ਪੰਜਾਬ

ਪੰਜਾਬ ਪੁਲਿਸ ਨੇ ਅਮਰੀਕਾ-ਅਧਾਰਤ ਸਮਗਲਰ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼ ; 23 ਕਿਲੋ ਹੈਰੋਇਨ ਬਰਾਮਦ

ਪੰਜਾਬ ਪੁਲਿਸ ਨੇ ਅਮਰੀਕਾ-ਅਧਾਰਤ ਸਮਗਲਰ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼ ; 23 ਕਿਲੋ ਹੈਰੋਇਨ ਬਰਾਮਦ
  • PublishedMarch 5, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਖੇਪ ਹਾਸਲ ਕਰਨ ਵਾਲਾ ਦੋਸ਼ੀ ਕੇਸ ਵਿੱਚ  ਨਾਮਜ਼ਦ, ਪੁਲਿਸ ਟੀਮਾਂ ਵੱਲੋਂ ਦੋਸ਼ੀ ਨੂੰ ਫੜਨ ਲਈ ਸਰਗਰਮੀ ਨਾਲ ਕੀਤੀ ਜਾ ਰਹੀ ਕੋਸ਼ਿਸ਼ :ਡੀਜੀਪੀ ਗੌਰਵ ਯਾਦਵ

ਅਮਰੀਕਾ-ਅਧਾਰਤ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਦੇ ਸੰਪਰਕ ਵਿੱਚ ਸੀ ਦੋਸ਼ੀ ਸਾਹਿਲਪ੍ਰੀਤ: ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ

ਚੰਡੀਗੜ੍ਹ/ਅੰਮ੍ਰਿਤਸਰ, 5 ਮਾਰਚ 2025 (ਦੀ ਪੰਜਾਬ ਵਾਇਰ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ  ‘ਯੁੱਧ ਨਸ਼ਿਆ ਦੇ ਵਿਰੁੱਧ’ ਮੁਹਿੰਮ ਦੌਰਾਨ ਸਰਹੱਦ ਪਾਰੋਂ ਕੀਤੀ ਜਾ ਰਹੀ ਤਸਕਰੀ ਨੂੰ ਵੱਡਾ ਝਟਕਾ ਦਿੰਦੇ ਹੋਏ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡਿਆਲਾ ਦੇ ਪਿੰਡ ਦੇਵੀ ਦਾਸਪੁਰਾ ਤੋਂ 23 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਖੇਪ ਅਮਰੀਕਾ ਸਥਿਤ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਦੁਆਰਾ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ, ਖੇਪ ਪ੍ਰਾਪਤ ਕਰਨ ਵਾਲੇ, ਪਿੰਡ ਦੇਵੀ ਦਾਸਪੁਰਾ ਦੇ ਮੁਲਜ਼ਮ ਸਾਹਿਲਪ੍ਰੀਤ ਸਿੰਘ ਉਰਫ਼ ‘ਕਰਨ’ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਪੁਲਿਸ ਟੀਮਾਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਡੀਜੀਪੀ ਨੇ ਕਿਹਾ ਕਿ ਤਸਕਰੀ ਨੈੱਟਵਰਕ ਵਿੱਚ ਅਗਲੇਰੇ-ਪਿਛਲੇਰੇ   ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸਤਿੰਦਰ ਸਿੰਘ, ਜੋ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਨਾਕੇ ’ਤੇ ਪੁਖ਼ਤਾ ਇਤਲਾਹ  ਮਿਲੀ ਸੀ ਕਿ ਮੁਲਜ਼ਮ ਸਾਹਿਲਪ੍ਰੀਤ ਸਿੰਘ ਉਰਫ਼ ਕਰਨ ਨੇ ਸਰਹੱਦ ਪਾਰੋਂ ਹੈਰੋਇਨ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਸਟੇਸ਼ਨ ਜੰਡਿਆਲਾ ਦੀਆਂ ਟੀਮਾਂ ਨੇ ਇੱਕ ਖੁਫੀਆ ਕਾਰਵਾਈ ਤਹਿਤ  ਪਿੰਡ ਦੇਵੀ ਦਾਸਪੁਰਾ ਵਿਖੇ ਦੱਸੀ ਥਾਂ ਤੋਂ ਇੱਕ ਬੋਰੀ ਵਿੱਚ ਲੁਕਾ ਕੇ ਰੱਖੇ ਹੈਰੋਇਨ ਦੇ 23 ਪੈਕੇਟ (ਪ੍ਰਤੀ 1 ਕਿੱਲੋ), ਬਰਾਮਦ ਕੀਤੇ।

ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਾਹਿਲਪ੍ਰੀਤ ਅਮਰੀਕਾ ਸਥਿਤ ਤਸਕਰ ਜਸਮੀਤ ਸਿੰਘ ਉਰਫ ਲੱਕੀ, ਜਿਸਨੇ ਖੇਪ ਦਾ ਪ੍ਰਬੰਧ ਕੀਤਾ ਸੀ, ਦੇ ਸਿੱਧੇ ਸੰਪਰਕ ਵਿੱਚ ਸੀ। ਜਾਣਕਾਰੀ ਅਨੁਸਾਰ, ਜਸਮੀਤ ਸਿੰਘ ਉਰਫ ਲੱਕੀ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਅਸਲਾ ਐਕਟ ਅਤੇ ਇਰਾਦਾ ਕਤਲ ਨਾਲ ਸਬੰਧਤ ਮਾਮਲੇ ਦਰਜ ਹਨ। ਡੀਆਈਜੀ ਨੇ ਕਿਹਾ ਕਿ ਪੁਲਿਸ ਟੀਮਾਂ ਦੋਸ਼ੀ ਸਾਹਿਲਪ੍ਰੀਤ ਉਰਫ ਕਰਨ ਨੂੰ ਫੜਨ ਲਈ ਭਾਲ ਕਰ ਰਹੀਆਂ ਹਨ। ਇਸ ਸਬੰਧ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਜੰਡਿਆਲਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਸੀ ਦੇ ਤਹਿਤ ਐਫਆਈਆਰ 32 ਮਿਤੀ 4/3/2025  ਅਧੀਨ ਕੇਸ ਦਰਜ ਕੀਤਾ ਗਿਆ  ਹੈ।

Written By
The Punjab Wire