ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵੀ ਅਣਮੈਰਿਡ ਦੱਸ ਕੇ ਆਪਣਾ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਔਰਤ ਨਾਮਜਦ
ਅਣਬਣ ਹੋਣ ਕਾਰਨ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਮੁਲਜ਼ਮ ਮਹਿਲਾ
ਗੁਰਦਾਸਪੁਰ, 29 ਜਨਵਰੀ (ਦੀ ਪੰਜਾਬ ਵਾਇਰ)—ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਵੀ ਅਣਮੈਰਿਡ ਦੱਸ ਕੇ ਆਪਣਾ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਔਰਤ ਦੇ ਪਤੀ ਅੰਕੁਰ ਬੈਂਸ ਪੁੱਤਰ ਅਸੋਕ ਕੁਮਾਰ ਵਾਸੀ ਸੈਕਟਰੀ ਮੁਹੱਲਾ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਸ਼ਾਦੀ ਸਾਲ 2021 ਨੂੰ ਦੀਪਿਕਾ ਪੁੱਤਰੀ ਧਰਮਪਾਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਜੇਲ੍ਹ ਰੋਡ ਗੁਰਦਾਸਪੁਰ ਨਾਲ ਹੋਈ ਸੀ। ਵਿਆਹ ਤੋਂ ਜਲਦੀ ਬਾਅਦ ਦੋਹਾਂ ਵਿੱਚ ਅਣਬਣ ਹੋਣ ਕਰਕੇ ਦੀਪਿਕਾ ਆਪਣੇ ਪੇਕੇ ਘਰ ਚੱਲੀ ਗਈ ਅਤੇ ਉਥੇ ਰਹਿਣ ਲੱਗ ਪਈ। ਇਸੇ ਦੌਰਾਨ ਦੀਪਿਕਾ ਨੇ ਸ਼ਾਦੀਸ਼ੁਦਾ ਹੁੰਦੇ ਹੋਏ ਆਪਣੇ ਆਪ ਨੂੰ ਅਣਮੈਰਿਡ ਦੱਸ ਕੇ ਆਪਣਾ ਪਾਸਪੋਰਟ ਬਣਾਉਣ ਲਈ ਪਾਸਪੋਰਟ ਦਫਤਰ ਹੁਸ਼ਿਆਰਪੁਰ ਵਿਖੇ ਅਪਲਾਈ ਕਰਕੇ ਪਾਸਪੋਰਟ ਦਫਤਰ ਪਾਸੋਂ ਆਪਣਾ ਪਾਸਪੋਰਟ ਹਾਸਲ ਕੀਤਾ ਹੈ।
ਏ.ਐਸ.ਆਈ ਅਜੈ ਰਾਜਨ ਨੇ ਦੱਸਿਆ ਕਿ ਡੀ.ਐਸ.ਪੀ ਵੱਲੋਂ ਕੀਤੀ ਗਈ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਔਰਤ ਖਿਲਾਫ ਪਾਸਪੋਰਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਹਿਲਾ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।