ਧਾਰਮਿਕ ਆਸਥਾ ’ਤੇ ਸਿਆਸਤ, ਕਾਂਗਰਸ ਦਾ ਦੋਗਲਾ ਚਿਹਰਾ ਬੇਨਕਾਬ : ਪ੍ਰੋ. ਸਰਚਾਂਦ ਸਿੰਘ ਖਿਆਲਾ
ਧਾਰਮਿਕ ਯਾਤਰਾਵਾਂ ਮਾਨ ਸਰਕਾਰ ਦੀਆਂ ਨਾਕਾਮੀਆਂ ’ਤੇ ਪਰਦਾ ਨਹੀਂ ਪਾ ਸਕਦੀਆਂ”
ਅੰਮ੍ਰਿਤਸਰ, 24 ਅਗਸਤ 2026 (ਦੀ ਪੰਜਾਬ ਵਾਇਰ)– ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਲੋਕਾਂ ਦੀ ਧਾਰਮਿਕ ਆਸਥਾ ਨੂੰ ‘ਅਡੰਬਰ’ ਕਹਿਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਦਾ ਸਨਾਤਨ ਤੇ ਸਿੱਖ ਧਰਮ ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ, ਧਰਮ ਨਿਰਪੱਖਤਾ ਦਾ ਅਰਥ ਧਰਮ ਵਿਰੋਧੀ ਹੋਣਾ ਨਹੀਂ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਜੇ ਡਾ. ਗਾਂਧੀ ਧਾਰਮਿਕ ਯਾਤਰਾਵਾਂ ਅਤੇ ਧਾਰਮਿਕ ਕਾਰਜਾਂ ’ਤੇ ਸਰਕਾਰੀ ਪੈਸਾ ਖ਼ਰਚ ਕਰਨ ਨੂੰ ਆਪਣੇ ਵੱਲੋਂ ਸੰਵਿਧਾਨ ਦੀ ਉਲੰਘਣਾ ਜਾਂ ਫ਼ਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲਾ ਮੰਨਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਦੀਆਂ ਉਨ੍ਹਾਂ ਪਿਛਲੀਆਂ ਕੇਂਦਰੀ ਸਰਕਾਰਾਂ ਦੀ ਨੀਤੀ ’ਤੇ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ, ਜਿਨ੍ਹਾਂ ਵੱਲੋਂ ਕਈ ਦਹਾਕਿਆਂ ਤੱਕ ਮੁਸਲਮਾਨ ਭਾਈਚਾਰੇ ਨੂੰ ਹੱਜ ਯਾਤਰਾ ਲਈ ਸਬਸਿਡੀ ਦਿੱਤੀ ਜਾਂਦੀ ਰਹੀ । ਉਨ੍ਹਾਂ ਕਿਹਾ ਕਿ “ਇੱਕੋ ਮਾਪਦੰਡ ਹਰ ਧਰਮ ਅਤੇ ਹਰ ਸਰਕਾਰ ’ਤੇ ਬਰਾਬਰ ਲਾਗੂ ਹੋਣਾ ਚਾਹੀਦਾ ਹੈ।”
ਪ੍ਰੋ. ਖਿਆਲਾ ਨੇ ਭਗਵੰਤ ਮਾਨ ਸਰਕਾਰ ਨੂੰ ਧਾਰਮਿਕ ਯਾਤਰਾ ਯੋਜਨਾਵਾਂ ਨੂੰ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੇ ਸਾਧਨ ਵਜੋਂ ਵਰਤਣ ਤੋਂ ਵੀ ਸੁਚੇਤ ਕੀਤਾ। ਉਨ੍ਹਾਂ ਕਿਹਾ, “ਮਾਨ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਧਾਰਮਿਕ ਯਾਤਰਾਵਾਂ ਕਰਵਾਉਣ ਨਾਲ ਪੰਜਾਬ ਦੇ ਸਾਹਮਣੇ ਮੌਜੂਦ ਬੁਨਿਆਦੀ ਸਮੱਸਿਆਵਾਂ ’ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਇਆ ਨਹੀਂ ਜਾ ਸਕਦਾ।”
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਦਲੀਲ ਕਿ ਲੋਕਾਂ ਦਾ ਪੈਸਾ ਮੁੱਖ ਤੌਰ ’ਤੇ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ’ਤੇ ਖ਼ਰਚ ਹੋਣਾ ਚਾਹੀਦਾ ਹੈ, ਸਿਧਾਂਤਕ ਤੌਰ ’ਤੇ ਵਿਚਾਰਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਰਜ਼ੇ ਦੇ ਵੱਡੇ ਬੋਝ ਹੇਠ ਹੈ ਅਤੇ ਇਸ ਦੀ ਅਰਥ ਵਿਵਸਥਾ ਵੈਟ.