ਪੰਜਾਬ

ਰੱਖੜ ਪੁੰਨਿਆ ਮੌਕੇ ਭਾਜਪਾ ਦੀ ਪਹਿਲੀ ਵਿਸ਼ਾਲ ਕਾਨਫ਼ਰੰਸ ਲਈ ਲੋਕਾਂ ’ਚ ਭਾਰੀ ਉਤਸ਼ਾਹ

ਰੱਖੜ ਪੁੰਨਿਆ ਮੌਕੇ ਭਾਜਪਾ ਦੀ ਪਹਿਲੀ ਵਿਸ਼ਾਲ ਕਾਨਫ਼ਰੰਸ ਲਈ ਲੋਕਾਂ ’ਚ ਭਾਰੀ ਉਤਸ਼ਾਹ
  • PublishedAugust 27, 2026

ਪੰਜਾਬ ਦੇ ਮੁੜ ਉਥਾਨ ਦਾ ਸੰਕਲਪ ਲੈ ਕੇ ਇਕੱਠੇ ਹੋਣਗੇ ਆਗੂ।

ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਸੰਬੋਧਨ ਕਰੇਗੀ।

ਪੰਜਾਬ ਭਾਜਪਾ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਲੋਕਾਂ ਨੂੰ ਹੁਮ ਹੁੰਮਾ ਕੇ ਪਹੁੰਚਣ ਦਾ ਦਿਤਾ ਸਦਾ।

ਅੰਮ੍ਰਿਤਸਰ, 27 ਅਗਸਤ 2026 (ਦੀ ਪੰਜਾਬ ਵਾਇਰ)– ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਥਾਨਕ ਮੀਡੀਆ ਤਾਲਮੇਲ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਰੱਖੜ ਪੁੰਨਿਆ ਦੇ ਪਾਵਨ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਦੀ ਪਹਿਲੀ ਵਿਸ਼ਾਲ ਸਿਆਸੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਕਾਨਫ਼ਰੰਸ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਰਾਸ਼ਟਰੀ ਦਫ਼ਤਰ ਸਕੱਤਰ ਤਰੁਣ ਚੁੱਘ, ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ.   ਸਮੇਤ ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਸੰਬੋਧਨ ਕਰੇਗੀ।

ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਪੰਜਾਬ ਨੂੰ ਦਰਪੇਸ਼ ਚੁਣੌਤੀਆਂ, ਕਿਸਾਨੀ, ਨੌਜਵਾਨਾਂ ਦੇ ਭਵਿੱਖ, ਰੁਜ਼ਗਾਰ, ਨਸ਼ਿਆਂ ਦੇ ਖ਼ਾਤਮੇ, ਸੂਬੇ ਦੀ ਸੁਰੱਖਿਆ ਅਤੇ ਪੰਜਾਬ ਦੇ ਮੁੜ ਉਥਾਨ ਤੇ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਕਾਨਫ਼ਰੰਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਸੂਬਾ ਸੰਗਠਨ ਮੰਤਰੀ ਸ੍ਰੀ ਮੰਥਰੀ ਸ੍ਰੀਨਿਵਾਸੁਲੂ ਦੀ ਅਗਵਾਈ ਹੇਠ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਬਿਕਰਮਜੀਤ ਸਿੰਘ ਚੀਮਾ, ਮਨਜੀਤ ਸਿੰਘ ਮੀਆਂਵਿੰਡ, ਸੂਰਜ ਭਾਰਦਵਾਜ, ਅਜੇਬੀਰ ਪਾਲ ਸਿੰਘ ਰੰਧਾਵਾ, ਪ੍ਰੋ. ਸਰਚਾਂਦ ਸਿੰਘ ਖਿਆਲਾ, ਹਰਜੀਤ ਸਿੰਘ ਮੀਆਂਵਿੰਡ ਅਤੇ ਆਸ਼ੂ ਅੰਬਾ ਹਾਜ਼ਰ ਸਨ।

