ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਏ ਐਲਾਨੇ ਅਕਾਲੀ ਹੁਣ ਸਿਆਸਤ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹਨ – ਕੁਲਦੀਪ ਸਿੰਘ ਧਾਲੀਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਏ ਐਲਾਨੇ ਅਕਾਲੀ ਹੁਣ ਸਿਆਸਤ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹਨ – ਕੁਲਦੀਪ ਸਿੰਘ ਧਾਲੀਵਾਲ
  • PublishedDecember 3, 2024

ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਨੇ 15 ਸਾਲ ਪੰਜਾਬੀਆਂ ਨਾਲ ਝੂਠ ਬੋਲਿਆ

ਬਟਾਲਾ/ਗੁਰਦਾਸਪੁਰ, 3 ਦਸੰਬਰ 2024 (ਦੀ ਪੰਜਾਬ ਵਾਇਰ) । ਅੱਜ ਬਟਾਲਾ ਵਿਖੇ ਹੋਏ ਸਰਪੰਚਾਂ ਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਲੀਡਰਸ਼ਿਪ ਨੂੰ ਸੁਣਾਈ ਸਜ਼ਾ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸੂਬੇ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬੀਤੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਵੱਲੋਂ ਇਤਿਹਾਸਕ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੇ ਬੀਤੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣੇ ਸਾਰੇ ਗੁਨਾਹ ਕਬੂਲ ਲਏ ਹਨ, ਜਿਸ ਤੋਂ ਇਹ ਗੱਲ ਸਿੱਧ ਹੋ ਗਈ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਸਿੱਖ ਕੌਮ ਨਾਲ ਝੂਠ ਬੋਲ ਰਹੇ ਸਨ।

ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਜ਼ਿੰਦਾ ਇਨਸਾਨ ਨੂੰ ਫ਼ਖਰ-ਏ-ਕੌਮ ਦਾ ਐਵਾਰਡ ਦਿੱਤਾ ਗਿਆ ਸੀ ਅਤੇ ਬੀਤੇ ਕੱਲ੍ਹ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੁਜ਼ਰ ਚੁੱਕੇ ਇਨਸਾਨ ਕੋਲੋਂ ਅਜਿਹਾ ਸਨਮਾਨ ਵਾਪਸ ਲਿਆ ਹੋਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਤੇ ਪੰਥ ਨੂੰ ਜੋ ਆਪਣੀਆਂ ਨਿੱਜੀ ਤੇ ਸਿਆਸੀ ਲੋੜਾਂ ਲਈ ਵਰਤਿਆ ਗਿਆ ਹੈ, ਜਿਸਦੀ ਸਭ ਸਚਾਈ ਹੁਣ ਲੋਕਾਈ ਦੇ ਸਾਹਮਣੇ ਆ ਗਈ ਹੈ।

ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਏ ਐਲਾਨੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬਰਗਾੜੀ ਕਾਂਡ, ਬੇਅਦਬੀਆਂ ਅਤੇ ਹੋਰ ਗੁਨਾਹਾਂ ਬਾਰੇ ਜੋ 15 ਸਾਲ ਸੰਗਤ ਨਾਲ ਝੂਠ ਬੋਲੇ ਗਏ ਸਨ ਉਨ੍ਹਾਂ ਦਾ ਹੁਣ ਨਿਤਾਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਆਪਣੇ ਗੁਨਾਹ ਕਬੂਲ ਲੈਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ `ਤੇ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਸਮੁੱਚੀ ਸੰਗਤ ਖੁਸ਼ ਹੈ।

ਇਸ ਮੌਕੇ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੀ ਸ੍ਰੀ ਅਕਾਲ ਤਖਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਆਗੂ ਦੇ ਗੁਨਾਹਾਂ ਦਾ ਸੱਚ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਇਹ ਲੀਡਰਸ਼ਿਪ ਹੁਣ ਲੋਕਾਂ ਵਿਚ ਆਪਣਾ ਭਰੋਸਾ ਗਵਾ ਚੁੱਕੀ ਹੈ ਅਤੇ ਹੁਣ ਇਨ੍ਹਾਂ ਅਕਾਲੀਆਂ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਰਿਹਾ ਹੈ।

Written By
The Punjab Wire