Close

Recent Posts

ਪੰਜਾਬ

‘ਆਪ’ ਆਗੂਆਂ ਨੇ ਖਾਲਿਸਤਾਨੀ ਸਮਰਥਕ ਪੰਨੂ ਨੂੰ ਦਿੱਤਾ ਮੂੰਹ-ਤੋੜ ਜਵਾਬ

‘ਆਪ’ ਆਗੂਆਂ ਨੇ ਖਾਲਿਸਤਾਨੀ ਸਮਰਥਕ ਪੰਨੂ ਨੂੰ ਦਿੱਤਾ ਮੂੰਹ-ਤੋੜ ਜਵਾਬ
  • PublishedApril 3, 2025

ਪੰਨੂ ਦਾ ਬਿਆਨ ਸਿਰਫ਼ ਅੰਬੇਡਕਰ ਦੇ ਖ਼ਿਲਾਫ਼ ਹੀ ਨਹੀਂ, ਦਲਿਤਾਂ ਅਤੇ ਸੰਵਿਧਾਨ ਦੇ ਵੀ ਖ਼ਿਲਾਫ਼ ਹੈ – ਪਵਨ ਕੁਮਾਰ ਟੀਨੂੰ

ਡਾ.ਅੰਬੇਡਕਰ ਸਿਰਫ਼ ਦਲਿਤਾਂ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਹੀਰੋ ਹਨ, ਜੇਕਰ ਅੱਜ ਦੇਸ਼ ਇੱਕਜੁੱਟ ਹੈ ਤਾਂ ਉਨ੍ਹਾਂ ਦੇ ਬਣਾਏ ਸੰਵਿਧਾਨ ਦੀ ਬਦੌਲਤ ਹੈ – ਟੀਨੂੰ

ਆਪ’ ਆਗੂ ਨੇ ਗੁਰਪਤਵੰਤ ਪੰਨੂ ਨੂੰ ਭਾਰਤ ਆਉਣ ਦੀ ਦਿੱਤੀ ਚੁਣੌਤੀ, ਕਿਹਾ- ਇੰਨੇ ਹੀ ਬਹਾਦਰ ਹੋ ਤਾਂ ਇੱਥੇ ਆ ਕੇ ਆਪਣੀ ਗੱਲ ਰੱਖੋ

ਜਲੰਧਰ/ਚੰਡੀਗੜ੍ਹ, 3 ਅਪ੍ਰੈਲ 2025 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗੁਰਪਤਵੰਤ ਪੰਨੂ ਵੱਲੋਂ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਢਹਿ-ਢੇਰੀ ਕਰਨ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦਲਿਤ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਰਾਰ ਦਿੱਤਾ ਹੈ।

ਜਲੰਧਰ ‘ਚ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ‘ਆਪ’ ਵਿਧਾਇਕ ਬਲਕਾਰ ਸਿੰਘ ਅਤੇ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਚੰਦਨ ਗਰੇਵਾਲ, ਆਤਮ ਪ੍ਰਕਾਸ਼ ਬਬਲੂ, ਦਿਨੇਸ਼ ਢੱਲ, ਚਰਨਜੀਤ ਚੰਨੀ, ਦੀਪਕ ਸ਼ਾਰਦਾ ਅਤੇ ਤਰਨਦੀਪ ਸਿੰਘ ਸੰਨੀ ਨਾਲ ਇਸ ਮੁੱਦੇ ‘ਤੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।

ਟੀਨੂੰ ਨੇ ਕਿਹਾ ਕਿ ਵਿਦੇਸ਼ ਬੈਠੇ ਭਗੌੜੇ ਗੁਰਪਤਵੰਤ ਪੰਨੂ ਦਾ ਘਿਨੌਣਾ ਬਿਆਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਿਰੁੱਧ ਹੀ ਨਹੀਂ ਹੈ। ਇਹ ਦਲਿਤ ਭਾਈਚਾਰੇ ਅਤੇ ਸੰਵਿਧਾਨ ਦੇ ਵੀ ਖ਼ਿਲਾਫ਼ ਹੈ। ਡਾ. ਭੀਮ ਰਾਓ ਅੰਬੇਡਕਰ ਸਿਰਫ਼ ਦਲਿਤਾਂ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹੀਰੋ ਹਨ। ਡਾ. ਅੰਬੇਡਕਰ ਨੇ ਦੇਸ਼ ਦਾ ਸੰਵਿਧਾਨ ਬਣਾ ਕੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ। ਜੇਕਰ ਅੱਜ ਦੇਸ਼ ਇੱਕਜੁੱਟ ਹੈ ਤਾਂ ਇਹ ਸੰਵਿਧਾਨ ਦੀ ਬਦੌਲਤ ਹੈ।

