ਨਵਾਂ ਮਾਡਲ ਲਾਂਚ ਕਰਨ ਦੀ ਬਜਾਏ ‘ਆਪ’ ਨੂੰ ਕੰਮ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ- ਬਾਜਵਾ
![ਨਵਾਂ ਮਾਡਲ ਲਾਂਚ ਕਰਨ ਦੀ ਬਜਾਏ ‘ਆਪ’ ਨੂੰ ਕੰਮ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ- ਬਾਜਵਾ](https://thepunjabwire.com/wp-content/uploads/2025/02/IMG-20250203-WA0200-683x1024-1-683x470.jpg)
ਚੰਡੀਗੜ੍ਹ, ਗੁਰਦਾਸਪੁਰ, 12 ਫਰਵਰੀ (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹੁਣ ਪੰਜਾਬ ਮਾਡਲ ਦਾ ਗੱਲ ਸ਼ੁਰੂ ਕਰਨ ਤੋਂ ਬਾਅਦ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਦਾ ਪੰਜਾਬ ਮਾਡਲ ਤਾਂ ਕੀਤੇ ਹੈ ਹੀ ਨਹੀਂ।
ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ‘ਆਪ’ ਸਰਕਾਰ ਰੰਗਲਾ ਪੰਜਾਬ ਦੀ ਗੱਲ ਕੀਤੀ ਸੀ। ਹਾਲਾਂਕਿ, ਤਿੰਨ ਸਾਲਾਂ ਵਿੱਚ, ਇਸ ਨੇ ਪੰਜਾਬ ਨੂੰ ਗੰਧਲਾ ਬਣਾ ਦਿੱਤਾ। ਇਸ ਨੇ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਅਨੁਸਾਰ ਪੰਜਾਬ ਦੇ ਨਿਰਮਾਣ ਬਾਰੇ ਵੀ ਪ੍ਰਚਾਰ ਕੀਤਾ, ਪਰ ਇਹ ਅਜਿਹਾ ਕਰਨ ਵਿੱਚ ਅਸਫਲ ਰਿਹਾ। ਹੁਣ ਉਹ ਨਵਾਂ ਮਾਡਲ ਲੈ ਕੇ ਆਏ ਹਨ।
ਉਨ੍ਹਾਂ ਕਿਹਾ ਕਿ ਨਵੇਂ ਮਾਡਲ ਪੇਸ਼ ਕਰਨ ਦੀ ਬਜਾਏ ‘ਆਪ’ ਨੂੰ ਕੰਮ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ‘ਤੇ ਇਸ਼ਤਿਹਾਰਾਂ ਦੀ ਬਜਾਏ ਜ਼ਮੀਨੀ ਪੱਧਰ ‘ਤੇ ਦਿਖਾਈ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੀ ‘ਆਪ’ ਸਰਕਾਰ ਅਖੌਤੀ ਦਿੱਲੀ ਮਾਡਲ ਦੀ ਵਡਿਆਈ ਕਰਦੀ ਰਹੀ ਹੈ ਅਤੇ ਇਸ ਨੂੰ ਪੰਜਾਬ ‘ਚ ਲਾਗੂ ਕਰਨ ‘ਤੇ ਅੜੀ ਹੋਈ ਸੀ। ਕਿਉਂਕਿ ਦਿੱਲੀ ਦੇ ਵੋਟਰਾਂ ਨੇ ‘ਆਪ’ ਦੇ ਦਿੱਲੀ ਮਾਡਲ ਨੂੰ ਨਕਾਰ ਦਿੱਤਾ ਹੈ, ਹੁਣ ਇਹ ਇੰਨਾ ਹਾਸੋਹੀਣਾ ਜਾਪਦਾ ਹੈ ਕਿ ‘ਆਪ’ ਸੁਪਰੀਮੋ ਪੰਜਾਬ ਮਾਡਲ ਦੀ ਮਹਿਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਅਸਲ ਵਿੱਚ ਹੈ ਹੀ ਨਹੀਂ। ਬਾਜਵਾ ਨੇ ਕਿਹਾ ਕਿ ‘ਆਪ’ ਹੁਣ ਝੂਠ ਦੀ ਇੱਕ ਹੋਰ ਗਾਥਾ ਲੈ ਕੇ ਆਈ ਹੈ, ਜਿਸ ਨੂੰ ਉਨ੍ਹਾਂ ਨੇ ਪੰਜਾਬ ਮਾਡਲ ਨਾਂ ਦਿੱਤਾ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਨਕਲੀ ਦਿੱਲੀ ਮਾਡਲ ਲਾਗੂ ਕਰਨ ਲਈ ਸੂਬੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਦਿੱਲੀ ਦੀ ਗ਼ਲਤ ਆਬਕਾਰੀ ਨੀਤੀ ਨੂੰ ਲਾਗੂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਜਿਸ ਦੀ ਕਥਿਤ ਘੁਟਾਲਿਆਂ ਲਈ ਜਾਂਚ ਕੀਤੀ ਜਾ ਰਹੀ ਸੀ। ਹੁਣ ਤਿੰਨ ਸਾਲ ਸੱਤਾ ‘ਚ ਰਹਿਣ ਤੋਂ ਬਾਅਦ ‘ਆਪ’ ਪੰਜਾਬ ਮਾਡਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ।
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ, ਆਰਥਿਕਤਾ ਨੂੰ ਸੁਚਾਰੂ ਬਣਾਉਣ, ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ, ਰੁਜ਼ਗਾਰ ਪੈਦਾ ਕਰਨ, ਕਿਸਾਨਾਂ ਨਾਲ ਵਾਅਦੇ ਪੂਰੇ ਕਰਨ, ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਅਤੇ ਮਾਈਨਿੰਗ ਤੋਂ ਮਾਲੀਆ ਇਕੱਠਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਹ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਦਾ ਬਚਾਅ ਕਰਨ ਵਿੱਚ ਅਸਮਰਥ ਰਹੀ।
ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੀ ਗੈਰ ਕਾਨੂੰਨੀ ਮਾਇਨਿੰਗ ਖ਼ਤਮ ਕਰਨ ਦੀ ਵਚਨਬੱਧਤਾ ਦੇ ਬਾਵਜੂਦ ਸੂਬੇ ‘ਚ ਗੈਰ-ਕਾਨੂੰਨੀ ਮਾਈਨਿੰਗ ਜ਼ੋਰਾਂ ‘ਤੇ ਹੈ। ਇਹ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਦਾਨ ਕਰਨ ਵਿੱਚ ਵੀ ਅਸਫਲ ਰਹੇ। ‘ਆਪ’ ਦੀ ਸਰਕਾਰ ਵੇਲੇ ਪੰਜਾਬ ਦੇ ਕਾਰੋਬਾਰੀ ਦੂਜੇ ਸੂਬਿਆਂ ਵਿੱਚ ਚਲੇ ਗਏ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ‘ਆਪ’ ਦੀ ਕਾਰਗੁਜ਼ਾਰੀ ਇਹੀ ਰਹੀ ਹੈ। ਕੀ ਇਸ ਨੂੰ ਪੰਜਾਬ ਮਾਡਲ ਕਿਹਾ ਜਾ ਸਕਦਾ ਹੈ, ਜਿਸ ਨੂੰ ਆਪ ਦਾ ਪੂਰੇ ਦੇਸ਼ ਵਿੱਚ ਉਤਸ਼ਾਹਿਤ ਕਰਨ ਦਾ ਇਰਾਦਾ ਹੈ? ਬਾਜਵਾ ਨੇ ਕਿਹਾ ਕਿ ਇਸ ਦਾ ਵੀ ਉਹੀ ਹਾਲ ਹੋਵੇਗਾ ਜੋ ਦਿੱਲੀ ਮਾਡਲ ਦਾ ਹਾਲ ਹੋਇਆ ਹੈ।