸਲ ਕਰਨਾ ਉਨ੍ਹਾਂ ਲਈ ਆਸਾਨ ਨਹੀਂ ਹੈ। ਇਸੇ ਕਰਕੇ ਅਕਾਲੀ ਦਲ ਇੱਕ ਵਾਰ ਫਿਰ ਭਾਜਪਾ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਭਾਜਪਾ ਹੈ ਜਿਸ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਦੂਰੀ ਬਣਾਉਣ ਦਾ ਦਾਅਵਾ ਕੀਤਾ ਸੀ, ਪਰ ਹੁਣ ਚੋਣੀ ਰਾਜਨੀਤੀ ਵਿੱਚ ਕਥਿਤ ਤੌਰ ‘ਤੇ ਉਸੇ ਦੇ ਨਾਲ ਖੜ੍ਹੇ ਹੋਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥਕ ਵੋਟਾਂ ਦੇ ਸਹਾਰੇ ਇਸ ਮੁਕਾਮ ਤੱਕ ਪਹੁੰਚਿਆ ਸੀ, ਪਰ ਹੁਣ ਉਹੀ ਪੰਥਕ ਵੋਟ ਬੈਂਕ ਉਸ ਤੋਂ ਲਗਾਤਾਰ ਦੂਰ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਨਾਲੋਂ ਵੱਧ ਆਪਣੀ ਸਿਆਸੀ ਸੁਵਿਧਾ ਨੂੰ ਤਰਜੀਹ ਦਿੰਦਾ ਹੈ।

ਰੰਧਾਵਾ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੇ ਭਰੋਸੇ, ਕਿਸਾਨਾਂ, ਨੌਜਵਾਨਾਂ ਅਤੇ ਪੰਜਾਬੀਅਤ ਦੀ ਆਵਾਜ਼ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ, ਜਦਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਵਧਦੀਆਂ ਨੇੜਤਾਵਾਂ ਇਹ ਸਾਬਤ ਕਰਦੀਆਂ ਹਨ ਕਿ ਦੋਵਾਂ ਪਾਰਟੀਆਂ ਦੀ ਰਾਜਨੀਤੀ ਦਾ ਕੇਂਦਰ ਹੁਣ ਪੰਜਾਬ ਨਹੀਂ, ਸਗੋਂ ਆਪਣਾ ਸਿਆਸੀ ਵਜੂਦ ਬਚਾਉਣਾ ਬਣ ਗਿਆ ਹੈ।

Written By
The Punjab Wire