Close

Recent Posts

ਪੰਜਾਬ

ਰੱਖੜ ਪੁੰਨਿਆ ’ਤੇ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਪੁੱਛਿਆ , ’’ਜ਼ਬਰ ਜਨਾਹ ਦੇ ਦੋਸ਼ੀ ਨੂੰ ਬਚਾਉਣ ਵਾਸਤੇ 5 ਕਰੋੜ ਰੁਪਏ ਕਿਸਨੇ ਲਏ ? ’’

ਰੱਖੜ ਪੁੰਨਿਆ ’ਤੇ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਪੁੱਛਿਆ , ’’ਜ਼ਬਰ ਜਨਾਹ ਦੇ ਦੋਸ਼ੀ ਨੂੰ ਬਚਾਉਣ ਵਾਸਤੇ 5 ਕਰੋੜ ਰੁਪਏ ਕਿਸਨੇ ਲਏ ? ’’
  • PublishedAugust 28, 2026

ਅਕਾਲੀ ਦਲ ਦੇ ਪ੍ਰਧਾਨ ਨੇ ਆਪ ਵੱਲੋਂ ਪੰਜਾਬ ਨੂੰ ਲੁੱਟਣ ਦੀ ਕੀਤੀ ਨਿਖੇਧੀ, ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਵਾਸਤੇ ਪੈਸਾ ਕਿਥੋਂ ਆਇਆ ?

ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ’ਪੰਜਾਬ ਵਿਰੋਧੀ, ਪੰਥ ਵਿਰੋਧੀ’ ਕਠਪੁਤਲੀਆਂ ਨੂੰ ਹਰਾਉਣ ਦਾ ਦਿੱਤਾ ਸੱਦਾ, ਕਿਹਾ ਕਿ ਸਿਰਫ ਅਕਾਲੀ ਦਲ ਹੀ ਸ਼ਾਂਤੀ ਤੇ ਖੁਸ਼ਹਾਲੀ ਬਹਾਲ ਕਰਨ ਦੇ ਸਮਰਥ

ਬਾਬਾ ਬਕਾਲਾ/ਚੰਡੀਗੜ੍ਹ, 28 ਅਗਸਤ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਏਜੰਸੀਆਂ ਦੀਆਂ ਕਠਪੁਤਲੀਆਂ ਨੂੰ ਮਾਤ ਦੇਣ ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਸੂਬੇ ਨੂੰ ਮੁੜ 1980ਵਿਆਂ ਦੇ ਦੌਰ ਵਿਚ ਲਿਜਾਣ ਵਾਸਤੇ ਸਰਗਰਮ ਹਨ।

ਇਥੇ ਰੱਖੜ ਪੁੰਨਿਆ ’ਤੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਲੋਕ ਸਾਡੇ ਧਰਮ ਦਾ ਕੋਈ ਸਤਿਕਾਰ ਨਹੀਂ ਕਰਦੇ। ਇਸੇ ਤਰੀਕੇ ਇਹ ਸਾਡੀ ਧਾਰਮਿਕ ਪਛਾਣ ਦੀ ਵਰਤੋਂ ਸਾਡੇ ਗੁਰੂ ਘਰਾਂ ਵਿਚ ਸਾਡੇ ’ਤੇ ਹਮਲੇ ਕਰਨ ਵਾਸਤੇ ਕਰਦੇ ਹਨ। ਵੁਹਨਾਂ ਕਿਹਾ ਕਿ ਜੇਕਰ ਇਹ ਸੱਤਾ ਵਿਚ ਆਏ ਤਾਂ ਇਹ ਸਾਡੇ ਘਰਾਂ ’ਤੇ ਹਮਲੇ ਕਰਨਗੇ। ਇਹ ਚਾਹੁੰਦੇ ਹਨ ਕਿ 1980ਵਿਆਂ ਦਾ ਦੌਰ ਵਾਪਸ ਪਰਤੇ ਜਦੋਂ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਦੇ ਸਨ ਤੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਜਾਂਦੀ ਸੀ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੀਆਂ ਤਾਕਤਾਂ ਆਪਣੇ ਆਪ ਨੂੰ ਵਾਰਿਸ ਪੰਜਾਬ ਦੇ ਕਹਾਉਂਦੀਆਂ ਹਨ, ਅਸਲ ਵਿਚ ਉਹ ਬਹਿਰੂਪੀਏ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਆਗੂ ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਭੇਸ ਧਾਰਨ ਕਰ ਕੇ ਬੈਠਾ ਹੈ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਪਿਸ਼ਾਬ ਕੀਤਾ ਅਤੇ ਇਹ ਜਨਤਕ ਤੌਰ ’ਤੇ ਜੱਗ ਜ਼ਾਹਰ ਹੋਇਆ ਤਾਂ ਇਸਨੇ ਕੋਈ ਟਿੱਪਣੀ ਨਹੀਂ ਕੀਤੀ। ਕੀ ਇਹ ਦੱਸ ਸਕਦਾ ਹੈ ਕਿ ਅਜਿਹਾ ਕਿਉਂ ਕੀਤਾ ?

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਅਨਸਰਾਂ ਨੂੰ ਮੂੰਹ ਨਾ ਲਗਾਇਆ ਜਾਵੇ ਅਤੇ ਕਿਹਾ ਕਿ ਭਾਈ ਅੰਮ੍ਰਿਤਪਾਲ ਤੇ ਉਹਨਾਂ ਦੇ ਸਮਰਥਕ ਪਹਿਲਾਂ ਪੁਲਿਸ ਦੇ ਡਰੋਂ ਭੱਜ ਗਏ ਤੇ ਫਿਰ ਉਹਨਾਂ ਨੇ ਪੁਲਿਸ ਥਾਣੇ ਅੱਗੇ ਰੋਸ ਵਿਖਾਵੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕ ਢਾਲ ਵਜੋਂ ਵਰਤਿਆ।

ਉਹਨਾਂ ਦੱਸਿਆ ਕਿ ਕਿਵੇਂ ਅੰਮ੍ਰਿਤਪਾਲ ਦਾ ਪਰਿਵਾਰ ਪਿਛਲੇ 36 ਸਾਲਾਂ ਤੋਂ ਕਾਂਗਰਸ ਪਾਰਟੀ ਦਾ ਸਰਗਰਮ ਪਰਿਵਾਰ ਹੈ ਅਤੇ ਉਸਨੇ ਕਦੇ ਵੀ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਜਾਂ ਸਿੱਖਾਂ ਦੇ ਕਤਲੇਆਮ ਦੀ ਨਿਖੇਧੀ ਨਹੀਂ ਕੀਤੀ। ਉਹਨਾਂ ਨੇ ਵਾਰਿਸ ਪੰਜਾਬ ਦੇ ਵੱਲੋਂ ਦਿੱਤੀਆਂ ਸ਼ਹਾਦਤਾਂ ਦੇ ਦਾਅਵਿਆਂ ਦਾ ਵੀ ਮਖੌਲ ਉਡਾਇਆ ਅਤੇ ਜ਼ੋਰ ਦੇ ਕਿਹਾ ਕਿ ਇਸ ਪਰਿਵਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਥਾਂ ਅੰਮ੍ਰਿਤਪਾਲ ਦੀ ਰਿਹਾਈ ਵਾਸਤੇ ਮੋਰਚੇ ਲਗਾਏ।

ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਹੀ ਹੈ ਜ਼ੋ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰ ਵੀ ਸਾਡੇ ’ਤੇ ਭਰੋਸਾ ਕਰਦੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਸੀ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੀ ਪਤਨੀ ਨੇ ਇਕ ਜ਼ਬਰ ਜਨਾਹ ਦੇ ਦੋਸ਼ੀ ਤੋਂ 5 ਕਰੋੜ ਰੁਪਏ ਰਿਸ਼ਵਤ ਲਈ ਹੈ। ਉਹਨਾਂ ਕਿਹਾ ਕਿ ਮਾਨ ਪਰਿਵਾਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਤਾਂ ਪਹਿਲਾਂ ਵੀ ਲੱਗਦੇ ਰਹੇ ਹਨ ਤੇ ਉਹਨਾਂ ਕਿਹਾ ਕਿ ਇਹ ਗੱਲ ਇਥੋਂ ਵੀ ਸਾਬਤ ਹੋ ਜਾਂਦੀ ਹੈ ਕਿ ਭਗਵੰਤ ਮਾਨ ਦੇ ਪਰਿਵਾਰ ਨੇ ਸੀ ਐਲ ਯੂ ਤੇ ਬਦਲੀਆਂ ਤੇ ਤਰੱਕੀਆਂ ਬਦਲੇ ਲਈ ਰਿਸ਼ਵਤ ਨਾਲ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਬਣਾਈ ਹੈ।

ਉਹਨਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਇਹਨਾਂ ਭ੍ਰਿਸ਼ਟ ਕਾਰਵਾਈਆਂ ਲਈ ਉਹਨਾਂ ਤੋਂ ਜਵਾਬਦੇਹੀ ਲਈ ਜਾਵੇਗੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਦੇ ਆਗੂ ਨਸ਼ਾ ਮਾਫੀਆ ਤੋਂ ਮਹੀਨੇ ਲੈ ਰਹੇ ਹਨ ਪਰ ਜਦੋਂ 2027 ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਇਹਨਾਂ ਤੋਂ ਜਵਾਬਦੇਹੀ ਲਈ ਜਾਵੇਗੀ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਬਚਾਉਣ ਵਾਸਤੇ ਅੱਗੇ ਆਉਣ ਅਤੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸ਼ਾਂਤੀ, ਤਰੱਕੀ ਤੇ ਤੇਜ਼ ਰਫਤਾਰ ਵਿਕਾਸ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਸੂਬੇ ਸਿਰਫ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਕੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ ਅਤੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹੋਏ ਫਸਲੀ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਮੁਲਾਜ਼ਮਾਂ ਨੂੰ ਡੀ ਏ ਤੇ ਪੈਨਸ਼ਨ ਦੇ ਬਕਾਏ ਨਹੀਂ ਮਿਲ ਰਹੇ। ਔਰਤਾਂ ਨੂੰ ਕੀਤੇ ਵਾਅਦੇ ਮੁਤਾਬਕ ਪਿਛਲੇ ਸਾਢੇ ਚਾਰ ਸਾਲਾਂ ਤੋਂ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਮਿਲ ਰਿਹਾ ਅਤੇ ਸਕੀਮ ਤਹਿਤ ਸਿਰਫ ਨਾਂ ਮਾਤਰ ਲਾਭ ਮਿਲ ਰਿਹਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਵੀ ਝੁਠਲਾਇਆ ਕਿ ਅਕਾਲੀ ਦਲ ਨੇ ਪੰਜਾਬ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸਿਰਫ ਅਕਾਲੀ ਦਲ ਦੀ ਸਰਕਾਰ ਹੀ ਸੀ ਜਿਸਨੇ ਵਿਰਾਸਤ ਏ ਖਾਲਸਾ ਯਾਦਗਾਰ ਬਣਾਈ, ਵੱਡੇ ਤੇ ਛੋਟੇ ਘੱਲੂਘਾਰੇ ਦੀ ਯਾਦਗਾਰ ਬਣਾਈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ, ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੁੰਦਰੀਕਰਨ ਕੀਤਾ ਅਤੇ ਦੁਰਗਿਆਨਾ ਮੰਦਿਰ ਤੇ ਰਾਮ ਤੀਰਥ ਸਥਲ ਨੇੜਲੇ ਵੀ ਸੁੰਦਰੀਕਰਨ ਕੀਤਾ।

ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ, ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ, ਆਟਾ ਦਾਲ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ, ਏਮਜ਼, ਆਈ ਆਈ ਟੀ, ਆਈ ਐਸ ਬੀ, ਹੋਮੀ ਭਾਬਾ ਕੈਂਸਰ ਇੰਸਟੀਚਿਊਟ ਤੇ ਹਥਿਆਰਬੰਦ ਫੌਜਾਂ ਵਾਸਤੇ ਨੌਜਵਾਨਾਂ ਨੂੰ ਸਿੱਖਲਾਈ ਦੇਣ ਵਾਸਤੇ ਅਕੈਡਮੀਆਂ ਸਥਾਪਿਤ ਕੀਤੀਆਂ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਸਮਾਜ ਦੇ ਹਰ ਵਰਗ ਵਾਸਤੇ ਯੋਜਨਾਬੰਦੀ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦੇਵਾਂਗੇ, ਅਸੀਂ ਸਤਲੁਜ ਤੇ ਬਿਆਸ ਦਰਿਆਵਾਂ ’ਤੇ ਪੱਕਾ ਬੰਨ ਮਾਰ ਕੇ ਹੜ੍ਹਾਂ ਦੀ ਮੁਸ਼ਕਿਲ ਹਮੇਸ਼ਾ ਵਾਸਤੇ ਖਤਮ ਕਰਾਂਗੇ, ਅਸੀਂ ਯਕੀਨੀ ਬਣਾਵਾਂਗੇ ਕਿ ਪ੍ਰਦੂਸ਼ਤ ਪਾਣੀ ਪੰਜਾਬ ਦੇ ਦਰਿਆਵਾਂ ਵਿਚ ਨਾ ਪਵੇ ਅਤੇ ਲਾਲ ਲਕੀਰ ਦੇ ਅੰਦਰ ਰਹਿੰਦੇ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਦਾ ਮਾਲਕਾਨਾ ਹੱਕ ਮਿਲੇ। ਉਹਨਾਂ ਇਹ ਵੀ ਐਲਾਨ ਕੀਤਾ ਕਿਸ਼ਗਨ  ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ, ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ, ਆਟਾ ਦਾਲ ਸਕੀਮ ਤਹਿਤ 50 ਕਿਲੋ ਕਣਕ 4 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਵੇਗੀ, ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਵਿਆਜ਼ ਮੁਕਤ ਪ੍ਰਦਾਨ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਹੁਣ ਸਿੱਧੇ ਹੋ ਕੇ ਆਪ ਆਗੂਆਂ ਨੂੰ ਪੈ ਰਹੇ ਹਨ ਜਿਸ ਕਾਰਨ ਆਪ ਸਰਕਾਰ ਬੌਖਲਾ ਗਈ ਹੈ ਤੇ ਇਸਦੇ ਵਿਧਾਇਕ ਭੱਜ ਨੱਠ ਕਰ ਕੇ ਖਹਿੜਾ ਛੁਡਾ ਰਹੇ ਹਨ।

ਉਹਨਾਂ ਨੇ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ’ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਆਮ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਦਾਅਵੇ ਕਰ ਰਹੇ ਹਨ ਜਦੋਂ ਕਿ ਆਪਣੀ ਪਤਨੀ ਨੂੰ ਉਹਨਾਂ 5 ਕਰੋੜ ਰੁਪਏ ਲੈ ਕੇ ਦਿੱਤੇ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਕਿੰਨੇ ਬੇਸ਼ਰਮ ਤੇ ਚਲਾਕ ਹਨ।

ਇਸ ਮੌਕੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ, ਬਲਜੀਤ ਸਿੰਘ ਜਲਾਲਉਸਮਾ, ਲਖਬੀਰ ਸਿੰਘ ਲੋਧੀਨੰਗਲ, ਕੰਚਨਪ੍ਰੀਤ ਕੌਰ ਅਤੇ ਰਾਜਾ ਲਾਦੇਹ ਨੇ ਵੀ ਸੰਬੋਧਨ ਕੀਤਾ।

Written By
The Punjab Wire