ਚੰਡੀਗੜ੍ਹ, 26 ਮਾਰਚ 2025 – ਪੰਜਾਬ ਵਿਜੀਲੈਂਸ ਵਿਭਾਗ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਹੋਇਆ ਹੈ। ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਜੀ ਨਾਗੇਸ਼ਵਰ ਰਾਓ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਨਾਗੇਸ਼ਵਰ ਰਾਓ ਨੇ ਇਹ ਜ਼ਿੰਮੇਵਾਰੀ ਸਿਰਫ਼ ਦੋ ਮਹੀਨੇ ਪਹਿਲਾਂ ਹੀ ਸੰਭਾਲੀ ਸੀ। ਉਨ੍ਹਾਂ ਦੀ ਥਾਂ ‘ਤੇ ਹੁਣ ਆਈਪੀਐਸ ਅਧਿਕਾਰੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਅਧਿਕਾਰਤ ਆਦੇਸ਼ ਮੁਤਾਬਕ, ਜੀ ਨਾਗੇਸ਼ਵਰ ਰਾਓ, ਜੋ 1995 ਬੈਚ ਦੇ ਆਈਪੀਐਸ ਅਧਿਕਾਰੀ ਹੈ। ਦੱਸਣਯੋਗ ਹੈ ਕਿ ਉਹ ਪਿਛਲੇ ਮਹੀਨੇ ਫਰਵਰੀ 2025 ਵਿੱਚ ਵਿਜੀਲੈਂਸ ਦੇ ਮੁਖੀ ਵਜੋਂ ਤਾਇਨਾਤ ਹੋਏ ਸਨ, ਜਦੋਂ ਸਪੈਸ਼ਲ ਡੀਜੀਪੀ ਵਰਿੰਦਰ ਕੁਮਾਰ ਨੂੰ ਹਟਾਇਆ ਗਿਆ ਸੀ।
ਸੁਰਿੰਦਰ ਪਾਲ ਸਿੰਘ ਪਰਮਾਰ ਦੀ ਨਿਯੁਕਤੀ
ਸੁਰਿੰਦਰ ਪਾਲ ਸਿੰਘ ਪਰਮਾਰ, ਜੋ ਇੱਕ ਤਜਰਬੇਕਾਰ ਆਈਪੀਐਸ ਅਧਿਕਾਰੀ ਹਨ, ਨੂੰ ਵਿਜੀਲੈਂਸ ਬਿਊਰੋ ਦੀ ਕਮਾਨ ਸੌਂਪੀ ਗਈ ਹੈ। ਸਰਕਾਰ ਨੇ ਉਮੀਦ ਜਤਾਈ ਹੈ ਕਿ ਉਹ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਨੂੰ ਸਖਤੀ ਨਾਲ ਲਾਗੂ ਕਰਨਗੇ। ਪਰਮਾਰ ਨੂੰ ਪਹਿਲਾਂ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਦਾ ਤਜਰਬਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਚੋਣ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
