ਪੰਜਾਬ ਮੁੱਖ ਖ਼ਬਰ

ਸੀਚੇਵਾਲ ਮੁੱਦੇ ਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ

ਸੀਚੇਵਾਲ ਮੁੱਦੇ ਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ
  • PublishedMarch 27, 2025

ਚੰਡੀਗੜ੍ਹ, 27 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪ੍ਰਤੀ ਕੀਤੀਆਂ ਬੇਲੋੜੀਆਂ ਟਿੱਪਣੀਆਂ ਨੂੰ ਲੈ ਕੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਵਿਰੋਧੀ ਧਿਰ ਦੇ ਆਗੂ ਦੀ ਪੁਰਜ਼ੋਰ ਨਿਖੇਧੀ ਕੀਤੀ।

ਸ਼੍ਰੀ ਗੋਇਲ ਨੇ ਜੀਰੋ ਆਵਰ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਜੋ ਕਾਂਗਰਸ ਪਾਰਟੀ ਅਤੇ ਇਸ ਦੇ ਆਗੂ ਬਾਬਾ ਸੀਚੇਵਾਲ ਪ੍ਰਤੀ ਅਭੱਦਰ ਟਿੱਪਣੀਆਂ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਸਰਕਾਰ ਨੇ ਹੀ 29 ਦਸੰਬਰ, 2018 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਲਗਾਇਆ ਸੀ। ਉਨ੍ਹਾਂ ਕਾਂਗਰਸੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਪੁੱਛਿਆ ਕਿ ਉਦੋਂ ਇਨ੍ਹਾਂ ਕਾਂਗਰਸੀਆਂ ਨੇ ਸੰਤ ਸੀਚੇਵਾਲ ਦੀ ਕਾਬਲੀਅਤ ਉਤੇ ਸਵਾਲ ਕਿਉਂ ਨਹੀਂ ਖੜ੍ਹੇ ਕੀਤੇ।

ਉਨ੍ਹਾਂ ਕਿਹਾ ਕਿ ਇਹ ਆਗੂ ਸਿਰਫ਼ ਫੋਕੀ ਸ਼ੋਹਰਤ ਖੱਟਣ ਲਈ ਅੱਜ ਬਾਬਾ ਸੀਚੇਵਾਲ ਦੀ ਯੋਗਤਾ ਉਤੇ ਸਵਾਲ ਚੁੱਕੇ ਰਹੇ ਹਨ ਜਦਕਿ ਪੂਰਾ ਪੰਜਾਬ ਅਤੇ ਦੁਨੀਆ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਵਾਤਵਰਣ ਪੱਖੀ ਸੋਚ ਅਤੇ ਕਾਬਲੀਅਤ ਦਾ ਲੋਹਾ ਮੰਨਦੀ ਹੈ।

Written By
The Punjab Wire