ਰਮਨ ਬਹਿਲ ਨੇ ਨਬੀਪੁਰ ਕਲੋਨੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਕੀਤੀ ਪੂਰੀ
ਘਰਾਂ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਸਿਫਟ ਕਰਨ ਦੇ ਕੰਮ ਦੀ ਸ਼ੁਰੂਆਤ
ਹਲਕਾ ਇੰਚਾਰਜ ਰਮਨ ਬਹਿਲ ਨੇ 33 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ, 200 ਤੋਂ 300 ਘਰਾਂ ਨੂੰ ਮਿਲੇਗੀ ਵੱਡੀ ਰਾਹਤ
ਗੁਰਦਾਸਪੁਰ, 28 ਅਗਸਤ 2026 (ਮੰਨਨ ਸੈਣੀ)– ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਨਬੀਪੁਰ ਕਲੋਨੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਕ ਅਹਿਮ ਅਤੇ ਗੰਭੀਰ ਸਮੱਸਿਆ ਦਾ ਹੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਨਬੀਪੁਰ ਕਲੋਨੀ ਵਿੱਚ ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਰਸਤੇ ਅਨੁਸਾਰ ਸਿਫਟ ਕਰਨ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ। ਬਿਜਲੀ ਵਿਭਾਗ ਵੱਲੋਂ ਇਸ ਕੰਮ ਨੂੰ ਵਿਧੀਵਤ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਰਮਨ ਬਹਿਲ ਦੀ ਕੋਸ਼ਿਸ਼ ਸਦਕਾ ਪੰਜਾਬ ਸਰਕਾਰ ਨੇ ਪੰਜਾਬ ਨਿਰਮਾਣ ਯੋਜਨਾ ਅਧੀਨ 33 ਲੱਖ ਰੁਪਏ ਬਿਜਲੀ ਬੋਰਡ ਨੂੰ ਕਰਵਾਏ ਜਮ੍ਹਾਂ
ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਮੁੱਖ ਮੰਤਵ ਤਹਿਤ ਪੰਜਾਬ ਨਿਰਮਾਣ ਯੋਜਨਾ ਅਧੀਨ ਪੰਜਾਬ ਸਰਕਾਰ ਵੱਲੋਂ ਨਬੀਪੁਰ ਕਲੋਨੀ ਵਿੱਚ ਘਰਾਂ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਸਿਫਟ ਕਰਨ ਲਈ ਲਗਭਗ 33 ਲੱਖ ਰੁਪਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਬਿਜਲੀ ਬੋਰਡ) ਨੂੰ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਹ ਰਕਮ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਲੋਕਾਂ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਜਾਰੀ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਨ੍ਹਾਂ ਬਿਜਲੀ ਦੀਆਂ ਲਾਈਨਾਂ ਨੂੰ ਸਿਫਟ ਕਰਵਾਉਣ ਲਈ ਆਪਣੇ ਪੱਧਰ ’ਤੇ ਵੱਡੀ ਰਕਮ ਜਮ੍ਹਾਂ ਕਰਵਾਉਣੀ ਪੈਂਦੀ, ਜੋ ਨਬੀਪੁਰ ਕਲੋਨੀ ਦੇ ਮਿਹਨਤਕਸ਼ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਸੰਭਵ ਨਹੀਂ ਸੀ। ਪੰਜਾਬ ਸਰਕਾਰ ਵੱਲੋਂ ਸਰਕਾਰੀ ਪੱਧਰ ’ਤੇ ਇਹ ਰਕਮ ਮੁਹੱਈਆ ਕਰਵਾਉਣ ਨਾਲ ਹੁਣ ਇਸ ਕੰਮ ਦਾ ਰਸਤਾ ਸਾਫ ਹੋਇਆ ਹੈ ਅਤੇ ਬਿਜਲੀ ਵਿਭਾਗ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਰਮਨ ਬਹਿਲ ਨੇ ਕਿਹਾ ਕਿ ਨਬੀਪੁਰ ਕਲੋਨੀ, ਜੋ ਵਾਰਡ ਨੰਬਰ 21 ਦਾ ਹਿੱਸਾ ਹੈ, ਲਗਭਗ 15 ਤੋਂ 20 ਸਾਲ ਪੁਰਾਣੀ ਹੈ, ਜਦਕਿ ਇੱਥੋਂ ਲੰਘ ਰਹੀਆਂ ਬਿਜਲੀ ਦੀਆਂ ਲਾਈਨਾਂ ਲਗਭਗ 30 ਤੋਂ 35 ਸਾਲ ਪੁਰਾਣੀਆਂ ਹਨ। ਇਨ੍ਹਾਂ ਲਾਈਨਾਂ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਸੀ।
ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਨਾਲ ਨਬੀਪੁਰ ਕਲੋਨੀ ਦੇ ਲਗਭਗ 200 ਤੋਂ 300 ਘਰਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਬਿਜਲੀ ਦੀਆਂ ਲਾਈਨਾਂ ਨੂੰ ਰਸਤੇ ਅਨੁਸਾਰ ਸਿਫਟ ਕਰਨ ਨਾਲ ਲੋਕਾਂ ਦੇ ਘਰਾਂ ਉਪਰੋਂ ਲੰਘਦੀਆਂ ਤਾਰਾਂ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਇਲਾਕੇ ਵਿੱਚ ਸੁਰੱਖਿਆ ਦੇ ਪੱਖੋਂ ਵੀ ਵੱਡਾ ਸੁਧਾਰ ਆਵੇਗਾ। ਇਸ ਕੰਮ ਨੂੰ ਆਉਣ ਵਾਲੇ ਲਗਭਗ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 11 ਕੇ.ਵੀ ਫੀਡਰ ਜਾਪੂਵਾਲ ਅਤੇ 11 ਕੇਵੀ ਸਾਧੂ ਚੱਕ ਨੂੰ ਸਿਫਟ ਕਰਨ ਲਈ ਲਗਭਗ 7 ਲੱਖ 8 ਹਜ਼ਾਰ 814 ਰੁਪਏ, 11 ਕੇ.ਵੀ ਫੀਡਰ ਕਾਲਾ ਨੰਗਲ ਅਤੇ 11 ਕੇਵੀ ਪੀਰਾਂ ਬਾਗ ਨੂੰ ਸਿਫਟ ਕਰਨ ਲਈ ਲਗਭਗ 13 ਲੱਖ 48 ਹਜ਼ਾਰ 65 ਰੁਪਏ, ਜਦਕਿ 11 ਕੇ.ਵੀ ਫੀਡਰ ਮੀਰਪੁਰ, 11 ਕੇਵੀ ਬਥਵਾਲਾ ਅਤੇ 11 ਕੇਵੀ ਗੱਤਾ ਫੈਕਟਰੀ ਨਾਲ ਸਬੰਧਤ ਲਾਈਨਾਂ ਨੂੰ ਸਿਫਟ ਕਰਨ ਲਈ ਲਗਭਗ 12 ਲੱਖ 51ਹਜ਼ਾਰ 219 ਰੁਪਏ ਖਰਚ ਕੀਤੇ ਜਾਣੇ ਹਨ। ਇਸ ਤਰ੍ਹਾਂ ਇਨ੍ਹਾਂ ਕੰਮਾਂ ਦੀ ਕੁੱਲ ਲਾਗਤ ਲਗਭਗ 33 ਲੱਖ 8 ਹਜ਼ਾਰ 98 ਰੁਪਏ ਬਣਦੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਲਈ ਇੱਕ ਇਤਿਹਾਸਿਕ ਦਿਨ ਹੈ। ਉਨ੍ਹਾਂ ਕਿਹਾ ਕਿ ਨਬੀਪੁਰ ਕਲੋਨੀ ਦੇ ਮਿਹਨਤਕਸ਼ ਲੋਕਾਂ ਦੀ ਇਹ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਸੀ ਅਤੇ ਹੁਣ ਇਸ ਦਾ ਸਥਾਈ ਹੱਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਸੰਕਲਪ ਤਹਿਤ ਲੋਕਾਂ ਨੂੰ ਬਿਹਤਰ ਸਹੂਲਤਾਂ ਅਤੇ ਸੁਰੱਖਿਅਤ ਮਾਹੌਲ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ।
