ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਲੇ ਪ੍ਰੋਜੈਕਟ ਹਿਫਾਜ਼ਤ ਦੀ ਸ਼ੁਰੂਆਤ ਕੀਤੀ

ਮੰਤਰੀ ਵੱਲੋਂ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਐਮਰਜੈਂਸੀ ਸਥਿਤੀ ਤੋਂ ਨਿਪਟਣ ਲਈ ਹਰ ਔਰਤ ਦੇ ਮੋਬਾਇਲ ਦੀ ਸੰਪਰਕ ਸੂਚੀ ਵਿੱਚ 181 ਨੰਬਰ ਸ਼ਾਮਲ ਹੋਣਾ ਲਾਜ਼ਮੀ ਹੈ
ਮਹਿਲਾਵਾਂ ਅਤੇ ਬੱਚਿਆਂ ਦੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਏਕੀਕ੍ਰਿਤ ਹੈਲਪਲਾਈਨ, ਵਿਭਿਨ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਕੰਮ ਕਰੇਗੀ
ਚੰਡੀਗੜ੍ਹ, 6 ਮਾਰਚ 2025 (ਦੀ ਪੰਜਾਬ ਵਾਇਰ)– ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪੂਰਵ ਸੰਧਿਆ ‘ਤੇ, ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਪ੍ਰੋਜੈਕਟ ਹਿਫਾਜ਼ਤ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਦੇ ਪੀੜਤਾਂ ਲਈ ਪ੍ਰਤੀਕਿਰਿਆ ਵਿਧੀ ਨੂੰ ਮਜ਼ਬੂਤ ਕਰਨਾ ਹੈ। ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਸਭ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ਇਹ ਪ੍ਰੋਜੈਕਟ ਪੀੜਤਾਂ ਨਾਲ ਆਖਰੀ ਮੀਲ ਤੱਕ ਸੰਪਰਕ ਵਧਾਉਣ ਅਤੇ ਇੱਕ ਏਕੀਕ੍ਰਿਤ ਸਹਾਇਤਾ ਢਾਂਚਾ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।
ਅੱਜ ਇਥੇ ਮੈਗਾਸੀਪਾ ਸੈਕਟਰ 26 ਵਿਖੇ ਹੋਏ ਸਮਾਗਮ ਦੌਰਾਨ ਡਾ ਬਲਜੀਤ ਕੌਰ ਵੱਲੋਂ ਇਸ ਮੁੱਦੇ ਤੇ ਹੋਰ ਗੱਲ ਕਰਦਿਆਂ ਕਿਹਾ ਕਿ ਹਿਫਾਜ਼ਤ ਪ੍ਰੋਜੈਕਟ ਨੂੰ ਲਾਂਚ ਕਰਨ ਦਾ ਮਕਸਦ ਹੈ ਕਿ ਜਿਹੜੀਆਂ ਔਰਤਾਂ ਘਰਾਂ ਦੇ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਜਾਂ ਆਪਣੇ ਕੰਮ ਵਾਲੀ ਜਗ੍ਹਾ ‘ਤੇ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਜਾਂ ਕਿਸੇ ਹੋਰ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਤੇ ਉਹ ਆਪਣੀਆਂ ਸਮੱਸਿਆਵਾਂ ਦੱਸਣ ਤੋਂ ਡਰਦੀਆਂ ਹਨ, ਦੇ ਡਰ ਨੂੰ ਦੂਰ ਕਰਨਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਉਹਨਾਂ ਕਿਹਾ ਕਿ ਮੈਂ ਸਾਰੀਆਂ ਪੰਜਾਬ ਦੀਆਂ ਔਰਤਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਮੋਬਾਈਲ ਫੋਨ ਦੀ ਸੰਪਰਕ ਸੂਚੀ ਵਿੱਚ 181 ਨੰਬਰ ਨੂੰ ਸ਼ਾਮਲ ਕਰ ਲੈਣ ਤਾਂ ਜੋ ਕਿਸੇ ਵੀ ਕਿਸਮ ਦੀ ਹਿੰਸਾ ਹੋਣ ਤੇ ਸਾਡੇ ਨਾਲ ਨਿਡਰ ਹੋ ਕੇ ਸੰਪਰਕ ਕਰ ਸਕਣ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਸੂਬੇ ਨੂੰ ਰੰਗਲਾਂ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸੂਬੇ ਦੀਆਂ ਔਰਤਾਂ ਬਿਨਾਂ ਕਿਸੇ ਡਰ ਤੋਂ ਆਪਣਾ ਜੀਵਨ ਬਤੀਤ ਕਰਨ। ਉਨ੍ਹਾਂ ਕਿਹਾ ਕਿ “ਪ੍ਰੌਜੈਕਟ ਹਿਫਾਜ਼ਤ” ਸੂਬੇ ਨੂੰ ਰੰਗਲਾਂ ਪੰਜਾਬ ਬਣਾਉਣ ਵਿੱਚ ਸਹਾਈ ਸਾਬਤ ਹੋਵੇਗਾ।
ਡਾ ਬਲਜੀਤ ਕੌਰ ਨੇ ਇੱਕ ਹੋਰ ਢਾਂਚਾਗਤ ਅਤੇ ਕੁਸ਼ਲ ਪ੍ਰਣਾਲੀ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਈ ਪਹਿਲਕਦਮੀਆਂ ਦੇ ਬਾਵਜੂਦ, ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਿੱਚ ਅਜੇ ਵੀ ਸਮੱਸਿਆਵਾਂ ਦਰਪੇਸ਼ ਹਨ। “ਪ੍ਰੋਜੈਕਟ ਹਿਫਾਜ਼ਤ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਸੁਚਾਰੂ ਬਣਾ ਕੇ ਦਰਪੇਸ਼ ਪੜਾਵਾਂ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਹਿਫਾਜ਼ਤ ਇਹ ਯਕੀਨੀ ਬਣਾਉਂਦਾ ਹੈ ਕਿ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।