Close

Recent Posts

ਮੁੱਖ ਖ਼ਬਰ

ਵਿਸ਼ਵ ਦਾਲਾਂ ਦਿਵਸ ਮੌਕੇ ਖੇਤੀਬਾੜੀ ਵਿਭਾਗ ਨੇ ਪਿੰਡ ਸਹਾਰੀ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਵਿਸ਼ਵ ਦਾਲਾਂ ਦਿਵਸ ਮੌਕੇ ਖੇਤੀਬਾੜੀ ਵਿਭਾਗ ਨੇ ਪਿੰਡ ਸਹਾਰੀ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ
  • PublishedFebruary 10, 2025

ਖੇਤੀਬਾਵੀ ਮਾਹਿਰਾਂ ਨੇ ਕਿਸਾਨਾਂ ਨਾਲ ਦਾਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ

ਗੁਰਦਾਸਪੁਰ, 10 ਫਰਵਰੀ  (ਦੀ ਪੰਜਾਬ ਵਾਇਰ)– ਵਿਸ਼ਵ ਦਾਲਾਂ ਦਿਵਸ ਹਰ ਸਾਲ 10 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਸੰਯੁਕਤ ਰਾਸ਼ਟਰ ਦਾ ਇੱਕ ਮਹੱਤਵਪੂਰਨ ਸਮਾਗਮ ਹੈ ਜੋ ਮਨੁੱਖੀ ਸਿਹਤ ਲਈ ਦਾਲਾਂ ਦੀ ਮਹੱਤਤਾ ਨੂੰ ਮਾਨਤਾ ਦਿੰਦਾ ਹੈ। ਇਸ ਦਿਨ ਨੂੰ  ਮਨਾਉਣ ਦਾ ਮੁੱਖ ਉਦੇਸ਼ ਦਾਲਾਂ ਦੇ ਪੌਸ਼ਟਿਕ ਅਤੇ ਵਾਤਾਵਰਣ ਸੰਬੰਧੀ ਲਾਭਾਂ ਬਾਰੇ ਆਮ ਨਾਗਰਿਕਾਂ ਅਤੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਵਾਰ ਮਨਾਏ ਗਏ ਵਿਸ਼ਵ ਦਾਲਾਂ ਦਿਵਸ  ਦਾ ਵਿਸ਼ਾ ਸੀ “ਦਾਲਾਂ: ਖੇਤੀਬਾੜੀ ਭੋਜਨ ਪ੍ਰਣਾਲੀਆਂ ਵਿੱਚ ਵਿਭਿੰਨਤਾ ਲਿਆਉਣਾ”।

