ਗੁਰਦਾਸਪੁਰ ਸ਼ਹਿਰ ਵਿੱਚ ਸਪੈਸ਼ਲ ਬੱਚਿਆਂ ਦੇ ਸਕੂਲ ਦੀ ਕਾਇਆ ਕਲਪ ਕਰਨ ਲਈ ਰੋਟਰੀ ਕਲੱਬ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ‘ਮੈਮੋਰੰਡਮ ਆਫ਼ ਅੰਡਰਸਟੈਂਡਿੰਗ’ (ਐੱਮ.ਓ.ਯੂ.) ਸਾਈਨ ਕੀਤਾ

ਰੋਟਰੀ ਕਲੱਬ ਵੱਲੋਂ ਸਪੈਸ਼ਲ ਬੱਚਿਆਂ ਦੇ ਸਕੂਲ ਨੂੰ ਦਿੱਤੀ ਜਾਵੇਗੀ ਨਵੀਂ ਦਿੱਖ – ਰਮਨ ਬਹਿਲ
ਚੇਅਰਮੈਨ ਰਮਨ ਬਹਿਲ ਨੇ ਇਸ ਨੇਕ ਕਾਰਜ ਲਈ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ
ਗੁਰਦਾਸਪੁਰ, 17 ਫਰਵਰੀ 2025 (ਦੀ ਪੰਜਾਬ ਵਾਇਰ )। ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਉੱਘੇ ਰੋਟੇਰੀਅਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਰੋਟਰੀ ਕਲੱਬ ਗੁਰਦਾਸਪੁਰ ਸ਼ਹਿਰ ਵਿੱਚ ਸਪੈਸ਼ਲ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ (ਸਪੈਸ਼ਲ ਰਿਸੋਰਸ ਸੈਂਟਰ) ਦੀ ਕਾਇਆ ਕਲਪ ਕਰਨ ਲਈ ਅੱਗੇ ਆਇਆ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਦੀ ਹਾਜ਼ਰੀ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੋਟਰੀ ਕਲੱਬ ਨੇ ਆਪਸ ਵਿੱਚ ਇੱਕ ‘ਮੈਮੋਰੰਡਮ ਆਫ਼ ਅੰਡਰਸਟੈਂਡਿੰਗ’ (ਐੱਮ.ਓ.ਯੂ.) ਸਾਈਨ ਕੀਤਾ ਹੈ, ਜਿਸ ਤਹਿਤ ਰੋਟਰੀ ਕਲੱਬ ਵੱਲੋਂ ਇਸ (ਸਪੈਸ਼ਲ ਰਿਸੋਰਸ ਸੈਂਟਰ) ਸਕੂਲ ਨੂੰ ਮਾਡਲ ਸਕੂਲ ਬਣਾਇਆ ਜਾਵੇਗਾ।
‘ਮੈਮੋਰੰਡਮ ਆਫ਼ ਅੰਡਰਸਟੈਂਡਿੰਗ’ (ਐੱਮ.ਓ.ਯੂ.) ਸਾਈਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਰੋਟਰੀ ਕਲੱਬ ਦੀ ਸਮਾਜ ਸੇਵਾ ਵਿੱਚ ਬਹੁਤ ਵੱਡੀ ਦੇਣ ਹੈ ਅਤੇ ਰੋਟਰੀ ਕਲੱਬ ਵੱਲੋਂ ਇੱਕ ਹੋਰ ਨੇਕ ਕਾਰਜ ਕਰਦਿਆਂ ਗੁਰਦਾਸਪੁਰ ਸ਼ਹਿਰ ਦੇ ਅਮਾਮਵਾੜਾ ਚੌਂਕ ਵਿੱਚ ਚੱਲਦੇ ਸਪੈਸ਼ਲ ਬੱਚਿਆਂ ਦੇ ਸਕੂਲ (ਸਪੈਸ਼ਲ ਰਿਸੋਰਸ ਸੈਂਟਰ) ਨੂੰ ਮਾਡਲ ਤੇ ਖ਼ੂਬਸੂਰਤ ਬਣਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਜੋ ਬੱਚੇ ਪੜ੍ਹਦੇ ਹਨ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸੰਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਕੂਲ ਵਿੱਚ ਵਿਸ਼ੇਸ਼ ਬੱਚਿਆਂ ਨੂੰ ਪੜ੍ਹਾਉਣ ਲਈ ਮਾਹਿਰ ਅਧਿਆਪਕ ਨਿਯੁਕਤ ਕੀਤੇ ਗਏ ਹਨ ਪਰ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ‘ਮੈਮੋਰੰਡਮ ਆਫ਼ ਅੰਡਰਸਟੈਂਡਿੰਗ’ (ਐੱਮ.ਓ.