ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਵੱਲੋਂ ਜ਼ਿਲ੍ਹੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਆਗ਼ਾਜ਼

ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਵੱਲੋਂ ਜ਼ਿਲ੍ਹੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਆਗ਼ਾਜ਼
  • PublishedNovember 26, 2024

ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਵਾਸੀਆਂ ਨੂੰ ਸਰਵੇਖਣ ਕਰਨ ਵਾਲੇ ਕਰਮਚਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ

ਪਹਿਲੀ ਵਾਰ ਗਣਨਾ ਦੌਰਾਨ ਪਸ਼ੂ ਪਾਲਣ ਵਿੱਚ ਔਰਤਾਂ ਦੀ ਭੂਮਿਕਾ ਨੂੰ ਕੀਤਾ ਦਰਜ ਜਾਵੇਗਾ

16 ਵੱਖ-ਵੱਖ ਕਿਸਮਾਂ ਦੇ ਪਸ਼ੂਆਂ ਅਤੇ ਪੋਲਟਰੀ ਦੀ ਉਹਨਾਂ ਦੀਆਂ ਨਸਲਾਂ ਦੇ ਆਧਾਰ ‘ਤੇ ਕੀਤੀ ਜਾਵੇਗੀ ਗਿਣਤੀ

ਗੁਰਦਾਸਪੁਰ, 26 ਨਵੰਬਰ 2024 (ਦੀ ਪੰਜਾਬ ਵਾਇਰ)। ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵਲੋਂ ਅੱਜ ਜ਼ਿਲ੍ਹੇ ਗੁਰਦਾਸਪੁਰ ਵਿੱਚ 21ਵੀਂ ਪਸ਼ੂਧਨ ਗਣਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਜਸਪਿੰਦਰ ਸਿੰਘ, ਐਸ.ਡੀ.ਐਮ ਦੀਨਾਨਗਰ ਅਤੇ ਗੁਰਦਾਸਪੁਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ ਜਸਪ੍ਰੀਤ ਸਿੰਘ ਨਾਗਪਾਲ ਵੀ ਮੋਜੂਦ ਸਨ।

ਸਥਾਨਕ ਮਹੰਤ ਸ੍ਰੀ ਗੁਰੀਆ ਦਾਸ, ਧਰਤੀ ਨਾਥ ਮੱਠ, ਗਊਸ਼ਾਲਾ, ਬਟਾਲਾ ਰੋਡ, ਗੁਰਦਾਸਪੁਰ ਤੋਂ 21ਵੀਂ ਪਸ਼ੂਧਨ ਗਣਨਾ ਦੀ ਸ਼ੁਰੂਆਤ ਕਰਨ ਉਪੰਰਤ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਗਣਨਾ ਦੌਰਾਨ ਕੁੱਲ 16 ਵੱਖ-ਵੱਖ ਨਸਲਾਂ ਦੇ ਪਸ਼ੂਆਂ ਅਤੇ ਪੋਲਟਰੀ ਦੀ ਗਿਣਤੀ ਕੀਤੀ ਜਾਵੇਗੀ। ਪਹਿਲੀ ਵਾਰ ਗਣਨਾ ਵਿੱਚ ਪਸ਼ੂ ਪਾਲਣ ਕਿੱਤੇ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਵੀ ਦਰਜ ਕੀਤਾ ਜਾਵੇਗਾ।

2019 ਤੋਂ ਬਾਅਦ ਦੂਜੀ ਵਾਰ ਇਹ ਗਣਨਾ ਡਿਜ਼ੀਟਲ ਰੂਪ ਵਿੱਚ ਕਰਵਾਈ ਜਾਵੇਗੀ, ਜਿਸ ਵਿੱਚ ਪਸ਼ੂਧਨ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਸਮੇਤ ਡਾਟਾ ਇਕੱਠਾ ਕਰਨ ਲਈ ਮੋਬਾਇਲ ਐਪ ਦੀ ਵਰਤੋਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਵੇਖਣ ਕਰਨ ਵਾਲੇ ਕਰਮਚਾਰੀਆਂ ਨਾਲ ਸਹਿਯੋਗ ਕਰਨ ਤਾਂ ਜੋ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ।

ਉਹਨਾਂ ਦੱਸਿਆ ਕਿ ਇਸ ਵਿਆਪਕ ਖੇਤਰੀ ਸਰਵੇਖਣ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ 22 ਸੁਪਰਵਾਈਜ਼ਰ ਅਤੇ 111 ਗਿਣਤੀਕਾਰ ਤਾਇਨਾਤ ਕੀਤੇ ਗਏ ਹਨ।

