ਪੰਜਾਬ

ਸੁਖਬੀਰ ਬਾਦਲ ਵੱਲੋਂ ਘਨੌਰ ’ਚ ’ਪੰਜਾਬ ਬਚਾਓ’ ਰੈਲੀ ’ਚ ਆਪ, ਕਾਂਗਰਸ ਤੇ ਵਾਰਿਸ ਪੰਜਾਬ ਦੇ ’ਤੇ ਤਿੱਖਾ ਹਮਲਾ

ਸੁਖਬੀਰ ਬਾਦਲ ਵੱਲੋਂ ਘਨੌਰ ’ਚ ’ਪੰਜਾਬ ਬਚਾਓ’ ਰੈਲੀ ’ਚ ਆਪ, ਕਾਂਗਰਸ ਤੇ ਵਾਰਿਸ ਪੰਜਾਬ ਦੇ ’ਤੇ ਤਿੱਖਾ ਹਮਲਾ
  • PublishedAugust 30, 2026

ਵਾਇਰਸ’ ਪੰਜਾਬ ਦਾ ਇਕ ਨੁਕਾਤੀ ਏਜੰਡਾ ਸਿੱਖ ਵੋਟਾਂ ਦੋਫਾੜ ਕਰੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰੋ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ

ਸੁਖਬੀਰ ਸਿੰਘ ਬਾਦਲ ਨੇ ਆਪ ਦੇ 6 ਹਜ਼ਾਰ ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਦੀ ਕੀਤੀ ਨਿਖੇਧੀ, ਕਿਹਾ ਕਿ ਜੇਕਰ ਇਹ ਟਰਾਂਸਫਾਰਮਰਾਂ ਦੇ ਨੀਂਹ ਪੱਥਰ ਰੱਖਣੇ ਸ਼ੁਰੂ ਕਰ ਦੇਣ ਤਾਂ ਹੈਰਾਨੀ ਨਹੀਂ ਹੋਵੇਗੀ

ਆਪ ਨੂੰ ਪੰਜਾਬ ਨੂੰ ਲੁੱਟਣ ਵਾਸਤੇ ਨਵੇਂ ਚੇਹਰਿਆਂ ਦੇ ਰੂਪ ਵਿਚ ਨਵੇਂ ’ਠੱਗਾਂ’ ਦੀ ਤਲਾਸ਼: ਸੁਖਬੀਰ ਬਾਦਲ

ਘਨੌਰ/ਚੰਡੀਗੜ੍ਹ, 30 ਅਗਸਤ 2026 (ਦੀ ਪੰਜਾਬ ਵਾਇਰ)– ਵਾਰਿਸ ਪੰਜਾਬ ਦੇ ’ਵਾਇਰਸ’ ਪਾਰਟੀ ਹੈ ਜਿਸਦਾ ਮਕਸਦ ਪੰਜਾਬ ਵਿਚ ਸਿੱਖ ਵੋਟ ਨੂੰ ਦੋਫਾੜ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਇਹ ਪ੍ਰਗਟਾਵਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੀਤਾ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਬਹਾਲ ਕਰਨ ਵਾਸਤੇ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਅਤੇ ਸੂਬੇ ਨੂੰ ਮੁੜ ਵਿਕਾਸ ਦੇ ਰਾਹ ’ਤੇ ਪਾਉਣ।

ਅਕਾਲੀ ਦਲ ਦੇ ਪ੍ਰਧਾਨ, ਜੋ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਕਿਵੇਂ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿਚ ਤਬਾਹੀ ਮਚਾਈ ਸੀ, ਉਸੇ ਤਰੀਕੇ ਵਾਰਿਸ ਪੰਜਾਬ ਦੇ ਵਾਇਰਸ ਨੂੰ ਸਿਰਫ ਸਿੱਖ ਕੌਮ ਵਿਚ ਖਾਨਾਜੰਗੀ ਪੈਦਾ ਕਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸ਼ੁਰੂ ਕੀਤਾ ਗਿਆ। ਉਹਨਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਕਿਵੇਂ ਰੱਖੜ ਪੁੰਨਿਆ ’ਤੇ ਬਾਬਾ ਬਕਾਲਾ ਵਿਖੇ ਹੋਏ ਪ੍ਰੋਗਰਾਮ ਦੌਰਾਨ ਵਾਰਿਸ ਪੰਜਾਬ ਦੇ ਦੀ ਸਟੇਜ ਤੋਂ ਕਿਹਾ ਗਿਆ ਉਹਨਾਂ ਦਾ ਇਕ ਨੁਕਾਤੀ ਏਜੰਡਾ ਸੂਬੇ ਵਿਚ ਸੱਤਾ ਹਾਸਲ ਕਰਨਾ ਜਾਂ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਨਹੀਂ ਬਲਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਖ਼ਤਮ ਕਰਨਾ ਹੈ।

ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਕਾਲੀਆਂ ਭੇਡਾਂ ਤੋਂ ਸੁਚੇਤ ਰਹਿਣ ਜੋ ਸਿੱਖੀ ਦਾ ਭੇਸ ਧਾਰ ਕੇ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ ਜੋ ਪੰਜ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀਆਂ ਸਟੇਜਾਂ ’ਤੇ ਸਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜ ਪੁੰਨਿਆ ’ਤੇ ਉਹਨਾਂ ਦੀ ਰੈਲੀ ਵਾਸਤੇ ਪੀ ਆਰ ਟੀ ਸੀ ਬੱਸਾਂ ਨੂੰ ਤਾਇਨਾਤ ਕੀਤਾ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਮੁਖੀ ਕੁਝ ਸਾਲ ਪਹਿਲਾਂ ਹੀ ਸਰਦਾਰ ਬਣੇ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦਾ ਪਰਿਵਾਰ ਬੀਤੇ ਸਮੇਂ ਵਿਚ ਹਮੇਸ਼ਾ ਕਾਂਗਰਸ ਪਾਰਟੀ ਦੀ ਹਮਾਇਤ ਕਰਦਾ ਆਇਆ ਹੈ ਅਤੇ ਉਸਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਚੋਣ ਪ੍ਰਚਾਰ ਵੀ ਕੀਤਾ ਸੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਵਾਰਿਸ ਪੰਜਾਬ ਦੇ ਨੇ ਬੰਦੀ ਸਿੰਘਾਂ ਦੀ ਥਾਂ ਅੰਮ੍ਰਿਤਪਾਲ ਨੂੰ ਰਿਹਾਅ ਕਰਵਾਉਣ ਵਾਸਤੇ ਮੁਹਿੰਮ ਵਿੱਢੀ ਹੋਈ ਹੈ ਜਿਸ ਤੋਂ ਸਾਬਤ ਹੁੰਦਾ  ਹੈ ਕਿ ਉਹ ਕਿਸੇ ਵੀ ਸਿੱਖ ਸੰਘਰਸ਼ ਦਾ ਹਿੱਸਾ ਨਹੀਂ ਰਹੇ ਤੇ ਉਹ ਸਿਰਫ ਸੂਬੇ ਨੂੰ ਮੁੜ 1980ਵਿਆਂ ਦੇ ਕਾਲੇ ਦੌਰ ਵਿਚ ਧੱਕਣ ਵਾਸਤੇ ਪੰਜਾਬ ਵਿਰੋਧੀ ਤਾਕਤਾਂ ਨਾਲ ਰਲ ਕੇ ਕੰਮ ਕਰ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਕਦੇ ਵੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਵਾਸਤੇ ਕੋਈ ਰੋਸ ਪ੍ਰਦਰਸ਼ਨ ਨਹੀਂ ਕੀਤਾ ਹਾਲਾਂਕਿ ਉਹ 16 ਸਾਲਾਂ ਤੱਕ ਜੇਲ੍ਹ ਵਿਚ ਰਹੇ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਤੇ ਉਹਨਾਂ ਦੇ ਪਰਿਵਾਰ ਨੇ ਕੋਈ ਸ਼ਹਾਦਤ ਜਾਂ ਕੁਰਬਾਨੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਬੰਦੀ ਸਿੰਘ ਪਰਵਿਾਰ ਦੀ ਹਮਾਇਤ ਨਹੀਂ ਕੀਤੀ ਜੋ ਉਹਨਾਂ ਦੇ ਪਿੰਡ ਹੀ ਰਹਿੰਦਾ ਹੋਵੇ।

