ਗੁਰਦਾਸਪੁਰ, 12 ਫਰਵਰੀ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਐਨ.ਆਰ.ਆਈ. ਵਿੰਗ, ਐੱਸ.ਏ.ਐੱਸ. ਨਗਰ ਵੱਲੋਂ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਨੂੰ ਸ਼ਿਕੰਜਾ ਪਾਉਣ ਲਈ, ਇੱਕ ਮੁਹਿਮ ਸ਼ੁਰੂ ਕੀਤੀ ਗਈ ਹੈ। ਗੈਰ-ਕਾਨੂੰਨੀ ਟਰੈਵਲ ਏਜੰਟ ਜੋ ਭੋਲੇ-ਭਾਲੇ ਲੋਕਾਂ ਨੂੰ ਬਾਹਰਲੇ ਮੁਲਕ ਵਿੱਚ ਭੇਜਣ ਦਾ ਝਾਂਸਾ ਦੇ ਕੇ ਦੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ, ਇਸ ਮੁਹਿੰਮ ਤਹਿਤ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਮੁਕੱਦਮੇ ਦਰਜ ਕਰਨ ਦੀ ਮੁਹਿੰਮ ਚੱਲ ਰਹੀ ਹੈ। ਜਿਸ ਸੰਬੰਧੀ ਕਾਫੀ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ।
ਜਿਸ ਦੇ ਚੱਲਦੇ ਸ੍ਰੀ ਜਗਜੀਤ ਸਿੰਘ ਵਾਲੀਆ, ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐੱਨ.ਆਰ.ਆਈ. ਵਿੰਗ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਅੱਜ ਥਾਣਾ ਐੱਨ.ਆਰ.ਆਈ. ਗੁਰਦਾਸਪੁਰ ਦੇ ਮੁੱਖ ਅਫਸਰ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਮੁਕੱਦਮਾ ਨੰਬਰ 34 ਮਿਤੀ 06-10-2024 ਜ਼ੁਰਮ 406, 420, 465, 468, 471, 34 ਆਈਪੀਸੀ ਅਤੇ 24 ਇਮੀਗ੍ਰੇਸ਼ਨ ਐਕਟ 1983 ਥਾਣਾ ਐਨ.ਆਰ.ਆਈ. ਗੁਰਦਾਸਪੁਰ ਵਿਖੇ ਟ੍ਰੈਵਲ ਏਜੰਟਾਂ ਵਿੱਚੋਂ ਇੱਕ ਟ੍ਰੈਵਲ ਏਜੰਟ, ਸੂਰਜ ਸਠਿਆਲੀ ਪੁੱਤਰ ਮਨੋਹਰ ਲਾਲ ਵਾਸੀ ਸਠਿਆਲੀ ਜ਼ਿਲ੍ਹਾ ਗੁਰਦਾਸਪੁਰ ਨੂੰ ਖੁਫ਼ੀਆ ਸੋਰਸ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਟ੍ਰੈਵਲ ਏਜੰਟ ਵੱਲੋਂ ਕ੍ਰਿਪਾ ਓਵਰਸੀਜ਼ ਦੇ ਨਾਮ ਦਾ ਗੈਰਕਾਨੂੰਨੀ ਢੰਗ ਨਾਲ ਦਫ਼ਤਰ ਧਾਰੀਵਾਲ ਵਿਖੇ ਖੋਲਿਆ ਸੀ ਅਤੇ ਵਿਦੇਸ਼ ਰਸ਼ੀਆ ਦੇ ਜਾਅਲੀ ਵੀਜੇ ਲਗਾਉਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਦਾ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।