Close

Recent Posts

ਪੰਜਾਬ

ਸੁਖਬੀਰ ਸਿੰਘ ਬਾਦਲ ਕਾਤਲਾਨਾ ਹਮਲੇ ਤੋਂ ਬਾਅਦ ਪਹਿਲੀ ਵਾਰ ਹੋਏ ਜਨਤਕ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

ਸੁਖਬੀਰ ਸਿੰਘ ਬਾਦਲ ਕਾਤਲਾਨਾ ਹਮਲੇ ਤੋਂ ਬਾਅਦ ਪਹਿਲੀ ਵਾਰ ਹੋਏ ਜਨਤਕ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
  • PublishedAugust 25, 2026

ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਨੂੰ ਪੰਜਾਬ ਵਿਰੋਧੀ ਤਾਕਤਾਂ ਤੋਂ ਬਚਾਉਣ ਦਾ ਦਿੱਤਾ ਸੱਦਾ, ਪ੍ਰਣ ਲਿਆ ਕਿ ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਣਗੇ

ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ ਜਿਹਨਾਂ ਨੇ ਨਾਂਦੇੜ ਵਿਖੇ ਉਹਨਾਂ ਦੀ ਰਾਖੀ ਕੀਤੀ ਤੇ ਸੰਗਤ ਦਾ ਕੀਤਾ ਧੰਨਵਾਦ ਜੋ ਡੱਟ ਕੇ ਉਹਨਾਂ ਨਾਲ ਖੜ੍ਹੀ ਰਹੀ

ਤਲਵੰਡੀ ਸਾਬੋ/ ਚੰਡੀਗੜ੍ਹ,25 ਅਗਸਤ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਨੂੰ ਉਹਨਾਂ ਪੰਜਾਬ ਵਿਰੋਧੀ ਤਾਕਤਾਂ ਤੋਂ ਬਚਾਉਣ ਦਾ ਸੱਦਾ ਦਿੱਤਾ ਜੋ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਅਤੇ ਸੂਬੇ ਦੀ ਅਮਨ ਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਕੇ ਇਸਨੂੰ ਮੁੜ ਕਾਲੇ ਦੌਰ ਵਿਚ ਧੱਕਣਾ ਚਾਹੁੰਦੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ 13 ਅਗਸਤ ਨੂੰ ਨਾਂਦੇੜ ਵਿਖੇ ਹੋਏ ਕਾਤਲਾਨਾ ਹਮਲੇ ਵਿਚ ਜ਼ਖ਼ਮੀ ਹੋਣ ਉਪਰੰਤ ਠੀਕ ਹੋਣ ਤੇ ਆਪਣੀ ਪਤਨੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ ਜਿਹਨਾਂ ਨੇ ਪਾਰਟੀ ਪ੍ਰਧਾਨ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਵਿਚ ਅਤੇ ਪਾਰਟੀ ਦੇ ਸਿਧਾਂਤਾਂ ਤੇ ਡਟੇ ਰਹਿਣ ਲਈ ਨਾਅਰੇਬਾਜ਼ੀ ਵੀ ਕੀਤੀ ਤੇ ਸੂਬੇ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹਰ ਹੀਲੇ ਬਚਾ ਕੇ ਰੱਖਣ ਦਾ ਪ੍ਰਣ ਲਿਆ।

ਦਮਦਮਾ ਸਾਹਿਬ ਵਿਖੇ ਜਥੇਦਾਰ ਬਾਬਾ ਟੇਕ ਸਿੰਘ ਨੇ ਅਰਦਾਸ ਕੀਤੀ ਅਤੇ ਅਕਾਲੀ ਦਲ ਪ੍ਰਧਾਨ ਨੂੰ ਸਿਰੋਪਾਓ ਬਖਸ਼ਿਸ਼ ਕੀਤੀ।

ਸੁਖਬੀਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰਿਆਂ ਦੇ ਚਲਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਕਦੇ ਵੀ ਕਿਸੇ ਵੀ ਕੀਮਤ ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਇਹ ਸਾਡਾ ਮਿਸ਼ਨ ਹੈ ਕਿ ਪੰਜਾਬ ਵਿਚ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਅਤੇ ਅਸੀ਼ ਸਾਰੇ ਮਿਲ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ-ਨਾਲ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰੀਏ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਨਾ ਸਿਰਫ ਸ਼ਹੀਦਾਂ ਦੀ ਪਾਰਟੀ ਹੈ ਬਲਕਿ ਇਹ ਪੰਜਾਬ ਤੇ ਪੰਥ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ 105 ਸਾਲ ਪੁਰਾਣੀ ਹੈ ਜਿਸਨੇ ਹਮੇਸ਼ਾ ਤਸ਼ੱਦਦ ਦੇ ਖਿਲਾਫ ਲੜਾਈ ਲੜੀ ਭਾਵੇਂ ਉਹ ਆਜ਼ਾਦੀ ਤੋਂ ਪਹਿਲਾਂ ਹੋਵੇ ਜਾਂ ਆਜ਼ਾਦੀ ਤੋਂ ਬਾਅਦ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਗਰੀਬਾਂ ਅਤੇ ਕਿਸਾਨਾਂ ਵਾਸਤੇ ਡੱਟ ਕੇ ਲੜਾਈ ਲੜੀ। ਅਸੀਂ ਖਾਲਸਾ ਪੰਥ ਵਾਸਤੇ ਵੀ ਵੱਧ ਚੜ੍ਹ ਕੇ ਸ਼ਹਾਦਤਾਂ ਦਿੱਤੀਆਂ।ਉਹਨਾਂ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਇਹਨਾਂ ਆਦਰਸ਼ਾਂ ਤੇ ਡੱਟ ਕੇ ਪਹਿਰਾ ਦਿੱਤਾ ਤੇ ਕਦੇ ਵੀ ਸਮਝੌਤਾ ਨਹੀਂ ਕੀਤਾ।