ਆਮ ਆਦਮੀ ਪਾਰਟੀ ਸਰਕਾਰ ’ਤੇ ਵਰ੍ਹਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 5 ਸਾਲ ਪਹਿਲਾਂ ਇਕ ਬਾਹਰੋਂ ਆਈ ਪਾਰਟੀ ਨੇ ਸਾਡੇ ਪੰਜਾਬੀਆਂ ਨੂੰ ਗੁੰਮਰਾਹ ਕਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪਰ ਉਲਟਾ ਪੰਜਾਬ ਸਿਰਫ ਕਰਜ਼ਾ ਡੇਢ ਲੱਖ ਕਰੋੜ ਰੁਪਏ ਤੋਂ ਵੱਧ ਕੇ ਸਾਢੇ ਚਾਰ ਲੱਖ ਕਰੋੜ ਰੁਪਏ ਹੋ ਗਿਆ। ਉਹਨਾਂ ਕਿਹਾ ਕਿ ਇਹ ਸਭ ਕੁਝ ਇਸ ਕਰ ਕੇ ਹੋਇਆ ਕਿਉਂਕਿ ਤੁਹਾਡੀ ਮਿਹਨਤ ਨਾਲ ਕੀਤੀ ਕਮਾਈ ਮਿੱਟੀ ਕਰ ਦਿੱਤੀ ਗਈ। 6 ਹਜ਼ਾਰ ਕਰੋੜ ਰੁਪਏ ਤਾਂ ਝੂਠੇ ਇਸ਼ਤਿਹਾਰਾਂ ’ਤੇ ਖਰਚ ਕੀਤੇ ਗਏ ਤੇ ਦਿੱਲੀ ਦੇ ਕਈ ਠੇਕੇਦਾਰ ਸਿਰਫ ਇਸ ਕਰ ਕੇ ਪੈਸੇ ਬਣਾ ਰਹੇ ਹਨ ਕਿਉਂਕਿ ਉਹਨਾਂ ਨੂੰ ਆਪ ਦੀਆਂ ਰੈਲੀਆਂ ਤੇ ਹੋਰ ਪ੍ਰੋਗਰਾਮਾਂ ਵਾਸਤੇ ਟੈਂਟਾਂ ਤੇ ਹੋਰ ਕੰਮਾਂ ਦੇ ਠੇਕੇ ਮਿਲ ਰਹੇ ਹਨ।

ਉਹਨਾਂ ਨੇ ਮੁੱਖ ਮੰਤਰੀ ਵੱਲੋਂ ਮੈਡੀਕਲ ਕਾਲਜਾਂ ਦੇ ਨੀਂਹ ਪੱਥਰ ਰੱਖਣ ਦਾ ਵੀ ਮਖੌਲ ਉਡਾਇਆ ਅਤੇ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਵਾਸਤੇ ਇਕ ਇੱਟ ਵੀ ਨਹੀਂ ਲੱਗੀ।

ਆਪ ’ਤੇ ਵਿਅੰਗ ਕੱਸਦਿਆਂ ਉਹਨਾਂ ਕਿਹਾ ਕਿ ਜੇਕਰ ਕੱਲ੍ਹ ਨੂੰ ਟਰਾਂਸਫਾਰਮਰਾਂ ਦਾ ਨੀਂਹ ਪੱਥਰ ਰੱਖਿਆ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਉਹਨਾਂ ਨਾਲ ਹੀ ਕਿਹਾ ਕਿ ਹੁਣ ਆਪ ਨਵੇਂ ਚੇਹਰਿਆਂ ਦੀ ਤਲਾਸ਼ ਕਰ ਰਹੀ ਹੈ ਜੋ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਸਤੇ ਨਵੇਂ ’ਠੱਗ’ ਵਜੋਂ ਪੇਸ਼ ਕੀਤੇ ਜਾ ਸਕਣ ਕਿਉਂਕਿ ਮੌਜੂਦਾ ਐਮ ਐਲ ਏਜ਼ ਨੇ ਤਾਂ ਪੂਰਾ ਜ਼ੋਰ ਲਗਾ ਦਿੱਤਾ ਹੈ ਤੇ ਉਹਨਾਂ ਦੀ ਮਿਆਦ ਵੀ ਪੁੱਗ ਚੁੱਕੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਵੱਲੋਂ ਪ੍ਰਭਾਵਸ਼ਾਲੀ ਰੈਲੀ ਆਯੋਜਿਤ ਕਰਨ, ਸਖ਼ਤ ਮਿਹਨਤ ਕਰਨ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਇਥੋਂ ਮਾਤ ਦੇਣ ਕਿਉਂਕਿ ਉਸਨੇ ਦੇਸੀ ਸ਼ਰਾਬ ਵੇਚੀ ਅਤੇ ਆਪ ਦੇ ਵਿਧਾਇਕ ਗੁਰਲਾਲ ਘਨੌਰ ਨੂੰ ਤਾਂ ਲੋਕ ’ਟਰਾਲੀ ਚੋਰ’ ਆਖਦੇ ਹਨ।