ਬਹਿਲ ਨੇ ਕਿਹਾ ਕਿ ਪਹਿਲਾਂ ਅਜਿਹੇ ਕੰਮਾਂ ਲਈ ਆਮ ਲੋਕਾਂ ਨੂੰ ਬਿਜਲੀ ਵਿਭਾਗ ਕੋਲ ਆਪਣੇ ਪੱਧਰ ’ਤੇ ਵੱਡੀਆਂ ਰਕਮਾਂ ਜਮ੍ਹਾਂ ਕਰਵਾਉਣੀਆਂ ਪੈਂਦੀਆਂ ਸਨ, ਪਰ ਪੰਜਾਬ ਸਰਕਾਰ ਵੱਲੋਂ ਪੰਜਾਬ ਨਿਰਮਾਣ ਯੋਜਨਾ ਅਧੀਨ 33 ਲੱਖ ਰੁਪਏ ਮੁਹੱਈਆ ਕਰਵਾਉਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸੁਣਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਸਰੋਤ ਵੀ ਮੁਹੱਈਆ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਬੀਪੁਰ ਕਲੋਨੀ ਤੋਂ ਬਾਅਦ ਗੁਰਦਾਸਪੁਰ ਹਲਕੇ ਦੇ ਹੋਰ ਜਿਹੜੇ ਇਲਾਕਿਆਂ ਵਿੱਚ ਵੀ ਬਿਜਲੀ ਦੀਆਂ ਤਾਰਾਂ ਜਾਂ ਲਾਈਨਾਂ ਸਬੰਧੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਦੇ ਹੱਲ ਲਈ ਵੀ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ।
ਰਮਨ ਬਹਿਲ ਨੇ ਨਬੀਪੁਰ ਕਲੋਨੀ ਵਾਸੀਆਂ ਨੂੰ ਇਸ ਮਹੱਤਵਪੂਰਨ ਕੰਮ ਦੀ ਸ਼ੁਰੂਆਤ ਲਈ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਕੰਮ ਨਾਲ ਨਬੀਪੁਰ ਕਲੋਨੀ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਘਰਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ਼ ਲਾਈਨਾਂ ਤੋਂ ਪੈਦਾ ਹੋ ਰਿਹਾ ਖਤਰਾ ਵੀ ਦੂਰ ਹੋਵੇਗਾ।
ਨਬੀਪੁਰ ਕਲੋਨੀ ਦੇ ਵਸਨੀਕਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਖੁਸ਼ੀ ਪ੍ਰਗਟ ਕਰਦਿਆਂ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਲੰਬੇ ਸਮੇਂ ਤੋਂ ਉਨ੍ਹਾਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਸੀ ਅਤੇ ਹੁਣ ਕੰਮ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਸੰਗਠਨ ਪ੍ਰਧਾਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਭਾਰਤ ਭੂਸ਼ਣ ਸ਼ਰਮਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਨਬੀਪੁਰ, ਐਕਸੀਅਨ ਬਿਜਲੀ ਬੋਰਡ ਕੁਲਦੀਪ ਸਿੰਘ, ਐਸ.ਡੀ.ਓ. ਬਿਜਲੀ ਬੋਰਡ ਭੁਪਿੰਦਰ ਸਿੰਘ ਕਲੇਰ, ਸਿੱਖਿਆ ਹਲਕਾ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਹਨੀ ਬਹਿਲ, ਕਬੀਰ ਬਹਿਲ, ਬਾਵਾ ਬਹਿਲ, ਨਿੱਕੂ ਸ਼ੇਰਗਿੱਲ, ਸਰਪੰਚ ਪਿੰਡ ਬੱਬਰੀ, ਰਿਟਾਇਰਡ ਪ੍ਰਿੰਸੀਪਲ ਬਲਬੀਰ ਸਿੰਘ, ਪਰਮਜੀਤ ਸਿੰਘ ਨਾਬੀਪੁਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ, ਵਰਕਰ ਅਤੇ ਵਾਰਡ ਨੰਬਰ 21 ਅਤੇ 22 ਦੇ ਵਸਨੀਕ ਹਾਜ਼ਰ ਸਨ।