ਲੋਕ ਸੰਪਰਕ ਵਿਭਾਗ ਵੱਲੋਂ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ ਲੰਗਰ

ਜੰਗਮ ਮੰਡਲੀ ਨੇ ਸ਼ਿਵ-ਪਾਰਵਰਤੀ ਵਿਆਹ ਦੀ ਮਹਿਮਾ ਦਾ ਕੀਤਾ ਗੁਣਗਾਣ
ਚੰਡੀਗੜ੍ਹ, 5 ਮਾਰਚ 2025 (ਦੀ ਪੰਜਾਬ ਵਾਇਰ)। ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਅਤੇ ਲੰਗਰ ਲਗਾਇਆ ਗਿਆ।
ਪੰਜਾਬ ਸਿਵਲ ਸਕੱਤਰੇਤ ਦੀ ਬੈਕਸਾਈਡ ਪਾਰਕਿੰਗ ਵਿੱਚ ਕਰਵਾਏ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਪੂਜਨ ਤੋਂ ਕੀਤੀ ਗਈ। ਇਸ ਉਪਰੰਤ ਸ਼ਿਵ ਪੁਰੋਹਿਤ ਜੰਗਮ ਜਗਮੇਸ਼ਵਰ ਦੀ ਜੰਗਮ ਮੰਡਲੀ ਨੇ ਆਪਣੇ ਵਿਲੱਖਣ ਤੇ ਰਵਾਇਤੀ ਅੰਦਾਜ਼ ਵਿੱਚ ਸ਼ਿਵ-ਪਾਰਵਰਤੀ ਵਿਆਹ ਦੀ ਮਹਿਮਾ ਦਾ ਗੁਣਗਾਣ ਕੀਤਾ। ਮੰਡਲੀ ਵੱਲੋਂ ਭਗਵਾਨ ਸ਼ਿਵ ਜੀ ਮਹਾਰਾਜ ਦੀ ਉਸਤਤ ਵਿੱਚ ਕੀਤੇ ਭਜਨ ਗਾਇਨ ਨੂੰ ਸ਼ਿਵ ਭਗਤਾਂ ਨੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸੁਣਿਆ। ਧਾਰਮਿਕ ਸਮਾਗਮ ਦਾ ਸਮਾਪਨ ਸ਼ਿਵ ਆਰਤੀ ਨਾਲ ਕੀਤਾ ਗਿਆ।

ਸਮਾਗਮ ਦੌਰਾਨ ਸੰਗਤ ਲਈ ਸੰਗਤ ਤੱਕ ਦੁੱਧ ਦਾ ਅਤੁੱਟ ਲੰਗਰ ਅਤੇ ਮਠਿਆਈਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਾਜ਼ਰੀ ਲਗਾਈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਸ੍ਰੀ ਆਦਿਲ ਆਜ਼ਮੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸ੍ਰੀ ਵਿਮਲ ਕੁਮਾਰ ਸੇਤੀਆ ਤੇ ਵਧੀਕ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਨੇ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਵਾਈਸ ਕਪਤਾਨ ਹਾਰਦਿਕ ਸਿੰਘ ਤੇ ਖਿਡਾਰੀ ਗੁਰਜੰਟ ਸਿੰਘ (ਦੋਵੇਂ ਓਲੰਪਿਕਸ ਮੈਡਲਿਸਟ) ਨੇ ਵੀ ਹਾਜ਼ਰੀ ਲਗਾਈ। ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀ ਅਤੇ ਮੀਡੀਆ ਕਰਮੀਆਂ ਵੱਲੋਂ ਉਤਸ਼ਾਹਪੂਰਵਕ ਸੇਵਾ ਕੀਤੀ ਗਈ।
ਇਸ ਮੌਕੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਪੰਜਾਬ ਵਿਧਾਨ ਸਭਾ ਦੇ ਮੁਲਾਜ਼ਮ ਵੀ ਹਾਜ਼ਰ ਹੋਏ।