ਪੰਜਾਬ

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ; ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰ ਦਫ਼ਤਰ ਦੀ ਕੀਤੀ ਅਚਨਚੇਤ ਚੈਕਿੰਗ

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ; ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰ ਦਫ਼ਤਰ ਦੀ ਕੀਤੀ ਅਚਨਚੇਤ ਚੈਕਿੰਗ
  • PublishedFebruary 24, 2025

ਡਾ. ਅਗਰਵਾਲ ਨੇ ਤਹਿਸੀਲਾਂ ’ਚ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ’ਤੇ ਦਿੱਤਾ ਜ਼ੋਰ

ਨਿਰਵਿਘਨ ਪ੍ਰਾਪਰਟੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਐਸ.ਡੀ.ਐਮਜ਼ ਵਲੋਂ ਵੀ ਤਹਿਸੀਲਾਂ ਦੀ ਚੈਕਿੰਗ

ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਜਨਤਾ ਨਾਲ ਕੀਤੀ ਗੱਲਬਾਤ

ਜਲੰਧਰ, 24 ਫਰਵਰੀ 2025 ( ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਵਿੱਢੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਨਿਰਵਿਘਨ ਪ੍ਰਾਪਰਟੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਸਬ ਰਜਿਸਟਰਾਰ ਦਫ਼ਤਰ ਜਲੰਧਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਐਸ.ਡੀ.ਐਮਜ਼. ਵਲੋਂ ਵੀ ਸਬੰਧਿਤ ਤਹਿਸੀਲਾਂ ਦੀ ਚੈਕਿੰਗ ਕੀਤੀ ਗਈ।

  ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਮਾਮਲਿਆਂ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ਼ ਪਹਿਲਾਂ ਹੀ ਜੰਗ ਵਿੱਢੀ ਹੋਈ ਹੈ, ਇਸ ਲਈ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਤਹਿਸੀਲਾਂ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਬਿਨੈਕਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਡਾ.ਅਗਰਵਾਲ ਨੇ ਸਬ ਰਜਿਸਟਰਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਆਉਣ ਵਾਲੇ ਲੋਕਾਂ ਨੂੰ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਹੁਣ ਆਨਲਾਈਨ ਅਪਾਇੰਟਮੈਂਟ-ਅਧਾਰਤ ਪ੍ਰਣਾਲੀ ਰਾਹੀਂ ਸੰਚਾਲਿਤ ਕੀਤੀ ਜਾਂਦੀ ਹੈ, ਜਿਸ ਸਦਕਾ ਬਿਨੈਕਾਰਾਂ ਲਈ ਉਡੀਕ ਸਮੇਂ ਵਿੱਚ ਕਮੀ ਆਈ ਹੈ।

ਰਜਿਸਟ੍ਰੇਸ਼ਨ ਸੇਵਾ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵੱਲੋਂ ਇਸ ਪ੍ਰਕਿਰਿਆ ਸਬੰਧੀ ਫੀਡਬੈਕ ਇਕੱਤਰ ਕਰਨ ਲਈ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਲਈ ਆਉਣ ਵਾਲੇ ਲੋਕਾਂ ਲਈ ਬੈਠਣ ਦੇ ਢੁੱਕਵੇਂ ਪ੍ਰਬੰਧ, ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਆਰਾਮਦਾਇਕ ਵੇਟਿੰਗ ਏਰੀਏ ਦਾ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਜ਼ਮੀਨ ਦੀ ਰਜਿਸਟਰੀ ਸਬੰਧੀ ਆਪਣੇ ਤਜ਼ਰਬੇ ਅਤੇ ਦਿੱਕਤਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਾਂਝਾ ਕਰਨ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਐਸ.ਡੀ.ਐਮ.-1 ਰਣਦੀਪ ਸਿੰਘ ਹੀਰ, ਐਸ.ਡੀ.ਐਮ.-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਆਦਮਪੁਰ ਵਿਵੇਕ ਮੋਦੀ, ਐਸ.ਡੀ.ਐਮ. ਫਿਲੌਰ ਅਮਨਪਾਲ ਸਿੰਘ, ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ, ਐਸ.ਡੀ.ਐਮ. ਨਕੋਦਰ ਲਾਲ ਵਿਸ਼ਵਾਸ ਬੈਂਸ ਵੱਲੋਂ ਵੀ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਤਹਿਸੀਲਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।

Written By
The Punjab Wire