ਗੁਰਦਾਸਪੁਰ ਪੰਜਾਬ

ਚੇਅਰਮੈਨ ਰਮਨ ਬਹਿਲ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ

ਚੇਅਰਮੈਨ ਰਮਨ ਬਹਿਲ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ
  • PublishedDecember 28, 2024

ਦਰਜ਼ਨ ਤੋਂ ਵੱਧ ਪਿੰਡਾਂ ਨੂੰ 50 ਲੱਖ ਰੁਪਏ ਦੀ ਗ੍ਰਾਂਟ ਵੰਡੀ

ਪੰਚਾਇਤੀ ਨੁਮਾਇੰਦੇ ਗ੍ਰਾਂਟ ਦੀ ਰਾਸ਼ੀ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਆਪਣੇ ਪਿੰਡਾਂ ਦੇ ਵਿਕਾਸ ਉੱਪਰ ਖਰਚ ਕਰਨ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 28 ਦਸੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਦਰਜ਼ਨ ਤੋਂ ਵੱਧ ਪਿੰਡਾਂ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਨਵੇਂ ਸਾਲ ਦਾ ਖ਼ੂਬਸੂਰਤ ਤੋਹਫ਼ਾ ਦਿੱਤਾ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ 50 ਲੱਖ ਰੁਪਏ ਦੀ ਇਹ ਗ੍ਰਾਂਟ ਹਲਕੇ ਦੇ ਪਿੰਡਾਂ ਪੰਧੇਰ, ਤਲਵੰਡੀ ਬਾਥੂਨਗਰ, ਨਵਾਂ ਪਿੰਡ ਸਰਦਾਰਾਂ, ਸ਼ੇਰਪੁਰ, ਖੋਖਰ, ਹਿਯਾਤ ਨਗਰ, ਰੋੜਾਂਵਾਲੀ, ਮੁਸਤਫ਼ਾਬਾਦ ਜੱਟਾਂ, ਗੋਹਤ ਪੋਕਰ, ਪੀਰਾਂ ਬਾਗ, ਮੁਕੰਦਪੁਰ, ਮੀਰਪੁਰ ਅਤੇ ਗਜ਼ਨੀਪੁਰ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵੰਡੀ ਗਈ।

ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਵਿਕਾਸ ਕਾਰਜਾਂ ਵਿੱਚ ਪੈਸੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਕਿਹਾ ਕਿ ਇਹ ਗ੍ਰਾਂਟ ਰਾਸ਼ੀ ਸੂਬੇ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ `ਚੋਂ ਇਕੱਤਰ ਕੀਤੇ ਗਏ ਟੈਕਸਾਂ ਦੀ ਰਾਸ਼ੀ ਹੈ ਅਤੇ ਇਸਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਆਪਣੇ ਪਿੰਡਾਂ ਦੇ ਵਿਕਾਸ ਉੱਪਰ ਖਰਚਿਆ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵਤਾ ਦਾ ਪੂਰਾ ਖਿਆਲ ਰੱਖਿਆ ਜਾਵੇ ਤਾਂ ਜੋ ਇਸਦਾ ਲਾਭ ਲੋਕਾਂ ਨੂੰ ਸਹੀ ਰੂਪ ਵਿੱਚ ਮਿਲ ਸਕੇ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰ ਵੇਲੇ ਵਿਕਾਸ ਕਾਰਜਾਂ ਦੀਆਂ ਗ੍ਰਾਂਟਾਂ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਹੋਈਆਂ ਸਨ ਜਿਸ ਕਾਰਨ ਵਿਕਾਸ ਕਾਰਜ ਸਹੀ ਢੰਗ ਨਾਲ ਨੇਪਰੇ ਨਹੀਂ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਆਗੂਆਂ ਦਾ ਮੁੱਖ ਟੀਚਾ ਸਿਰਫ਼ ਆਪਣਾ ਵਿਕਾਸ ਕਰਨਾ ਹੀ ਹੁੰਦਾ ਸੀ, ਏਹੀ ਕਾਰਨ ਹੈ ਕਿ ਸਾਡੇ ਪਿੰਡ ਤੇ ਸ਼ਹਿਰ ਵਿਕਾਸ ਪੱਖੋਂ ਪੱਛੜ ਗਏ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਲ 2022 ਵਿੱਚ ਵੱਡਾ ਬਦਲਾਅ ਲਿਆਉਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਜਿਸ ਵੱਲੋਂ ਸੂਬੇ ਵਿੱਚ ਨਵੀਂ ਵਿਕਾਸ ਕ੍ਰਾਂਤੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਆਪ ਸਰਕਾਰ ਵਿੱਚ ਕੋਈ ਵੀ ਪਿੰਡ ਤੇ ਸ਼ਹਿਰ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਹਨ ਅਤੇ ਨਵੇਂ ਸਾਲ ਵਿੱਚ ਰਹਿੰਦੇ ਪਿੰਡਾਂ ਨੂੰ ਵੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਸੁੱਚਾ ਸਿੰਘ ਮੁਲਤਾਨੀ ਅਤੇ ਵੱਖ-ਵੱਖ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ।

Written By
The Punjab Wire