ਪ੍ਰੋ. ਖਿਆਲਾ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਸਿਰਫ਼ ਇੱਕ ਇਤਿਹਾਸਕ ਸਥਾਨ ਨਹੀਂ, ਸਗੋਂ ਸੱਚ ਦੀ ਪਛਾਣ, ਸਿਦਕ, ਤਪੱਸਿਆ ਅਤੇ ਉੱਚੇ-ਸੁੱਚੇ ਆਚਰਨ ਦੀ ਧਰਤੀ ਹੈ। ਇੱਥੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਤੇ ਬੰਦਗੀ ਕੀਤੀ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਸਮੇਂ “ਬਾਬਾ ਬਕਾਲਾ” ਦਾ ਸੰਕੇਤ ਦੇ ਕੇ ਸਿੱਖ ਸੰਗਤ ਨੂੰ ਨੌਵੇਂ ਗੁਰੂ ਦੀ ਪਛਾਣ ਲਈ ਇਸ ਧਰਤੀ ਵੱਲ ਇਸ਼ਾਰਾ ਕੀਤਾ।

ਉਨ੍ਹਾਂ ਕਿਹਾ ਕਿ ਜਦੋਂ ਬਕਾਲੇ ਵਿੱਚ 22 ਦਾਅਵੇਦਾਰ ਆਪਣੇ ਆਪ ਨੂੰ ਗੁਰੂ ਦੱਸ ਕੇ ਸੰਗਤ ਨੂੰ ਗੁਮਰਾਹ ਕਰ ਰਹੇ ਸਨ, ਤਾਂ ਗੁਰੂ ਦੇ ਅਨਿਨ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਨੇ ਆਪਣੀ ਸੂਝ-ਬੂਝ ਅਤੇ ਸ਼ਰਧਾ ਨਾਲ ਸੱਚੇ ਗੁਰੂ ਦੀ ਪਛਾਣ ਕੀਤੀ। ਸਮੁੰਦਰੀ ਤੂਫ਼ਾਨ ਵਿੱਚ ਬੇੜਾ ਬਚਣ ’ਤੇ ਕੀਤੀ 500 ਮੋਹਰਾਂ ਦੀ ਸੁੱਖਣਾ ਦਾ ਜ਼ਿਕਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਕੀਤੇ ਜਾਣ ਉਪਰੰਤ ਭਾਈ ਮੱਖਣ ਸ਼ਾਹ ਨੇ ਕੋਠੇ ’ਤੇ ਚੜ੍ਹ ਕੇ ਪੁਕਾਰਿਆ—“ਗੁਰੂ ਲਾਧੋ ਰੇ! ਗੁਰੂ ਲਾਧੋ ਰੇ!” ਅਤੇ ਸੰਗਤ ਨੂੰ ਸੱਚੇ ਪਾਤਸ਼ਾਹ ਦੀ ਪਛਾਣ ਕਰਵਾਈ। ਇਹ ਇਤਿਹਾਸਕ ਘਟਨਾ 20 ਮਾਰਚ 1665 ਈ. ਨੂੰ ਵਾਪਰੀ।

