ਪੁੱਡਾ ਦੇ ਖੇਤਰ ਵਿੱਚ 19 ਮਾਰਚ 2018 ਤੋਂ ਪਹਿਲਾਂ ਦੀਆਂ ਅਣਅਧਿਕਾਰਤ ਕਾਲੋਨੀਆਂ ਇਸ ਦਫਤਰ ਪਾਸ ਅਪਲਾਈਡ ਹਨ, ਉਹ ਕੋਲੋਨਾਈਜਰ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਊਂਦੇ ਹੋਏ ਤੁਰੰਤ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ – ਵਧੀਕ ਡਿਪਟੀ ਕਮਿਸ਼ਨਰ
ਲੋਕ ਕੇਵਲ ਅਧਿਕਾਰਤ ਕਾਲੋਨੀਆਂ ਵਿਚ ਹੀ ਪਲਾਟ ਖ਼ਰੀਦਣ ਅਤੇ ਪਲਾਟ ਖ਼ਰੀਦਣ ਤੋਂ ਪਹਿਲਾਂ ਕਾਲੋਨਾਈਜ਼ਰਾਂ ਕੋਲੋਂ ਕਾਲੋਨੀ ਅਪਰੂਵਡ/ ਰੈਗੂਲਰ ਹੋਣ ਦਾ ਲਾਇਸੰਸ ਜ਼ਰੂਰ ਚੈੱਕ ਕਰਨ
ਗੁਰਦਾਸਪੁਰ, 14 ਜਨਵਰੀ (ਦੀ ਪੰਜਾਬ ਵਾਇਰ ) – ਵਧੀਕ ਡਿਪਟੀ ਕਮਿਸ਼ਨਰ (ਜ) ਹਰਜਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਪੁੱਡਾ ਦੇ ਖੇਤਰ ਵਿੱਚ 19 ਮਾਰਚ 2018 ਤੋਂ ਪਹਿਲਾਂ ਦੀਆਂ ਜੋ ਵੀ ਅਣਅਧਿਕਾਰਤ ਕਾਲੋਨੀਆਂ ਇਸ ਦਫਤਰ ਪਾਸ ਅਪਲਾਈਡ ਹਨ, ਉਹ ਕੋਲੋਨਾਈਜਰ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਊਂਦੇ ਹੋਏ ਤੁਰੰਤ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਕਾਲੋਨੀ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਐਕਟ-1995 ਦੇ ਨਿਯਮਾਂ ਅਨੁਸਾਰ ਹੀ ਕੱਟੀ ਜਾ ਸਕਦੀ ਹੈ ਅਤੇ ਨਿਯਮਾਂ ਅਨੁਸਾਰ ਕਲੋਨਾਈਜ਼ਰ ਵੱਲੋਂ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਕਾਲੋਨੀ ਬਿਨਾਂ ਲਾਇਸੰਸ ਦੇ ਨਾ ਕੱਟੀ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਵਲ ਅਧਿਕਾਰਤ ਕਾਲੋਨੀਆਂ ਵਿਚ ਹੀ ਪਲਾਟ ਖ਼ਰੀਦਣ ਅਤੇ ਪਲਾਟ ਖ਼ਰੀਦਣ ਤੋਂ ਪਹਿਲਾਂ ਕਾਲੋਨਾਈਜ਼ਰਾਂ ਕੋਲੋਂ ਕਾਲੋਨੀ ਰੈਗੂਲਰ ਹੋਣ ਦਾ ਲਾਇਸੰਸ ਜ਼ਰੂਰ ਚੈੱਕ ਕਰਨ ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਲੋਨੀਆਂ ਵਿੱਚ ਘਰਾਂ ਦੀ ਉਸਾਰੀ ਕਰਨ ਤੋਂ ਪਹਿਲਾਂ ਸਮਰੱਥ ਅਧਿਕਾਰੀ ਵੱਲੋ ਨਕਸ਼ੇ ਪਹਿਲ ਦੇ ਅਧਾਰ ਤੇ ਪਾਸ ਕਰਵਾ ਲਏ ਜਾਣ ਤਾਂ ਜੋ ਉਹਨਾਂ ਨੂੰ ਕੋਈ ਲਿਟੀਗੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਿਸੇ ਵੀ ਮੰਤਵ ਦੀ ਬਿਲਡਿੰਗ ਦੀ ਉਸਾਰੀ ਕਰਨ ਤੋਂ ਪਹਿਲਾਂ ਸੀ.ਐੱਲ.ਯੂ ਤੇ ਨਕਸ਼ਾ ਪਾਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।