ਇਹ ਗਿਣਤੀਕਾਰ ਲਗਭਗ ਜਿਲ੍ਹੇ ਦੇ 1225 ਪਿੰਡਾਂ ਅਤੇ 165 ਵਾਰਡਾਂ ਵਿੱਚ ਘਰਾਂ ਦਾ ਦੌਰਾ ਕਰਨਗੇ ਤਾਂ ਜੋ ਜਾਨਵਰਾਂ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਅਨੁਸਾਰ ਉਨ੍ਹਾਂ ਦੀ ਗਿਣਤੀ ਰਿਕਾਰਡ ਕੀਤੀ ਜਾ ਸਕੇ।

ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਦੀ ਵੀ ਉਨ੍ਹਾਂ ਦੀ ਨਸਲ ਦੇ ਆਧਾਰ ‘ਤੇ ਗਿਣਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪਹਿਲੀ ਵਾਰ ਗਊਸ਼ਾਲਾਵਾਂ ਵਿੱਚ ਪਸ਼ੂਆਂ ਅਤੇ ਖਾਨਾਬਦੋਸ਼ ਕਬੀਲਿਆਂ ਦੁਆਰਾ ਪਾਲੇ ਜਾ ਰਹੇ ਪਸ਼ੂਆਂ ਨੂੰ ਵੱਖਰੇ ਤੌਰ ‘ਤੇ ਗਿਣਿਆ ਜਾਵੇਗਾ।

ਇਸ ਗਣਨਾ ਦੌਰਾਨ ਪਸ਼ੂ ਪਾਲਣ ਖੇਤਰ ‘ਤੇ ਕਿਸਾਨਾਂ ਦੀ ਨਿਰਭਰਤਾ ਦੇ ਨਾਲ-ਨਾਲ ਪੋਲਟਰੀ ਤੇ ਪਸ਼ੂ ਪਾਲਣ ਦੇ ਔਜ਼ਾਰਾਂ ਬਾਰੇ ਅੰਕੜੇ ਵੀ ਇਕੱਤਰ ਕੀਤੇ ਜਾਣਗੇ। ਇਹ ਗਣਨਾ ਫ਼ਰਵਰੀ 2025 ਤੱਕ ਪੂਰੀ ਕੀਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਗਊਆਂ ਨੂੰ ਚਾਰਾ ਵੀ ਆਪਣੀ ਹੱਥੀਂ ਖਵਾਇਆ ਗਿਆ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ, ਡਾ ਜਸਪ੍ਰੀਤ ਸਿੰਘ ਨਾਗਪਾਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦੱਸਿਆ ਕਿ ਇਸ ਗਣਨਾ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਗਣਨਾ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਇਸ ਮੌਕੇ ਡਾ.ਹਰਪ੍ਰੀਤ ਸਿੰਘ ਢਿੱਲੋ ਏ.ਡੀ ਗੁਰਦਾਸਪੁਰ,ਡਾ.ਦਵਿੰਦਰ ਸਿੰਘ ਏ.ਡੀ.,ਡਾ.ਗੁਰਦੇਵ ਸਿੰਘ ਐਸ.ਵੀ.ਓ.,ਡਾ.ਜਸਵਿੰਦਰ ਸਿੰਘ ਐਸ.ਵੀ.ਓ., ਡਾ. ਕੁਨਾਲ ਮਲਪੋਤਰਾ ਨੋਡਲ ਅਫਸਰ,ਡਾ. ਮਹਿਕ ਮਹੰਤ ਵੀ.ੳ.ਗੁਰਦਾਸਪੁਰ ਨੇ  21ਵੀਂ ਪਸ਼ੂਧਨ ਗਣਨਾ ਉੱਪਰ ਆਨਲਾਇਨ ਡਾਟਾ ਫੀਡ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਪਿੰਦਰ ਸਿੰਘ ਡੀ.ਵੀ.ਆਈ., ਅਮਰਪ੍ਰੀਤ ਸਿੰਘ ਐਸ.ਵੀ.ਆਈ ਵੀ ਹਾਜਰ ਸਨ।

ਅਖੀਰ ਵਿਚ ਗਊਸ਼ਾਲਾ ਦੀ ਕਮੇਟੀ ਦੇ ਮੈਂਬਰ ਧਰਮਿੰਦਰ ਨਾਥ ਮਹੰਤ, ਰਜਨੀਸ਼ ਨਾਥ ਮਹੰਤ ਅਤੇ ਰਮੇਸ਼ਵਰ ਨਾਥ ਮਹੰਤ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਧੰਨਵਾਦ ਕੀਤਾ ਗਿਆ। 

Written By
The Punjab Wire