ਪ੍ਰੋ. ਖਿਆਲਾ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਝੂਠ, ਪਾਖੰਡ ਅਤੇ ਦੰਭ ਭਾਵੇਂ ਕਿੰਨਾ ਵੀ ਵੱਡਾ ਰੂਪ ਧਾਰ ਲੈਣ, ਸੱਚ ਆਖ਼ਿਰਕਾਰ ਆਪਣੀ ਪਛਾਣ ਬਣਾ ਲੈਂਦਾ ਹੈ। ਅੱਜ ਪੰਜਾਬ ਨੂੰ ਵੀ ਸਿਆਸੀ ਝੂਠ, ਵਾਅਦਾ-ਖ਼ਿਲਾਫ਼ੀ ਅਤੇ ਭਰਮ ਦੀ ਰਾਜਨੀਤੀ ਨੂੰ ਪਛਾਣਨ ਦੀ ਲੋੜ ਹੈ। ਮਾਨ-ਕੇਜਰੀਵਾਲ ਦੀ ਸਿਆਸਤ ਨੇ ਪੰਜਾਬ ਨੂੰ ਜਿਹੜੇ ਸੰਕਟਾਂ ਵਿੱਚ ਧੱਕਿਆ ਹੈ, ਉਨ੍ਹਾਂ ਤੋਂ ਮੁਕਤੀ ਲਈ ਲੋਕਾਂ ਨੂੰ ਸੱਚ ਅਤੇ ਝੂਠ ਵਿਚਲਾ ਫ਼ਰਕ ਸਮਝਣਾ ਪਵੇਗਾ। ਬਾਬਾ ਬਕਾਲਾ ਸਾਹਿਬ ਦੀ ਧਰਤੀ ਝੂਠ ਅਤੇ ਪਾਖੰਡ ਨੂੰ ਕਦੇ ਪ੍ਰਵਾਨ ਨਹੀਂ ਕਰਦੀ।

ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦਾ ਜੋੜ ਮੇਲਾ ਵੀ ਸਿੱਖਾਂ ਦੇ ਉੱਚੇ-ਸੁੱਚੇ ਕਿਰਦਾਰ, ਬਹਾਦਰੀ, ਨਾਰੀ ਸਨਮਾਨ ਅਤੇ ਵਚਨਬੱਧਤਾ ਦੀ ਵਿਲੱਖਣ ਯਾਦ ਨਾਲ ਜੁੜਿਆ ਹੋਇਆ ਹੈ। ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮਾਂ ਦੌਰਾਨ ਸਿੱਖਾਂ ਵੱਲੋਂ ਬੰਦੀ ਬਣਾਈਆਂ ਗਈਆਂ ਹਿੰਦੂ ਇਸਤਰੀਆਂ ਨੂੰ ਛੁਡਵਾ ਕੇ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨਾਲ ਭਰਾਵਾਂ ਵਾਲਾ ਰਿਸ਼ਤਾ ਕਾਇਮ ਕਰਨਾ ਸਿੱਖ ਕਿਰਦਾਰ ਦੀ ਮਹਾਨ ਮਿਸਾਲ ਹੈ। ਸਮੇਂ ਦੇ ਨਾਲ ਇਹ ਮਿਲਾਪ ਰੱਖੜ ਪੁੰਨਿਆ ਦੇ ਜੋੜ ਮੇਲੇ ਦੀ ਪਰੰਪਰਾ ਵਿੱਚ ਬਦਲ ਗਿਆ।

ਪ੍ਰੋ. ਖਿਆਲਾ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਅੱਜ ਫਿਰ ਸੱਚ, ਸੇਵਾ, ਸੁਰੱਖਿਆ, ਸਨਮਾਨ ਅਤੇ ਪੰਜਾਬ ਦੇ ਪੁਨਰ-ਨਿਰਮਾਣ ਦਾ ਸੰਦੇਸ਼ ਦੇਣ ਦੀ ਲੋੜ ਹੈ। ਭਾਜਪਾ ਦੀ ਇਹ ਕਾਨਫ਼ਰੰਸ ਸਿਰਫ਼ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਨੂੰ ਨਸ਼ਾ-ਮੁਕਤ, ਸੁਰੱਖਿਅਤ, ਖੁਸ਼ਹਾਲ, ਰੁਜ਼ਗਾਰਮੁਖੀ ਅਤੇ ਵਿਕਾਸਸ਼ੀਲ ਸੂਬਾ ਬਣਾਉਣ ਲਈ ਲੋਕਾਂ ਨਾਲ ਸੰਵਾਦ ਦਾ ਮਹੱਤਵਪੂਰਨ ਮੰਚ ਸਾਬਤ ਹੋਵੇਗੀ।

Written By
The Punjab Wire