ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼
  • PublishedMarch 11, 2025

418.30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਹਸਪਤਾਲ ਤੇ ਕਾਲਜ ਲਈ ਵੱਖਰੇ ਟੈਂਡਰ ਲਾਉਣ ਲਈ ਆਖਿਆ

ਚੰਡੀਗੜ੍ਹ, 11 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਕਿਹਾ ਕਿ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਸਿਵਲ ਹਸਪਤਾਲ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ।

ਇੱਥੇ ਆਪਣੀ ਸਰਕਾਰੀ ਰਿਹਾਇਸ਼ ਉਤੇ ਇੰਸਟੀਚਿਊਟ ਤੇ ਸਿਵਲ ਹਸਪਤਾਲ ਦੇ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦਾ ਉਦੇਸ਼ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ 21.41 ਏਕੜ ਰਕਬੇ ਵਿੱਚ 418.30 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਇਸ ਨਾਲ 300 ਬਿਸਤਰਿਆਂ ਦਾ ਮੈਡੀਕਲ ਕਾਲਜ ਵੀ ਹੋਵੇਗਾ, ਜਿਸ ਵਿੱਚ ਮੈਡੀਕਲ ਵਿਦਿਆਰਥੀਆਂ ਲਈ ਸਾਲਾਨਾ 150 ਸੀਟਾਂ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੌਜੂਦਾ ਮੈਡੀਕਲ ਹਸਪਤਾਲ ਕੈਂਪਸ ਹੁਸ਼ਿਆਰਪੁਰ ਵਿੱਚ ਅਤਿ-ਆਧੁਨਿਕ ਹਸਪਤਾਲ ਵਿੱਚ ਦੋ ਬੇਸਮੈਂਟਾਂ, ਗਰਾਊਂਡ ਤੇ ਅੱਠ ਮੰਜ਼ਿਲਾਂ ਹੋਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਸਤਾਵਿਤ ਮੈਡੀਕਲ ਕਾਲਜ ਵਿੱਚ ਇਕ ਆਡੀਟੋਰੀਅਮ ਅਤੇ ਸਰਵਿਸ ਬਲਾਕ, ਦੋ ਬੇਸਮੈਂਟਾਂ ਅਤੇ ਗਰਾਊਂਡ ਤੇ ਛੇ ਮੰਜ਼ਿਲਾਂ ਹੋਣਗੀਆਂ। ਇਸੇ ਤਰ੍ਹਾਂ ਮੈਡੀਕਲ ਕਾਲਜ ਵਿੱਚ ਲੜਕੀਆਂ ਤੇ ਲੜਕਿਆਂ ਲਈ ਵੱਖਰੇ ਹੋਸਟਲ ਹੋਣਗੇ, ਜਿਸ ਦਾ ਨਿਰਮਾਣ ਭਵਿੱਖੀ ਵਿਸਤਾਰ ਦੇ ਮੱਦੇਨਜ਼ਰ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਦੇ ਨਿਰਮਾਣ ਦੇ ਕੰਮ ਵਿੱਚ ਤੇਜ਼ੀ ਲਈ ਵੱਖਰੇ ਟੈਂਡਰ ਅਲਾਟ ਕੀਤੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸਤਾਵਿਤ ਜਗ੍ਹਾ ਉਤੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਇਹ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੰਢੀ ਖ਼ੇਤਰ ਦੇ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਨੀਆਂ ਸਮੇਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਨੂੰ ਸਮਾਂ-ਬੱਧ ਤੇ ਤੇਜ਼ੀ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

Written By
The Punjab Wire