ਯੂ.) ਸਾਈਨ ਕਰਕੇ ਇਸ ਸਕੂਲ ਨੂੰ ਮਾਡਲ ਸਕੂਲ ਬਣਾਉਣ ਦਾ ਜ਼ਿੰਮਾ ਚੁੱਕਿਆ ਹੈ ਉਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਦੇ ਧੰਨਵਾਦੀ ਹਨ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਸਪੈਸ਼ਲ (ਦਿਵਿਆਂਗ) ਬੱਚਿਆਂ ਲਈ ਚੱਲ ਰਿਹਾ (ਸਪੈਸ਼ਲ ਰਿਸੋਰਸ ਸੈਂਟਰ) ਸਕੂਲ ਆਪਣੇ ਆਪ ਵਿੱਚ ਬਹੁਤ ਖ਼ਾਸ ਹੈ ਅਤੇ ਉਨ੍ਹਾਂ ਦੀ ਹਮੇਸ਼ਾਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਲਈ ਜ਼ਰੂਰ ਕੁਝ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਦੇ ਸਮੂਹ ਮੈਂਬਰ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਹ ਇਸ ਨੇਕ ਕਾਰਜ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਇਸ ਸਕੂਲ ਵਿੱਚ ਪਖਾਨਿਆਂ ਦੀ ਮੁਰੰਮਤ ਕਰਨ ਦੇ ਨਾਲ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇਗਾ, ਸਕੂਲ ਦੀ ਛੱਤ ਨੂੰ ਪੱਕਿਆਂ ਕੀਤਾ ਜਾਵੇਗਾ ਅਤੇ ਨਾਲ ਹੀ ਸਾਰੀ ਇਮਾਰਤ ਨੂੰ ਖ਼ੂਬਸੂਰਤ ਰੰਗ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਦੀ ਲੋੜ ਅਨੁਸਾਰ ਜੋ ਵੀ ਕੰਮ ਜਾਂ ਸਮਾਨ ਲੋੜੀਂਦਾ ਹੋਵੇਗਾ ਉਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਖਰਚਾ ਰੋਟਰੀ ਕਲੱਬ ਦੇ ਮੈਂਬਰ ਆਪਣੀ ਨੇਕ ਕਮਾਈ ਵਿੱਚੋਂ ਕਰ ਰਹੇ ਹਨ ਜਿਸ ਲਈ ਉਹ ਸਮੂਹ ਰੋਟੇਰੀਅਨ ਦੇ ਧੰਨਵਾਦੀ ਹਨ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਲਦੀ ਹੀ ਸਪੈਸ਼ਲ ਬੱਚਿਆਂ ਦਾ ਇਹ ਸਕੂਲ ਨਵੀਂ ਦਿੱਖ ਵਿੱਚ ਦਿਖਾਈ ਦੇਵੇਗਾ ਅਤੇ ਇੱਥੇ ਪੜ੍ਹਦੇ ਸਪੈਸ਼ਲ ਬੱਚਿਆਂ ਨੂੰ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਰੋਟਰੀ ਕਲੱਬ ਗੁਰਦਾਸਪੁਰ ਦੇ ਪ੍ਰਧਾਨ ਸਵਪਨਿਲ ਗੁਪਤਾ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਬੇਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਇਸ ਪ੍ਰੋਜੈਕਟ ਨੂੰ ਪੂਰਾ ਕਰਦੇ ਹੋਏ ਇਸ ਸੈਂਟਰ ਨੂੰ ਮਾਡਲ ਸੈਂਟਰ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਇਸ ਨੇਕ ਕਾਰਜ ਲਈ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਵੀ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਪਰਮਜੀਤ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਡਾ. ਅਨਿਲ ਸ਼ਰਮਾ, ਰੋਟਰੀ ਕਲੱਬ ਦੇ ਮੈਂਬਰ ਵਿਨੋਦ ਗੁਪਤਾ, ਰਾਜੇਸ਼ਵਰ ਕੌਂਡਲ, ਜਨਕ ਰਾਜ ਸ਼ਰਮਾਂ, ਅਰਵਿੰਦਰ ਅਸਤੀਰ, ਹੀਰਾ ਅਰੋੜਾ, ਤ੍ਰਿਪਤ ਸੈਣੀ, ਅਨਿਲ ਅਗਰਵਾਲ, ਧਰੁਵ ਬਹਿਲ, ਨਕੁਲ ਗੁਪਤਾ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ ਸਮੇਤ ਹੋਰ ਵੀ ਮੁਹਤਬਰ ਵਿਅਕਤੀ ਅਤੇ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।