ਗੁਰਦਾਸਪੁਰ

ਮੁੱਖ ਮੰਤਰੀ ਨੇ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੂੰ ਚੈਂਪੀਅਨਜ਼ ਟਰਾਫੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਮੁੱਖ ਮੰਤਰੀ ਨੇ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੂੰ ਚੈਂਪੀਅਨਜ਼ ਟਰਾਫੀ ਲਈ ਦਿੱਤੀਆਂ ਸ਼ੁਭਕਾਮਨਾਵਾਂ
  • PublishedFebruary 14, 2025

ਦੋਵਾਂ ਖਿਡਾਰੀਆਂ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 14 ਫਰਵਰੀ ( ਦੀ ਪੰਜਾਬ ਵਾਇਰ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਤੇ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਅੱਜ ਇੱਥੇ ਦੋਵੇਂ ਕ੍ਰਿਕਟਰਾਂ ਨੇ ਪਰਿਵਾਰ ਸਮੇਤ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਦੋਵੇਂ ਕ੍ਰਿਕਟਰਾਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਨਾਲ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਦੇ ਉਪ ਜੇਤੂ ਬਣਨ ਵਿੱਚ ਸ਼ੁਭਮਨ ਗਿੱਲ ਅਤੇ ਟਵੰਟੀ-20 ਵਿਸ਼ਵ ਕੱਪ ਦੀ ਜਿੱਤ ਵਿੱਚ ਅਰਸ਼ਦੀਪ ਸਿੰਘ ਦਾ ਵੱਡਾ ਯੋਗਦਾਨ ਸੀ। ਹਾਲ ਹੀ ਵਿੱਚ ਇੰਗਲੈਂਡ ਨਾਲ ਖੇਡੀ ਲੜੀ ਵਿੱਚ ਸ਼ੁਭਮਨ ਗਿੱਲ ਦੀ ਖੇਡ ਕਾਬਲੇ-ਏ-ਤਾਰੀਫ਼ ਸੀ। ਭਗਵੰਤ ਸਿੰਘ ਮਾਨ ਨੇ ’80-90 ਦੇ ਦਹਾਕੇ ਤੋਂ ਕ੍ਰਿਕਟ ਖੇਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਪੁਰਾਣੇ ਖਿਡਾਰੀਆਂ ਨੂੰ ਵੀ ਚੇਤੇ ਕੀਤਾ ਅਤੇ ਕ੍ਰਿਕਟ ਦੇ ਮੌਜੂਦਾ ਤਿੰਨੇ ਫਾਰਮੈਟਾਂ ਅਤੇ ਘਰੇਲੂ ਕ੍ਰਿਕਟ ਉੱਪਰ ਵੀ ਚਰਚਾ ਕੀਤੀ। ਦੋਵੇਂ ਕ੍ਰਿਕਟਰਾਂ ਨੇ ਖੇਡ ਦੀ ਬਾਰੀਕੀਆਂ ਬਾਰੇ ਵੀ ਗੱਲ ਕੀਤੀ। ਦੋਵੇਂ ਕ੍ਰਿਕਟਰ ਆਗਾਮੀ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਲਈ ਅੱਜ ਰਵਾਨਾ ਹੋ ਰਹੇ ਹਨ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਹਾਜ਼ਰ ਸਨ।

Written By
The Punjab Wire