ਗੁਰਦਾਸਪੁਰ, 27 ਜਨਵਰੀ 2025 (ਦੀ ਪੰਜਾਬ ਵਾਇਰ) । ਗੁਰਦਾਸਪੁਰ ਦੇ ਡਿਪਟੀ ਮੈਡਿਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ ਨੂੰ ਰਾਜ ਪੱਧਰੀ ਸਿਹਤ ਸੇਵਾਵਾਂ ਵਿੱਚ ਵਧੀਆ ਕੰਮ ਲਈ ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਸਨਮਾਨ ਨਾਲ ਨਵਾਜਿਆ ਗਿਆ। ਇਹ ਮਾਣ-ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਪੋਲੋ ਗ੍ਰਾਊਂਡ ਵਿਚ ਆਯੋਜਿਤ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ।
ਦੱਸਣਯੋਗ ਹੈ ਕਿ ਡਾ. ਮਹਾਜਨ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਨਾਲ ਪੰਜਾਬ ਵਿੱਚ ਵੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਯੋਗ ਬਣਾਉਣ ਵਿੱਚ ਵਧੀਆ ਯੋਗਦਾਨ ਪਾਇਆ ਹੈ। ਉਹਨਾਂ ਦੇ ਨੇਤ੍ਰਤਵ ਹੇਠ ਜ਼ਿਲ੍ਹੇ ਨੇ ਕਈ ਸਿਹਤ ਮੁਹਿੰਮਾਂ ਵਿੱਚ ਸ਼ਾਨਦਾਰ ਸਫਲਤਾਵਾਂ ਹਾਸਲ ਕੀਤੀਆਂ, ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਇਆ।
ਪੁਰਸਕਾਰ ਮਿਲਣ ਮਗਰੋਂ ਡਾ. ਰੋਮੀ ਮਹਾਜਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਡਾ ਬਲਬੀਰ ਸਿੰਘ ਸਮੇਤ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਇੱਕ ਨਵਾਂ ਉਤਸ਼ਾਹ ਹੈ। ਉਸਦੇ ਨਾਲ ਹੁਣ ਉਹ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਹੋਰ ਜਿਆਦਾ ਵਧੀਆ ਬਣਾਉਣ ਲਈ ਦ੍ਰਿੜਤਾ ਨਾਲ ਕੰਮ ਕਰਦੇ ਰਹਿਣਗੇ।