ਉਹਨਾਂ ਨੇ ਹਲਕੇ ਦੇ ਨਾਲ-ਨਾਲ ਪਟਿਆਲਾ ਜ਼ਿਲ੍ਹੇ ਵਿਚ ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਕਿਹਾ ਕਿ ਸਾਰੀਆਂ ਆਸਾਮੀਆਂ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਵੇਚੀਆਂ ਜਾ ਰਹੀਆਂ ਹਨ ਅਤੇ ਇਸੇ ਕਾਰਨ ਐਸ ਐਸ ਪੀ ਨੂੰ ਸੂਬੇ ਦੇ ਸਭ ਤੋਂ ਭ੍ਰਿਸ਼ਟ ਅਫਸਰ ਵਜੋਂ ਜਾਣਿਆ ਜਾਂਦਾ ਹੈ।

ਵਿਜ਼ਨ 2027

ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਹਲਕੇ ਵਿਚ ਹੜ੍ਹਾਂ ਦੀ ਮਾਰ ਖ਼ਤਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਘੱਗਰ ਦਰਿਆ ਨੂੰ ਚੈਨਲਾਈਜ਼ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਸੂਬੇ ਕਿਸੇ ਵੀ ਦਰਿਆ ਵਿਚ ਕੋਈ ਪ੍ਰਦੂਸ਼ਤ ਪਾਣੀ ਨਾ ਛੱਡਿਆ ਜਾਵੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਨੂੰ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਕਿਸਾਨਾਂ ਨੂੰ ਸਾਰੀਆਂ ਫਸਲਾਂ ’ਤੇ ਫਸਲ ਬੀਮਾ ਸਕੀਮ ਦਾ ਲਾਭ ਦਿੱਤਾ ਜਾਵੇਗਾ।

ਆਟਾ ਦਾਲ ਸਕੀਮ: 4 ਰੁਪਏ ਕਿਲੋ ਨੂੰ ਮਿਲੇਗੀ 50 ਕਿਲੋ ਕਣਕ

ਸ਼ਗਨ ਸਕੀਮ: ਲਾਭ ਵਧਾ ਕੇ 1 ਲੱਖ ਰੁਪਏ ਤੱਕ ਕੀਤਾ ਜਾਵੇਗਾ।

ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਸਰਕਾਰ ਕਾਨੂੰਨ ਲਿਆ ਕੇ ਯਕੀਨੀ ਬਣਾਵੇਗੀ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਮਿਲਣ ਅਤੇ ਉਹਨਾਂ ਕਿਹਾ ਕਿ ਆਪ ਨੇ ਕਾਨੂੰਨ ਵਿਚ ਤਬਦੀਲੀ ਕਰ ਕੇ ਨੌਕਰੀਆਂ ਬਾਹਰਲਿਆਂ ਨੂੰ ਖਾਸ ਤੌਰ ’ਤੇ ਉਹਨਾਂ ਸੂਬਿਆਂ ਵਿਚ ਜਿਥੇ ਆਪ ਆਉਂਦੀਆਂ ਚੋਣਾਂ ਲੜਨਾ ਚਾਹੁੰਦੀ ਹੈ, ਨੂੰ ਦਿੱਤੀਆਂ ਹਨ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਨਵੇਂ ਉਦਯੋਗਾਂ ਵਾਸਤੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਾਸਤੇ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣਾ ਲਾਜ਼ਮੀ ਕੀਤਾ ਜਾਵੇਗਾ।

ਇਸ ਮੌਕੇ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਪ ਸਰਕਾਰ ਤਾਂ ਘੱਗਰ ਦਰਿਆ ਦੇ ਪਾੜ ਵੀ ਪੂਰਨ ਵਿਚ ਨਾਕਾਮ ਰਹੀ ਹੈ ਅਤੇ ਇਸਨੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਪਏ ਫੰਡਾਂ ਦੀ ਵੀ ਦੁਰਵਰਤੋਂ ਕੀਤੀ ਜਿਸ ਕਾਰਨ ਪਿੰਡਾਂ ਦੀਆਂ ਪੰਚਾਇਤਾਂ ਵਿਕਾਸ ਕਾਰਜ ਵੀ ਨਹੀਂ ਕਰਵਾ ਸਕੀਆਂ।

ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਐਨ ਕੇ ਸ਼ਰਮਾ, ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ, ਗੁਰਪ੍ਰੀਤ ਸਿੰਘ ਰਾਜੂਖੰਨਾ, ਅਮਿਤ ਰਾਠੀ ਅਤੇ ਬਲਜੀਤ ਸਿੰਘ ਭੁੱਟਾ ਨੇ ਵੀ ਸੰਬੋਧਨ ਕੀਤਾ।

Written By
The Punjab Wire