ਕਿਹਾ, ਪੰਜਾਬ ‘ਚ ਕੋਈ ਕੇਸ ਨਹੀਂ ਆਇਆ ਫਿਰ ਵੀ ਪ੍ਰਭਾਵਤ ਵਿਅਕਤੀਆਂ ਦੇ ਟੈਸਟ ਤੇ ਇਲਾਜ ਲਈ ਰਾਜ ‘ਚ ਪੁਖ਼ਤਾ ਇੰਤਜ਼ਾਮ
ਲੋਕ ਕਿਸੇ ਤਰ੍ਹਾਂ ਦਾ ਵਹਿਮ ਭਰਮ ਵੀ ਨਾ ਫੈਲਾਉਣ ਪਰ ਇਹਤਿਆਤ ਜਰੂਰ ਵਰਤਣ
ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ਦਾ ਦੌਰਾ, ਐਮਰਜੈਂਸੀ ਸੇਵਾ ਲਈ 50 ਬੈਡਾਂ ਤੇ 20 ਵੈਂਟੀਲੇਟਰਾਂ ਦੀ ਸਹੂਲਤ ਉਪਲਬੱਧ
ਪਟਿਆਲਾ, 8 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਉਭਰੇ ਹਿਉਮਨ ਮੈਟਾਨਿਉਮੋਵਾਇਰਸ (ਐਚ.ਐਮ.ਪੀ.ਵੀ) ਤੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ। ਸਿਹਤ ਮੰਤਰੀ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਹ ਵਾਇਰਸ ਤੋਂ ਸੰਭਾਵਤ ਪ੍ਰਭਾਵਤ ਵਿਅਕਤੀਆਂ ਦੇ ਇਲਾਜ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਵਾਇਰਸ ਦੀ ਟੈਸਟਿੰਗ ਸਹੂਲਤ ਰਾਜਿੰਦਰਾ ਹਸਪਤਾਲ ਸਮੇਤ ਪੂਰੇ ਪੰਜਾਬ ‘ਚ ਉਪਲਬੱਧ ਹੈ ਅਤੇ ਇੱਥੇ ਲਾਇਫ ਸਪੋਰਟ ਐਮਰਜੈਂਸੀ ਸਵਾਇਨ ਫਲੂ ਵਾਰਡ ਵਿੱਚ 20 ਬੈਡ ਤੇ 5 ਨੰਬਰ ਵਾਰਡ ‘ਚ 30 ਬੈਡਾਂ ਸਮੇਤ 20 ਵੈਂਟੀਲੇਟਰ ਤਿਆਰ ਹਨ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਐਚ.ਐਮ.ਪੀ. ਵਾਇਰਸ ਕਰੋਨਾ ਵਰਗਾ ਵਾਇਰਸ ਨਹੀਂ ਹੈ ਇਸ ਲਈ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ ਸਗੋਂ ਇਹ ਇੱਕ ਆਮ ਜੁਕਾਮ ਵਰਗਾ ਫਲੂ ਵਰਗਾ ਵਾਇਰਸ ਹੈ। ਉਨ੍ਹਾਂ ਕਿਹਾ ਕਿ ਇਹ ਮਾਮੂਲੀ ਜਿਹਾ ਬੁਖ਼ਾਰ ਤੇ ਖਾਂਸੀ ਜੁਕਾਮ ਕਰਦਾ ਹੈ, ਜੋ ਕਿ ਇੱਕ ਹਫ਼ਤੇ ‘ਚ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਅਤੇ ਇਸ ‘ਚ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਵਾਇਰਸ ਦੇ ਇਲਾਜ ਲਈ ਸਾਰੇ ਪੰਜਾਬ ਵਿੱਚ ਤਿਆਰੀਆਂ ਕੀਤੀਆਂ ਹੋਈਆਂ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਇਸ ਵਾਇਰਸ ਦਾ ਕੋਈ ਕੇਸ ਨਹੀਂ ਆਇਆ ਦੱਖਣੀ ਭਾਰਤ ‘ਚ ਕੋਈ ਕੇਸ ਆਇਆ ਹੈ ਇਸ ਦੇ ਬਾਵਜੂਦ ਭਾਰਤ ਸਰਕਾਰ, ਕੇਂਦਰੀ ਸਿਹਤ ਮੰਤਰਾਲੇ ਤੇ ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰਲੋਜੀ ਨਾਲ ਰਾਬਤਾ ਕੀਤਾ ਗਿਆ ਹੈ ਅਤੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨਾਲ ਵੀਡੀਓਕਾਨਫਰੰਸਿੰਗ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਉਹ ਖ਼ੁਦ ਸਵੇਰੇ-ਸ਼ਾਮ ਸਿਹਤ ਅਧਿਕਾਰੀਆਂ ਨਾਲ ਰਾਬਤਾ ਬਣਾ ਰਹੇ ਹਨ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਵਹਿਮ ਭਰਮ ਵਿੱਚ ਨਾ ਪੈਣ, ਨਾ ਹੀ ਕਿਸੇ ਅਫ਼ਵਾਹ ‘ਤੇ ਯਕੀਨ ਕਰਨ ਅਤੇ ਨਾ ਹੀ ਭਰਮ ਭੁਲੇਖੇ ਅੱਗੇ ਫੈਲਾਉਣ ਪਰੰਤੂ ਇਹਤਿਹਾਤ ਜਰੂਰ ਵਰਤੇ ਜਾਣ। ਸਿਹਤ ਮੰਤਰੀ ਨੇ ਕਿਹਾ ਕਿ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ ਵਾਲਿਆਂ ਨੂੰ ਵੈਸੇ ਵੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਭੀੜ-ਭਾੜ ਵਾਲੀਆਂ ਥਾਵਾਂ ‘ਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਜੁਕਾਮ ਹੈ ਤਾਂ ਉਹ ਨੱਕ ਮੂੰਹ ਢੱਕ ਕੇ ਰੱਖੇ ਤੇ ਹੱਥ ਧੋਹ ਕੇ ਹੀ ਨੱਕ ਨੂੰ ਲਗਾਵੇ।
ਡਾ. ਬਲਬੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਅਤੇ ਡਾ. ਆਰ.ਪੀ.ਐਸ. ਸਿਬੀਆ ਸਮੇਤ ਹੋਰ ਸਿਹਤ ਅਮਲੇ ਨਾਲ ਬੈਠਕ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕੌਂਸਲਰ ਜਸਬੀਰ ਸਿੰਘ ਗਾਂਧੀ ਵੀ ਮੌਜੂਦ ਸਨ।