ਸਰਦਾਰ ਬਾਦਲ ਨੇ ਨਿਮਾਣੇ ਹੋ ਕੇ ਕਿਹਾ ਕਿ ਉਹ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਨ ਆਏ ਹਨ ਜਿਹਨਾਂ ਨੇ ਪੰਥ ਦੇ ਦੁਸ਼ਮਣਾਂ ਤੋਂ ਉਹਨਾਂ ਦੀ ਰਾਖੀ ਕੀਤੀ ਜਦੋਂ ਕਿ ਪੰਥ ਦੇ ਇਹ ਦੋਖੀ ਇਹ ਵੀ ਨਹੀਂ ਜਾਣਦੇ ਕਿ  ਗੁਰੂ ਘਰ ਦੀ ਮਰਿਆਦਾ ਕੀ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਲੱਖਾਂ ਲੋਕਾਂ ਦਾ ਵੀ ਸ਼ੁਕਰਾਨਾ ਕਰਦਾ ਹਾਂ ਜੋ ਮੇਰੇ ਲਈ ਅਰਦਾਸਾਂ ਕਰ ਰਹੇ ਸਨ ਅਤੇ ਮੈਨੂੰ ਸ਼ੁਭ ਇੱਛਾਵਾਂ ਭੇਜੀਆਂ। ਉਹਨਾਂ ਕਿਹਾ ਕਿ ਜਿਥੇ ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ, ਉਥੇ ਹੀ ਪੰਜਾਬ ਵਿਚ ਖੁਸ਼ਹਾਲੀ ਪਰਤਣ ਦੀ ਅਰਦਾਸ ਵੀ ਕੀਤੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਪ੍ਰਧਾਨ ਆਪਣੇ ਟਾਂਕੇ ਕੱਟਣ ਮਗਰੋਂ ਪੰਜਾਬ ਪਹੁੰਚੇ ਹਨ ਅਤੇ ਉਹਨਾਂ ਦੀ ਬਾਂਹ ਤੇ ਪਲੱਸਤਰ ਲੱਗਾ ਹੈ ਤਾਂ ਜੋ ਕਾਤਲਾਨਾ ਹਮਲੇ ਵਿਚ ਉਹਨਾਂ ਦੀ ਹੱਡੀ ਜਿਹੜੀ ਚੀਰੀ ਗਈ ਸੀ, ਉਹ ਠੀਕ ਹੋ ਜਾਵੇ। ਉਹਨਾਂ ਨੇ ਸਭ ਲੋਕਾਂ ਦਾ ਸ਼ੁਕਰਾਨਾ ਕੀਤਾ ਜੋ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਵੀ ਉਹਨਾਂ ਤੱਕ ਪਹੁੰਚੇ ਅਤੇ ਅਕਾਲੀ ਦਲ ਪ੍ਰਧਾਨ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ।

ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਅਕਾਲੀ ਦਲ ਪ੍ਰਧਾਨ ਦੀ ਦੋ ਸਾਲਾਂ ਵਿਚ ਦੋ ਵਾਰ ਕਾਤਲਾਨਾ ਹਮਲੇ ਵਿਚ ਰਾਖੀ ਕਰਨ  ਅਤੇ ਪਰਿਵਾਰ ਨੂੰ ਆਪਣੀ ਓਟ ਤੇ ਆਸਰੇ ਵਿਚ ਰੱਖਣ ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ।

ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੀਨੀਅਰ ਆਗੂ ਵੀ ਸਨ ਜਿਹਨਾਂ ਨੇ ਉਹ ਸੈਂਕੜੇ ਪੋਸਟਰ ਵੇਖੇ ਜਿਹਨਾਂ ਤੇ ਲਿਖਿਆ ਸੀ, ’ਸਮਰਥ ਗੁਰੂ ਸਿਰ ਹੱਥ ਧਰਿਓ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਵੀ ਹਾਜ਼ਰ ਸਨ।

Written By
The Punjab Wire