ਟੀਨੂੰ ਨੇ ਕਿਹਾ ਕਿ ਗੁਰਪਤਵੰਤ ਪੰਨੂ ਨੂੰ ਡਾ. ਅੰਬੇਡਕਰ ਦੇ ਦੇਸ਼ ਪ੍ਰਤੀ ਯੋਗਦਾਨ ਬਾਰੇ ਕੁਝ ਨਹੀਂ ਪਤਾ। ਉਸ ਨੂੰ ਸਿੱਖ ਧਰਮ ਬਾਰੇ ਵੀ ਕੋਈ ਗਿਆਨ ਨਹੀਂ ਕਿਉਂਕਿ ਸਿੱਖ ਧਰਮ ‘ਸਰਬੱਤ ਦੇ ਭਲੇ’ ਦੀ ਗੱਲ ਕਰਦਾ ਹੈ ਅਤੇ ਸਾਰੇ ਲੋਕਾਂ ਨੂੰ ਬਰਾਬਰ ਸਮਝਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤਾਂ ਨੂੰ ‘ਰੰਗਰੇਟਾ ਗੁਰੂ ਦਾ ਪੁੱਤ’ ਦਾ ਖ਼ਿਤਾਬ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਪੰਨੂ ਅਕਸਰ ਅਮਰੀਕਾ ਵਿੱਚ ਬੈਠ ਕੇ ਭਾਰਤ ਨੂੰ ਤੋੜਨ ਦੀ ਗੱਲ ਕਰਦਾ ਹੈ ਪਰ ਅਸੀਂ ਉਸ ਨੂੰ ਚੁਣੌਤੀ ਦਿੰਦੇ ਹਾਂ ਕਿ ਜੇਕਰ ਉਹ ਇੰਨਾ ਹੀ ਬਹਾਦਰ ਹੈ ਤਾਂ ਭਾਰਤ ਆ ਕੇ ਇੱਥੇ ਆਪਣੀ ਗੱਲ ਰੱਖੇ।ਉੱਥੇ ਬੈਠ ਕੇ ਇੱਥੇ ਲੋਕਾਂ ਨੂੰ ਨਾ ਭੜਕਾਵੇ। ਟੀਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ।

ਟੀਨੂੰ ਨੇ ਸਵਾਲ ਉਠਾਇਆ ਕਿ ਕੁਝ ਲੋਕ ਅਕਸਰ ਜਨਤਕ ਤੌਰ ‘ਤੇ ਦਲਿਤ ਅੰਬੇਡਕਰ ਅਤੇ ਸੰਵਿਧਾਨ ਦੇ ਖ਼ਿਲਾਫ਼ ਬੋਲਦੇ ਹਨ ਅਤੇ ਸਮਾਜ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਭਾਰਤ ਸਰਕਾਰ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਪਿੱਛੇ ਕਿਹੜੀ ਏਜੰਸੀ ਜਾਂ ਕਿਹੜੀ ਸਿਆਸੀ ਤਾਕਤ ਕੰਮ ਕਰ ਰਹੀ ਹੈ।

ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਪੰਨੂ ਕੇਂਦਰੀ ਏਜੰਸੀਆਂ ਦੀ ਕਠਪੁਤਲੀ ਨਹੀਂ ਹੈ ਤਾਂ ਉਸ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਭਾਰਤ ਲਿਆਂਦਾ ਜਾਵੇ। ‘ਆਪ’ ਆਗੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਡਾਕਟਰ ਅੰਬੇਡਕਰ ਖ਼ਿਲਾਫ਼ ਦਿੱਤੇ ਅਪਮਾਨਜਨਕ ਬਿਆਨਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਬਿਆਨ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਇਸ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਪੰਨੂੰ ਪੰਜਾਬ ਦਾ ਮਾਹੌਲ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਿਰਫ਼ ਦਲਿਤਾਂ ਨੂੰ ਹੀ ਹੱਕ ਨਹੀਂ ਦਿੱਤੇ, ਉਨ੍ਹਾਂ ਨੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਸੰਵਿਧਾਨਕ ਤੌਰ ‘ਤੇ ਵੋਟ ਦਾ ਅਧਿਕਾਰ ਸਮੇਤ ਹੋਰ ਮੌਲਿਕ ਅਧਿਕਾਰ ਵੀ ਦਿੱਤੇ ਹਨ। ਇਸ ਲਈ ਪੰਨੂ ਦਾ ਬਿਆਨ ਉਸ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ 14 ਤਰੀਕ ਨੂੰ ਬਾਬਾ ਸਾਹਿਬ ਦੇ ਬੁੱਤ ਤੋੜਨ ਦੀ ਉਸ ਦੀ ਧਮਕੀ ਨੂੰ ਨਾਕਾਮ ਕਰ ਦਿਆਂਗੇ। ਆਮ ਆਦਮੀ ਪਾਰਟੀ ਦੇ ਵਰਕਰ ਪੰਜਾਬ ਭਰ ਵਿੱਚ ਡਾ. ਅੰਬੇਡਕਰ ਦੇ ਬੁੱਤ ਨੇੜੇ ਡਟ ਕੇ ਪਹਿਰਾ ਦੇਣਗੇ ਅਤੇ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਗੇ।

Written By
The Punjab Wire