ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਡੱਲਾ ਗੋਰੀਆਂ ਸੈਨਿਕ ਸਕੂਲ ਦੇ ਪ੍ਰੋਜੈਕਟ ਨੂੰ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ
ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਯਤਨ – ਜਗਰੂਪ ਸਿੰਘ ਸੇਖਵਾਂ
ਗੁਰਦਾਸਪੁਰ, 2 ਦਸੰਬਰ 2024 (ਦੀ ਪੰਜਾਬ ਵਾਇਰ )। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਿੰਡ ਡੱਲਾ ਗੋਰੀਆਂ ਵਿਖੇ ਮਨਜ਼ੂਰ ਹੋਏ ਸੈਨਿਕ ਸਕੂਲ ਨੂੰ ਜਲਦ ਖੋਲ੍ਹਣ ਦਾ ਮੁੱਦਾ ਸੂਬੇ ਦੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਮੰਤਰੀ ਸ੍ਰੀ ਮਹਿੰਦਰ ਭਗਤ ਕੋਲ ਚੁੱਕਿਆ ਹੈ। ਅੱਜ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨਾਲ ਮੁਲਾਕਾਤ ਕਰਕੇ ਐਡਵੋਕੇਟ ਜਗਰੂਪ ਸਿੰਘ ਨੇ ਕਿਹਾ ਕਿ ਸਾਲ 2010 ਵਿੱਚ ਜਦੋਂ ਉਨ੍ਹਾਂ ਦੇ ਪਿਤਾ ਸਵਰਗਵਾਸੀ ਜਥੇਦਾਰ ਸੇਵਾ ਸਿੰਘ ਸੇਖਵਾਂ ਰੱਖਿਆ ਸੇਵਾਵਾਂ ਵਿਭਾਗ ਦੇ ਮੰਤਰੀ ਸਨ ਉਦੋਂ ਉਨ੍ਹਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੱਲਾ ਗੋਰੀਆਂ ਵਿਖੇ ਸੈਨਿਕ ਸਕੂਲ ਮਨਜ਼ੂਰ ਕੀਤਾ ਗਿਆ ਸੀ। ਇਸ ਸਕੂਲ ਲਈ ਉਸ ਵੇਲੇ ਸਰਕਾਰ ਵੱਲੋਂ 40 ਏਕੜ ਜ਼ਮੀਨ ਐਕਵਾਇਰ ਕਰਨ ਦੇ ਨਾਲ 50 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਸੀ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਵੱਲੋਂ ਸੈਨਿਕ ਸਕੂਲ ਦੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਜਿਸ ਕਾਰਨ ਇਹ ਪ੍ਰੋਜੈਕਟ ਠੰਡੇ ਬਸਤੇ ਹੀ ਪਿਆ ਰਿਹਾ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਹਮੇਸ਼ਾਂ ਹੀ ਦੇਸ਼ ਦੀਆਂ ਰੱਖਿਆ ਸੇਨਾਵਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਦੇ ਰਹੇ ਹਨ ਅਤੇ ਜ਼ਿਲ੍ਹੇ ਦੇ ਨੌਜਵਾਨਾਂ ਲਈ ਸੈਨਿਕ ਸਕੂਲ ਦੀ ਬਹੁਤ ਲੋੜ ਹੈ।
ਚੇਅਰਮੈਨ ਸੇਖਵਾਂ ਨੇ ਕਿਹਾ ਕਿ ਸੈਨਿਕ ਸਕੂਲ ਲਈ 50 ਲੱਖ ਰੁਪਏ ਦੀ ਰਾਸ਼ੀ ਵੀ ਡਿਪਟੀ ਕਮਿਸ਼ਨਰ ਦੇ ਖਾਤੇ ਵਿੱਚ ਪਈ ਹੋਈ ਹੈ ਪਰ ਕੁਝ ਮਾਮੂਲੀ ਤਕਨੀਕੀ ਕਾਰਨਾਂ ਕਰਕੇ ਸੈਨਿਕ ਸਕੂਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਸ. ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਅੱਜ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਮੰਤਰੀ ਸ੍ਰੀ ਮਹਿੰਦਰ ਭਗਤ ਕੋਲ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸੈਨਿਕ ਸਕੂਲ ਦੇ ਪ੍ਰੋਜੈਕਟ ਵਿੱਚ ਜੋ ਵੀ ਤਕਨੀਕੀ ਅੜਚਨਾ ਹਨ ਉਨ੍ਹਾਂ ਨੂੰ ਦੂਰ ਕਰਕੇ ਜਲਦ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਵੇਗਾ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਸੁਪਨਿਆਂ ਦਾ ਪ੍ਰੋਜੈਕਟ ਸੀ ਅਤੇ ਉਹ ਚਾਹੁੰਦੇ ਸਨ ਕਿ ਸਾਡੇ ਇਲਾਕੇ ਦੇ ਨੌਜਵਾਨ ਸੈਨਿਕ ਸਕੂਲ ਤੋਂ ਪੜ੍ਹ ਕੇ ਸੁਰੱਖਿਆ ਸੈਨਾਵਾਂ ਵਿੱਚ ਭਰਤੀ ਹੋ ਕੇ ਜਿਥੇ ਰੁਜ਼ਗਾਰ ਹਾਸਲ ਕਰਨ ਓਥੇ ਨਾਲ ਹੀ ਦੇਸ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਦੀ ਲੋੜ ਅਤੇ ਆਪਣੇ ਪਿਤਾ ਜੀ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹਨ।