ਪੰਜਾਬ

ਹਰਭਜਨ ਸਿੰਘ ਈ.ਟੀ.ਓ. ਵਲੋਂ ਸੂਬੇ ਦੇ ਸੜਕੀ ਨੈਟਵਰਕ ਨੂੰ ਬਿਹਤਰ ਬਣਾਉਣ ਦੇ ਹੁਕਮ

ਹਰਭਜਨ ਸਿੰਘ ਈ.ਟੀ.ਓ. ਵਲੋਂ ਸੂਬੇ ਦੇ ਸੜਕੀ ਨੈਟਵਰਕ ਨੂੰ ਬਿਹਤਰ ਬਣਾਉਣ ਦੇ ਹੁਕਮ
  • PublishedApril 3, 2025

ਸੜਕਾਂ ਦੇ ਨਿਰਮਾਣ ਦੌਰਾਨ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ: ਲੋਕ ਨਿਰਮਾਣ ਮੰਤਰੀ

ਜੰਗਲਾਤ ਵਿਭਾਗ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਲਈ ਉਚ ਪੱਧਰੀ ਮੀਟਿੰਗ ਕਰਨ ਦੇ ਹੁਕਮ

ਚੰਡੀਗੜ੍ਹ, 3 ਅਪ੍ਰੈਲ 2025 (ਦੀ ਪੰਜਾਬ ਵਾਇਰ)– ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਸੜਕੀ ਨੈਟਵਰਕ ਨੂੰ ਹੋਰ ਬਿਹਤਰ ਬਣਾਇਆ ਜਾਵੇ।

ਅੱਜ ਇੱਥੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਵਿੱਤੀ ਵਰ੍ਹੇ 2025-26 ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਬਜਟ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਤਰੱਕੀ ਦੇ ਰਾਹ ‘ਤੇ ਪਾਉਣ ਲਈ ਚਹੁੰਮੁਖੀ ਵਿਕਾਸ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਬਿਹਤਰ ਸੜਕੀ ਨੈਟਵਰਕ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਣਨ ਵਾਲੀਆਂ ਸਾਰੀਆਂ ਸੜਕਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਲੰਮੇ ਸਮੇਂ ਤੱਕ ਇਹ ਸੜਕਾਂ ਨੂੰ ਮੁਰੰਮਤ ਦੀ ਲੋੜ ਨਾ ਪਵੇ। ਮੀਟਿੰਗ ਦੌਰਾਨ ਲੋਕ ਨਿਰਮਾਣ ਮੰਤਰੀ ਨੇ ਅੰਮ੍ਰਿਤਸਰ ਤੋਂ ਤਰਨ ਤਾਰਨ ਮਾਰਗ, ਡੇਰਾਬੱਸੀ ਦੇ ਮੁਬਾਰਕਪੁਰ ਤੋਂ ਢਕੋਲੀ ਸੜਕ ਉੱਤੇ ਪੁੱਲ਼ ਬਣਾਉਣ, ਗੜ੍ਹਸ਼ੰਕਰ ਤੋਂ ਆਨੰਦਪੁਰ ਮਾਰਗ ਸਬੰਧੀ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰਨ ਤੋਂ ਇਲਾਵਾ ਪਿੰਡ ਮੀਰਥਲ ਦੇ ਮਾਰਗ ਨੂੰ ਜਲਦ ਮੁਕੰਮਲ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਚਿੱਟੀਵਿੰਡ ਪੁੱਲ਼ ਦੀ ਉਸਾਰੀ ਸਬੰਧੀ ਕਾਰਜ ਦੋ ਮਹੀਨੇ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਤਾਂ ਜੋ ਇਸ ਪੁੱਲ਼ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਸਕੇ।

ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕੀ ਪ੍ਰੋਜੈਕਟਾਂ ਸਬੰਧੀ ਜੰਗਲਾਤ ਵਿਭਾਗ ਤੋਂ ਹਾਸਲ ਕੀਤੀਆਂ ਜਾਣ ਵਾਲੀਆਂ ਪ੍ਰਵਾਨਗੀਆਂ ਸਬੰਧੀ ਅੜਚਣਾਂ ਨੂੰ ਦੂਰ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਜਲਦ ਤੋਂ ਜਲਦ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਦੀਆਂ ਪਲਾਨ ਰੋਡਜ਼ ਸਬੰਧੀ ਕਾਰਜ ਨੂੰ ਵੀ ਤੇਜ਼ੀ ਨਾਲ ਮੁਕੰਮਲ ਕਰਨ ਦੇ ਹੁਕਮ ਦਿੱਤੇ।

ਇਸ ਮੀਟਿੰਗ ਵਿੱਚ ਸਕੱਤਰ ਲੋਕ ਨਿਰਮਾਣ ਵਿਭਾਗ ਡਾ. ਰਵੀ ਭਗਤ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

Written By
The Punjab Wire