ਫਾਜ਼ਿਲਕਾ-ਫਿਰੋਜ਼ਪੁਰ ਸਟੇਟ ਹਾਈਵੇ ਤੋਂ ਬਣੇਗਾ ਚਹੁੰ ਮਾਰਗੀ ਨੈਸ਼ਨਲ ਹਾਈਵੇ-ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

ਫਾਜ਼ਿਲਕਾ, 24 ਫ਼ਰਵਰੀ 2025 (ਦੀ ਪੰਜਾਬ ਵਾਇਰ)– ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਚੰਡੀਗੜ ਵਿਖੇ ਮੁਲਾਕਾਤ ਕਰਕੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਤੱਕ ਦੇ ਸਟੇਟ ਹਾਈਵੇ ਨੂੰ ਚਹੁੰ ਮਾਰਗੀ ਨੈਸ਼ਨਲ ਹਾਈਵੇ ਬਣਾਉਣ ਸਬੰਧੀ ਗੰਭੀਰ ਚਰਚਾ ਕੀਤੀ।
ਵਿਧਾਇਕ ਸਵਨਾ ਨੇ ਦੱਸਿਆ ਕਿ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਯਕੀਨ ਦਿਵਾਇਆ ਹੈ ਕਿ ਚਹੁੰ ਮਾਰਗੀਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੀ ਆਰਥਿਕ ਅਤੇ ਟਰਾਂਸਪੋਰਟ ਵਿਵਸਥਾ ਵਿੱਚ ਮਹੱਤਵਪੂਰਨ ਬਦਲਾਅ ਲਿਆਵੇਗਾ।
ਵਿਧਾਇਕ ਨੇ ਉਲੇਖ ਕੀਤਾ ਕਿ ਇਹ ਸੜਕ ਇੱਕ ਪ੍ਰਮੁੱਖ ਸਰਹੱਦੀ ਮਾਰਗ ਹੈ, ਜੋ ਕਿ ਪਹਿਲਾਂ ਸਟੇਟ ਹਾਈਵੇ ਸੀ। ਇਸ ਦੇ ਨੈਸ਼ਨਲ ਹਾਈਵੇ ਹੋਣ ਅਤੇ ਚਹੁੰਮਾਰਗੀ ਬਣਨ ਨਾਲ ਇਲਾਕੇ ਵਿੱਚ ਯਾਤਰਾ ਸੌਖੀ ਹੋਵੇਗੀ, ਟਰੈਫਿਕ ਦਾ ਦਬਾਅ ਘਟੇਗਾ ਅਤੇ ਵਪਾਰਕ ਗਤੀਵਿਧੀਆਂ ਨੂੰ ਵਧਾਵਾ ਮਿਲੇਗਾ। ਇਸ ਮਾਰਗ ਦੇ ਵਿਕਾਸ ਨਾਲ ਇਸ ਨੂੰ ਇਕ ਪਾਸੇ ਨਵੇਂ ਬਣ ਰਹੇ ਫਾਜ਼ਿਲਕਾ-ਅਬੋਹਰ ਚਹੁੰ ਮਾਰਗ ਨੈਸ਼ਨਲ ਹਾਈਵੇ ਨਾਲ ਤੇ ਦੁੱਜੇ ਪਾਸੇ ਫਿਰੋਜ਼ਪੁਰ-ਚੰਡੀਗੜ੍ਹ ਨੈਸ਼ਨਲ ਹਾਈਵੇ ਨਾਲ ਜੋੜਿਆ ਜਾਵੇਗਾ। ਇਹ ਨਵੀਂ ਸੜਕ ਇਲਾਕੇ ਦੀ ਆਮਦਨੀ ਅਤੇ ਵਪਾਰ ਵਾਧੇ ਵਿੱਚ ਸਹਾਈ ਹੋਵੇਗਾ।
ਇਸ ਪ੍ਰੋਜੈਕਟ ਦੀ ਤਕਨੀਕੀ ਅਤੇ ਪ੍ਰਸ਼ਾਸਨਿਕ ਤਿਆਰੀ ਜਾਰੀ ਹੈ। ਜਿਕਰ ਯੋਗ ਹੈ ਕਿ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੁੱਦੇ ਨੂੰ ਪਹਿਲਾਂ ਵਿਧਾਨ ਸਭਾ ਵਿੱਚ ਵੀ ਉਠਾਇਆ ਸੀ। ਉਹਨਾਂ ਆਖਿਆ ਕਿ ਹੁਣ ਇਹ ਸੜਕ ਜਲਦ ਹੀ ਸਕਾਰ ਰੂਪ ਲਵੇਗੀ ਅਤੇ ਇਲਾਕੇ ਦੀ ਵੱਡੀ ਮੰਗ ਪੂਰੀ ਹੋਵੇਗੀ।