ਲੇਟਰ ’ਤੇ ਹੈ ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ ਨੂੰ ਲੈ ਕੇ ਸਰਕਾਰ ’ਤੇ ਸਵਾਲ ਉੱਠ ਰਹੇ ਹਨ, ਜਦਕਿ ਦੂਜੇ ਪਾਸੇ ਧਾਰਮਿਕ ਯਾਤਰਾ ਯੋਜਨਾਵਾਂ ਨਾਲ ਜੁੜੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ’ਤੇ ਵੱਡੇ ਖ਼ਰਚੇ ਕੀਤੇ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅੱਜ ਵੀ ਨਸ਼ਿਆਂ, ਬੇਰੁਜ਼ਗਾਰੀ, ਗੈਂਗਸਟਰਵਾਦ ਅਤੇ ਅਮਨ-ਕਾਨੂੰਨ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। “ਸਰਕਾਰ ਨੂੰ ਹਸਪਤਾਲਾਂ, ਸਕੂਲਾਂ, ਰੋਜ਼ਗਾਰ, ਨਸ਼ਾ ਮੁਕਤੀ, ਕਿਸਾਨੀ ਅਤੇ ਅਮਨ-ਕਾਨੂੰਨ ਵਰਗੇ ਬੁਨਿਆਦੀ ਮੁੱਦਿਆਂ ’ਤੇ ਵੀ ਬਰਾਬਰ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਧਾਰਮਿਕ ਯਾਤਰਾਵਾਂ ਆਸਥਾ ਦਾ ਵਿਸ਼ਾ ਹਨ, ਪਰ ਇਹ ਸੁਸ਼ਾਸਨ ਦਾ ਬਦਲ ਨਹੀਂ ਬਣ ਸਕਦੀਆਂ,” ਉਨ੍ਹਾਂ ਕਿਹਾ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿਰਫ਼ ਸਰਕਾਰ ਦੀ ਛਵੀ ਨਿਖਾਰਨ ਲਈ ਜਨਤਕ ਪੈਸੇ ਦੀ ਵਰਤੋਂ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਈ ਜਾ ਸਕਦੀ। ਭਾਜਪਾ ਸਰਕਾਰੀ ਖ਼ਜ਼ਾਨੇ ਦੀ ਕਿਸੇ ਵੀ ਬੇਤਰਤੀਬ ਜਾਂ ਫ਼ਜ਼ੂਲ ਵਰਤੋਂ ਦੇ ਹੱਕ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਮੁਫ਼ਤ ਧਾਰਮਿਕ ਯਾਤਰਾਵਾਂ ਦੀਆਂ ਸਰਕਾਰੀ ਯੋਜਨਾਵਾਂ ਨੂੰ ਆਪਣੇ ਆਪ ਵਿੱਚ ਗ਼ਲਤ ਨਹੀਂ ਕਿਹਾ ਜਾ ਸਕਦਾ। ਹਾਲਾਂਕਿ, ਅਜਿਹੀਆਂ ਯੋਜਨਾਵਾਂ ਵਿੱਚ ਪੂਰੀ ਪਾਰਦਰਸ਼ਤਾ, ਸਪੱਸ਼ਟ ਯੋਗਤਾ ਮਾਪਦੰਡ, ਖ਼ਰਚੇ ਦਾ ਸਹੀ ਹਿਸਾਬ-ਕਿਤਾਬ, ਲਾਭਪਾਤਰੀਆਂ ਦਾ ਪੂਰਾ ਵੇਰਵਾ ਅਤੇ ਸਾਰੇ ਵਰਗਾਂ ਨਾਲ ਬਰਾਬਰ ਵਿਹਾਰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਸਤਿਕਾਰਯੋਗ ਅਤੇ ਲੋਕ-ਭਲਾਈ ਵਾਲਾ ਉਪਰਾਲਾ ਹੈ, ਪਰ ਇਸ ਦੀ ਪ੍ਰਬੰਧਕੀ ਕਾਰਗੁਜ਼ਾਰੀ ਵੀ ਓਨੀ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ “ਜੇ ਪ੍ਰਬੰਧਕੀ ਖਾਮੀਆਂ ਕਾਰਨ ਬੱਸਾਂ ਖਾਲੀ ਜਾਂ ਬਹੁਤ ਘੱਟ ਯਾਤਰੀਆਂ ਨਾਲ ਜਾ ਰਹੀਆਂ ਹਨ ਤਾਂ ਮਹਿੰਗੀ ਯੋਜਨਾ ਦੇ ਬਾਵਜੂਦ ਇਸ ਦੇ ਉਮੀਦ ਕੀਤੇ ਲਾਭ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪਹੁੰਚ ਰਹੇ। ਇਹ ਜਨਤਕ ਪੈਸੇ ਦੇ ਪ੍ਰਬੰਧਨ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਸਰਕਾਰ ਨੂੰ ਇਨ੍ਹਾਂ ਸਾਰੇ ਖ਼ਰਚਿਆਂ ਦਾ ਪੂਰਾ ਹਿਸਾਬ-ਕਿਤਾਬ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦੇ ਹਰ ਰੁਪਏ ਪ੍ਰਤੀ ਜਵਾਬਦੇਹੀ ਲਾਜ਼ਮੀ ਹੈ।