ਗੁਰਦਾਸਪੁਰ, 4 ਅਪ੍ਰੈਲ 2025 (ਦੀ ਪੰਜਾਬ ਵਾਇਰ)। ਸ਼ਹਿਰ ਦੇ ਮਿਹਰ ਚੰਦ ਰੋਡ ‘ਤੇ ਸਥਿਤ ਇੱਕ ਕੋਲਡ ਡ੍ਰਿੰਕ ਅਤੇ ਕੰਫੈਕਸ਼ਨਰੀ ਗੋਦਾਮ ‘ਚ ਵੀਰਵਾਰ ਸਵੇਰੇ 9 ਵਜੇ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੋਲਡ ਡ੍ਰਿੰਕ ਦੀਆਂ ਬੋਤਲਾਂ ਪਟਾਖਿਆਂ ਵਾਂਗ ਫਟਣ ਲੱਗੀਆਂ, ਜਿਸ ਕਾਰਨ ਆਸ-ਪਾਸ ਦਹਿਸ਼ਤ ਫੈਲ ਗਈ।
ਅੱਗ ਨੇ ਲਿਆ ਭਿਆਨਕ ਰੂਪ
ਗੋਦਾਮ ਦੇ ਮਾਲਕ ਸਤਪਾਲ ਸ਼ਰਮਾ ਦੇ ਭਤੀਜੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਸਵੇਰੇ 9 ਵਜੇ ਉਨ੍ਹਾਂ ਨੂੰ ਪੜੋਸੀਆਂ ਵਲੋਂ ਅੱਗ ਲੱਗਣ ਦੀ ਸੂਚਨਾ ਮਿਲੀ। ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ, ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ ਅਤੇ ਗੋਦਾਮ ਦੇ ਸ਼ਟਰ ਇੰਨੇ ਗਰਮ ਹੋ ਗਏ ਸਨ ਕਿ ਉਨ੍ਹਾਂ ਨੂੰ ਖੋਲ੍ਹਣ ਵਿੱਚ ਵੱਡੀ ਮੁਸ਼ਕਲ ਆਈ।
6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 2 ਘੰਟਿਆਂ ‘ਚ ਅੱਗ ‘ਤੇ ਪਾਇਆ ਕਾਬੂ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਤੇ ਬੀ.ਐਸ.ਐਫ. ਦੀ ਇੱਕ ਗੱਡੀ ਮੌਕੇ ‘ਤੇ ਪਹੁੰਚੀ। ਅੱਗ ਇੰਨੀ ਤੇਜ਼ ਫੈਲ ਰਹੀ ਸੀ ਕਿ ਬਟਾਲਾ ਤੋਂ ਵੀ ਵਾਧੂ ਫਾਇਰ ਬ੍ਰਿਗੇਡ ਬੁਲਾਈ ਗਈ। ਲਗਭਗ ਦੋ ਘੰਟਿਆਂ ਦੀ ਭਾਰੀ ਮਿਹਨਤ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਲੱਖਾਂ ਦਾ ਨੁਕਸਾਨ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ
ਇਸ ਅੱਗ ਵਿਚ ਗੋਦਾਮ ‘ਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਚੰਗੀ ਗੱਲ ਇਹ ਰਹੀ ਕਿ ਹੇਠਲੀ ਮੰਜ਼ਿਲ ਅੱਗ ਦੀ ਲਪੇਟ ‘ਚ ਨਹੀਂ ਆਈ, ਨਹੀਂ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਸੀ। ਹੁਣ ਤਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਪੂਖਤਾ ਜਾਣਕਾਰੀ ਨਹੀਂ ਮਿਲੀ।
ਲੋਕਾਂ ‘ਚ ਦਹਿਸ਼ਤ
ਅੱਗ ਲੱਗਣ ਦੌਰਾਨ ਗੋਦਾਮ ‘ਚੋਂ ਪਟਾਖਿਆਂ ਵਰਗੀਆਂ ਆਵਾਜ਼ਾਂ ਆਉਣ ਲੱਗੀਆਂ, ਜਿਸ ਨਾਲ ਲੋਕਾਂ ਨੂੰ ਲੱਗਾ ਕਿ ਕਿਸੇ ਪਟਾਖਿਆਂ ਦੇ ਗੋਦਾਮ ‘ਚ ਧਮਾਕਾ ਹੋ ਗਿਆ ਹੈ। ਪਰ ਬਾਅਦ ‘ਚ ਪਤਾ ਚਲਿਆ ਕਿ ਕੋਲਡ ਡ੍ਰਿੰਕ ਦੀਆਂ ਬੋਤਲਾਂ ਗਰਮੀ ਕਾਰਨ ਫਟ ਰਹੀਆਂ ਸਨ।
ਇਸ ਘਟਨਾ ਨਾਲ ਗੋਦਾਮ ਮਾਲਕ ਦਾ ਪਰਿਵਾਰ ਸੋਗ ‘ਚ ਹੈ ਅਤੇ ਪ੍ਰਸ਼ਾਸਨ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹਾ ਹੈ।