ਵਿਸ਼ਵ ਦਾਲਾਂ ਦਿਵਸ ਮੌਕੇ  ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਬਲਾਕ ਧਾਰੀਵਾਲ ਦੇ ਪਿੰਡ ਸਹਾਰੀ ਵਿਖੇ ਡਾ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ ਰਸ਼ਪਾਲ ਸਿੰਘ ਬੰਡਾਲਾ ਦੀ ਅਗਵਾਈ ਹੇਠ ਯੰਗ ਇਨੋਵੇਟਿਵ ਪ੍ਰੋਗਰੈਸਿਵ ਫਾਰਮਰਜ਼ ਗਰੁੱਪ ਦੇ ਸਹਿਯੋਗ ਨਾਲ ਲਗਾਇਆ ਗਿਆ।  ਇਸ ਕੈਂਪ ਵਿੱਚ ਡਾ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ,  ਇਸ ਮੌਕੇ ਪਿੰਡ ਸਹਾਰੀ ਦੇ ਸਰਪੰਚ ਸ ਗੁਰਸ਼ਰਨ ਸਿੰਘ, ਪਲਵਿੰਦਰ ਸਿੰਘ ਸਹਾਰੀ , ਮੱਖਣ ਸਿੰਘ ਬਾਂਗੋਵਾਣੀ ਤੋਂ  ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਜੀ ਨੇ ਕਿਹਾ ਕਿ  ਵਿਸ਼ਵ ਵਿਆਪੀ ਭੋਜਨ ਸੁਰੱਖਿਆ ਨੂੰ ਵਧਾਉਣ, ਮਿੱਟੀ ਦੀ ਸਿਹਤ ਦਾ ਨਿਰਮਾਣ ਕਰਨ , ਖੇਤੀਬਾੜੀ ਪ੍ਰਣਾਲੀਆਂ ਨੂੰ ਵਿਭਿੰਨਤਾ ਲਿਆਉਣ , ਟਿਕਾਊ ਵਿਕਾਸ, 2030 ਏਜੰਡੇ ਨੂੰ ਪ੍ਰਾਪਤ ਕਰਨ , ਕੁਪੋਸ਼ਣ ਅਤੇ ਭੁੱਖਮਰੀ ਨੂੰ ਘਟਾਉਣ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ  ਪੰਜਾਬ ਵਿੱਚ ਝੋਨੇ ਦੀ ਲਵਾਈ ਤੋਂ ਪਹਿਲਾ ਜਾਂ ਆਲੂਆਂ ਦੀ ਪੁਟਾਈ ਅਤੇ ਗੰਨੇ ਦੀ ਕਟਾਈ ਉਪਰੰਤ  ਗਰਮੀ ਰੁੱਤ ਦੇ ਮਾਂਹ ਅਤੇ ਮੂੰਗੀ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਾਧੂ ਆਮਦਨ ਹੋਣ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਚਰਬੀ ਘੱਟ ਹੁੰਦੀ ਹੈ ਅਤੇ ਇਹ ਘੁਲ਼ਨਸ਼ੀਲ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ ਜੋ ਸ਼ਾਕਾਹਾਰੀ ਵਿਅਕਤੀਆਂ ਲਈ ਪ੍ਰੋਟੀਨ ਦਾ ਮੁੱਖ ਸਰੋਤ ਹੈ।  ਉਨ੍ਹਾਂ ਕਿਹਾ ਕਿ ਭਾਰਤ ਵਿਚ ਦਾਲਾਂ ਦੀ ਖਪਤ 80 ਗਰਾਮ ਪ੍ਰਤੀ ਵਿਅਕਤੀ ਦੇ ਮੁਕਾਬਲੇ 42 ਗਰਾਮ ਪ੍ਰਤੀ ਵਿਅਕਤੀ ਹੀ ਹੈ ਜਿਸ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਕੁਝ ਰਕਬੇ ਵਿੱਚ ਹਾੜ੍ਹੀ ਅਤੇ ਸਾਉਣੀ ਰੁੱਤੇ ਦਾਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਦੇ ਪ੍ਰਬੰਧਨ ਲਈ ਦਾਲਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਦਾਲਾਂ ਸਭ ਤੋਂ ਵੱਧ ਜਲਵਾਯੂ-ਅਨੁਕੂਲ ਭੋਜਨਾਂ ਵਿੱਚੋਂ ਇੱਕ ਹਨ ਅਤੇ ਇਹ ਪ੍ਰੋਟੀਨ ਦਾ ਬਿਹਤਰੀਨ ਅਤੇ ਸਸਤਾ ਸਰੋਤ ਹੈ। ਉਨ੍ਹਾਂ ਕਿਹਾ ਕਿ ਗਰਮੀ ਰੁੱਤ ਦੇ ਮਾਂਹ  ਦੀ ਕਾਸ਼ਤ ਲਈ 20 ਕਿੱਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਜਦ ਆਮ ਕਰਕੇ ਕਿਸਾਨਾਂ ਵੱਲੋਂ 10-15 ਕਿੱਲੋ ਬੀਜ ਹੀ ਵਰਤਿਆ ਜਾਂਦਾ ਹੈ ਜਿਸ ਨਾਲ ਪ੍ਰਤੀ ਏਕੜ ਪੈਦਾਵਾਰ ਘੱਟ ਮਿਲਦੀ ਹੈ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਧਾਰੀਵਾਲ ਡਾ ਰਸ਼ਪਾਲ ਸਿੰਘ ਬੰਡਾਲਾ ਜੀ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਹਿਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਗਤੀਵਿਧੀਆਂ ਬਾਰੇ, ਡਾ ਗਾਇਤਰੀ ਸ਼ਰਮਾ ਜੀ ਵੱਲੋਂ ਮਿੱਟੀ ਪਰਖ ਬਾਰੇ, ਸਰਕਲ ਇੰਚਾਰਜ ਅਰਜਿੰਦਰ ਸਿੰਘ ਵੱਲੋਂ ਕਣਕ ਦੀ ਫਸਲ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਡਾ ਯਾਦਵਿੰਦਰ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਡਾ ਜਤਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਧਾਰੀਵਾਲ, ਖੇਤੀਬਾੜੀ ਵਿਸਥਾਰ ਅਫ਼ਸਰ ਗੁਰਮੀਤ ਸਿੰਘ,  ਵਿਕਰਮ ਦਿਆਲ ਸਿੰਘ, ਕਮਲਪ੍ਰੀਤ ਸਿੰਘ, ਅਕਾਸ਼ਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ, ਦਿਲਬਾਗ ਸਿੰਘ ਬੀਟੀਐਮ, ਸਤਨਾਮ ਸਿੰਘ, ਜੁਗਰਾਜ ਸਿੰਘ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।

Written By
The Punjab Wire